ਇੱਕ ਚੁੱਪ ਸੌੰ.ਸੁੱਖ -ਦੁੱਖ ?

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਹੁਣ ਤੱਕ ਇਹੋ ਹੀ ਸੁਣਦੇ ਆਇਆ ਕਿ ‘ ਇਕ ਚੁੱਪ ਸੌੰ ਸੁੱਖ ‘ ਇਹ ਲੋਕ ਤੱਥ ਹੈ । ਲੋਕ ਤੱਥ ਘਸ ਘਸ ਕੇ ਸਫਰ ਕਰਦੇ ਹਨ। ਸਮਾਂ ਬਦਲਣ ਨਾਲ ਕਈ ਲੋਕ ਤੱਥਾਂ ਦੇ ਅਰਥ ਹੀ ਬਦਲ ਜਾਂਦੇ ਹਨ। ਜਿਵੇਂ ਇਸ ਤੱਥ ਦੇ ਹੁਣ ਅਰਥ ਹੀ ਨਹੀਂ ਬਦਲੇ ਸਗੋਂ ਇਸਦੇ ਨਤੀਜੇ ਵੀ ਬਦਲ ਗਏ ਹਨ। ਜਦੋਂ ਤੁਸੀਂ ਗ਼ਲਤ ਨੀਤੀਆਂ ਨੂੰ ਚੁੱਪ ਕਰਕੇ ਮੰਨੀ ਜਾਵੋਗੇ ਤਾਂ ਇਕ ਦਿਨ ਉਹ ਨੀਤੀਵਾਨ ਤੁਹਾਡੇ ਸਿਰ ਚੜ੍ਹ ਕਿ ਬੈਠੇ ਗਾ ਤੇ ਮਨ ਆਈਆਂ ਕਰੇਗਾ। ਸਾਡੇ ਸੁਭਾਅ ਦੇ ਵਿੱਚ ਇਹ ਠਰੰਮਾਂ ਕਦ ਆਇਆ ਤੇ ਘਰ ਬਣਾ ਕੇ ਕਦ ਬਹਿ ਗਿਆ ? ਸਾਡੇ ਇਤਿਹਾਸਕਾਰਾਂ ਨੇ ਹੁਣ ਤੱਕ ਨਹੀਂ ਦੱਸਿਆ ।

ਅਸੀਂ ਗਾਂਧੀ ਦੇ ਤਿੰਨ ਬਾਂਦਰ ਕਦੋਂ ਬਣੇ ਜਾ ਬਣਾਏ ਗਏ ? ਇਹ ਦੋਸ਼ ਸਾਡੀ ਸਿੱਖਿਆ ਦੇ ਉਹਨਾਂ ਨੀਤੀਘਾੜਿਆ ਦਾ ਹੈ ਜਿਹਨਾਂ ਨੇ ਸਮਾਂ ਤੇ ਰੁੱਤ ਬਦਲਿਆ ਸਿੱਖਿਆ ਦੀਆਂ ਨੀਤੀਆਂ ਨੂੰ ਨਹੀਂ ਬਦਲਿਆ । ” ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣਾ ” ਦੇ ਜਜ਼ਬੇ ਨੂੰ ਅਸੀਂ ਸਮਝਿਆ ਹੀ ਨਹੀਂ । ਸੱਤਾਧਾਰੀਆਂ ਨੇ ਆਪਣੇ ਗੁਲਾਮਾਂ ਦੇ ਰਾਹੀਂ ਆਪਣੀ ਸੱਤਾ ਕਾਇਮ ਰੱਖਣ ਦੀਆਂ ਯੋਜਨਾਵਾਂ ਬਣਾਈਆਂ ਤੇ ਲਾਗੂ ਕੀਤੀਆਂ । ਆਪਣੇ ਗੁਲਾਮਾਂ ਦੇ ਲਗਾ ਕੇ ਫੀਤੀਆਂ। ਰਾਜਾਸ਼ਾਹੀ ਦੌਰ ਹੁਣ ਜਦੋਂ ਆ ਗਏ ਤਾਂ ਲੋਕਤੰਤਰ ਦੇ ਅਰਥ ਠੋਕਤੰਤਰ ਵਿੱਚ ਬਦਲ ਦਿੱਤੇ। ਦੇਸ਼ ਦੀ ਵੰਡ ਤੋਂ ਪਹਿਲਾਂ ਤੇ ਹੁਣ ਬਹੁਗਿਣਤੀ ”

ਹੱਥ ਚੱਕ ਲਫਟੈਣ ” ਦੀ ਸੰਤਾਨ ਸੱਤਾ ਉਤੇ ਕਾਬਜ਼ ਹੋ ਗਈ। ਗੋਰੇ ਫਰੰਗੀਆਂ ਨੂੰ ਸਮੁੰਦਰੋਂ ਪਾਰ ਤੋਰਨ ਵਾਲਿਆਂ ਦੀ ਸੰਤਾਨ ਦੁੱਖ ਦਰਦ ਤੇ ਸੰਤਾਪ ਭੋਗਣ ਜੋਗੀ ਰਹਿ ਗਈ। ਹੁਣ ਤੱਕ ਬਹੁਗਿਣਤੀ ਨਕਲੀ ਦੇਸ਼ ਭਗਤ ਬਣੇ ਮੌਕਪ੍ਰਸਤਾਂ ਨੇ ਸਰਕਾਰੀ ਸਹੂਲਤਾਂ ਭੋਗੀਆਂ। ਜਿਹੜੇ ਅਸਲੀ ਦੇਸ਼ ਭਗਤ ਸਨ..ਉਹ ਗੁੰਮ ਹੋ ਗਏ ਜਾਂ ਕਰ ਦਿੱਤੇ। ਕੌਮ ਤੇ ਦੇਸ਼ ਦੇ ਗਦਾਰ ਹੁਣ ਸੱਤਾ ਦਾ ਵਪਾਰ ਕਰਦੇ ਹਨ। ਸਿੱਖਿਆ ਦੀਆਂ ਗ਼ਲਤ ਨੀਤੀਆਂ ਨੇ ਸਾਨੂੰ ਝੂਠ ਦਾ ਇਤਿਹਾਸ ਪੜ੍ਹਨ ਲਈ ਮਜਬੂਰ ਕੀਤਾ । ਹੁਣ ਜਦੋਂ ਸਾਡੇ ਇਤਿਹਾਸ ਦੀਆਂ ਹੋਰਨਾਂ ਬਾਹਰੀ ਇਤਿਹਾਸਕਾਰਾਂ ਨੇ ਅੰਦਰਲੀਆਂ ਪਰਤਾਂ ਖੋਲ੍ਹੀਆਂ ਤਾਂ ਹੈਰਾਨ ਤੇ ਪ੍ਰੇਸ਼ਾਨ ਹੋਣ ਤੋਂ ਵੱਧ ਕੁੱਝ ਕਰ ਹੀ ਨਹੀਂ ਸਕੇ। ਜੋ ਸਿੱਖਿਆ ਰਾਹੀ ਪੜ੍ਹਾਇਆ ਜਾਂਦਾ ਰਿਹਾ, ਉਸਦਾ ਕਦੇ ਕਿਸੇ ਮੁਲੰਕਣ ਨਹੀਂ ਕੀਤਾ ।

ਉਪਰੋਂ ਆਇਆ ਹੁਕਮ ਥੱਲੇ ਆ ਕੇ ਲਾਗੂ ਹੁੰਦਾ ਹੈ। ਇਹਨਾਂ ਹੁਕਮਾਂ ਨੇ ਹੀ ਅੱਜ ਸਾਨੂੰ ਯੋਧਿਆਂ ਤੇ ਸੂਰਮਿਆਂ ਤੋਂ ਪਿਜਲ ਕਰ ਦਿੱਤਾ । ਅਸੀਂ ਸਰੀਰਕ ਨ ਮਾਨਸਿਕ ਅਪਾਹਜ ਬਣਾ ਦਿੱਤੇ ਗਏ ਜਾਂ ਬਣ ਗਏ ? ਅਰਥ ਇਕੋ ਹੀ ਹੈ। ਨਰਕ ਸਵਰਗ ਦੇ ਡਰਾਵਿਆਂ ਨੇ ਸਾਨੂੰ ਸ਼ੇਰ ਤੋਂ ਗਡੋਏ ਬਣਾਇਆ । ਅਸੀਂ ਗਡੋਇਆਂ ਦੀ ਜੂਨ ਭੋਗਣ ਦੇ ਆਦੀ ਬਣਾ ਦਿੱਤੇ। ਧਰਮ ਦੇ ਠੇਕੇਦਾਰ ਨੇ ਨਰਕ ਸਵਰਗ ਦਾ ਵਧੀਆ ਵਪਾਰ ਚਲਾਇਆ ਤੇ ਸਾਨੂੰ ਬਹੁਤ ਡਰਾਇਆ । ਸਵਰਗ ਵਿੱਚ ਜਾਣ ਦੇ ਰਸਤਿਆਂ ਨੂੰ ਪ੍ਰਚਾਰਿਆ.ਨਤੀਜਾ ਕੀ ਹੋਇਆ । ਸਵਰਗ ਦੀ ਭਾਲ ਵਿੱਚ ਤੁਰਿਆਂ ਸਦੀਆਂ ਤੇ ਯੁੱਗ ਬੀਤ ਗਏ। ਸਵਰਗ ਤਾਂ ਲੱਭਿਆ ਨਹੀਂ ਪਰ ਨਰਕ ਭੋਗਣ ਦੇ ਵਾਸੀ ਬਣ ਗਏ। ਵੋਟਤੰਤਰ ਰਾਹੀ ਲੁਟੇਰੇ ਚੁਣਦੇ ਰਹੇ ਤੇ ਲੋਕਤੰਤਰ ਦਾ ਜਾਪ ਤੇ ਕੀਰਤਨ ਕਰਦੇ ਤੇ ਕਰਵਾਉਂਦੇ ਰਹੇ। ਹੁਣ ਜਦ ਲੋਕਤੰਤਰ ਨੇ ਆਪਣਾ ਅਸਲੀ ਰੂਪ ਦਿਖਾਇਆ ਤਾਂ ਸਾਨੂੰ ਹਜੇ ਵੀ ਸਮਝ ਨਹੀਂ ਆਇਆ ।

ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ । ਡੰਗਰ ਤਾਂ ਡੰਗਰ ਹੀ ਹੁੰਦਾ ਤੇ ਰਹਿੰਦਾ ਹੈ। ਕਿਸੇ ਦਾ ਨਾਮ ਬਦਲਣ ਦੇ ਨਾਲ ਸੁਭਾਅ ਨਹੀਂ ਬਦਲਿਆ ਜਾ ਸਕਦਾ। ਬਸਤਰ ਬਦਲਣ ਦੀ ਹੋੜ ਨੇ ਸਾਨੂੰ ਖੂਬ ਮੂਰਖ ਬਣਾਇਆ ਹੈ ਪਰ ਹੱਕ ਤੇ ਸੱਚ ਉਤੇ ਕਿਵੇਂ ਪਹਿਰਾ ਦੇਣਾ ਸਿਖਾਉਣ ਦੇ ਨਾਲੋਂ ਸਵਰਗ ਵਿੱਚ ਕਿਵੇਂ ਜਾਣਾ ਹੈ ਹੀ ਸਿਖਾਇਆ ਹੈ। ਸਵਰਗ ਕਿਥੇ ਹੈ ? ਕਦੇ ਕਿਸੇ ਦੇਖਿਆ ? ਇਹ ਸਵਾਲ ਕਰਨ ਦੇ ਯੋਗ ਨਹੀਂ ਬਣਾਇਆ ਸਗੋਂ ਸਾਨੂੰ ਸਦਾ ਹੀ ਡਰਾਇਆ ਹੈ। ਅਸੀਂ ਡਰ ਦੀ ਜ਼ਿੰਦਗੀ ਜੀਣ ਲੱਗ ਪਏ ਹਾਂ । ਹੁਣ ਡਰ ਦਾ ਵਪਾਰ ਬਹੁਤ ਵੱਧ ਰਿਹਾ ਹੈ। ਇਸ ਡਰ ਨੇ ਸਾਨੂੰ ਇਕ ਚੁੱਪ ਸੌੰ ਸੁੱਖ ਦੇ ਅਰਥਾਂ ਵਿੱਚ ਉਲਝਾਈ ਰੱਖਿਆ । ਜਦ ਨੋਟਬੰਦੀ ਤੇ ਤਾਲਾਬੰਦੀ ਜਬਰੀ ਕੀਤੀ ਤਾਂ ਅਸੀਂ ਕੁੱਝ ਨਹੀਂ ਬੋਲੇ। ਜਦ ਪਤਾ ਹੈ ਕਿ ਸਭ ਗ਼ਲਤ ਹੋਇਆ ਹੈ ਤੇ ਹੋ ਰਿਹਾ?

ਹੁਣ ਹਰ ਹੁਕਮ ਜਬਰੀ ਠੋਸਿਆ ਜਾ ਰਿਹਾ ਹੈ ਤੇ ਅਸੀਂ ਅਪਾਹਜ ਬਣੇ ਘਰਾਂ ਦੇ ਵਿੱਚ ਸ਼ਬਦ ਜੁਗਾਲੀ ਕਰਦੇ ਹਾਂ ਪਰ ਸਿਰ ਤੋਂ ਕੰਮ ਨਹੀਂ ਲੈਦੇ। ਹੁਣ ਉਤਰੀ ਭਾਰਤ ਦੇ ਵਿੱਚ ਹਨੇਰਾ ਹੋਵੇਗਾ । ਬਿਜਲੀ ਬੰਦ ਤੇ ਜੀਵਨ ਠੱਪ। ਬਾਦਲ ਨੇ ਜਿਹੜੇ ਬਿਜਲੀ ਸਮਝੌਤੇ ਕੀਤੇ ਉਹਨਾਂ ਦਾ ਹੀ ਨਤੀਜਾ ਹੈ ਜੋ ਅਗਲੇ ਦਿਨੀਂ ਸਾਹਮਣੇ ਆਵੇਗਾ। ਬਿਜਲੀ ਦੇ ਸਰਕਾਰੀ ਅਦਾਰੇ ਬੰਦ ਕਰਕੇ ਨਿੱਜੀ ਬਣਾਏ ਤੇ ਆਪਣੇ ਮਹਿਲ ਉਸਾਰੇ। ਮਸਲਾ ਤੇ ਕਿਸਾਨ ਅੰਦੋਲਨ ਦਾ ਹੈ…ਜਿਹੜਾ ਭਗਵਿਆਂ ਦੇ ਹੰਕਾਰ ਦੇ ਰੱਥ ਦੇ ਮੂਹਰੇ ਅੜਿਆ ਖੜ੍ਹਾ ਹੈ। ਜਦ ਭਗਵਿਆਂ ਨੂੰ ਪਤਾ ਲੱਗ ਗਿਆ ਕਿ ਇਹ ਹੁਣ ਸਿੱਧੇ ਤਰੀਕੇ ਨਹੀਂ ਕੰਮ ਸੂਤ ਆਉਣਾ ਉਹਨਾਂ ਬਿਜਲੀ ਸੰਕਟ ਪੈਦਾ ਕਰ ਦਿੱਤਾ । ਹੁਣ ਕਿਉਂ ਨਹੀਂ ਪੰਜਾਬ ਨੂੰ ਕੈਲੀਫ਼ੋਰਨੀਆ ਬਣਾਉਣ ਵਾਲਾ ਬੋਲਦਾ ? ਕਿਸਾਨ ਤੇ ਮਜ਼ਦੂਰ ਇਕ ਕਿਉਂ ਨਹੀਂ ਹੋਇਆ ? ਕਿਸਾਨ ਅੰਦੋਲਨ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ? ਸੱਤਾ ਦੇ ਟਾਇਰ ਹੁਣ ਕਿਉਂ ਕੁਚਲਣ ਲੱਗੇ ਹਨ ?

ਸਾਡੀ ਚੁੱਪ ਦਾ ਹੀ ਨਤੀਜਾ ਹੈ। ਸਾਨੂੰ ਚੁੱਪ ਰੱਖਣ ਲਈ ਜਾਤਾਂ ..ਧਰਮਾਂ ਤੇ ਮੁਫਤ ਦੀਆਂ ਸਹੂਲਤਾਂ ਦੇ ਲਾਲਚ ਨੇ ਲਾਚਾਰ ਬਣਾ ਦਿੱਤਾ ਹੈ। …. ਸੁੱਖ ਦੇ ਲਾਲਚ ਨੇ ਸਾਨੂੰ ਮਾਨਸਿਕ ਅਪਾਹਜ ਬਣਾ ਦਿੱਤਾ ਹੈ। ਈਕ ਚੁੱਪ ਸੌੰ ਸੁੱਖ ਨਹੀਂ ਹੁੰਦੇ …ਸਗੋਂ ਸੌੰ ਦੁਖ ਹੁੰਦੇ ਹਨ। ਹੁਣ ਭਾਣਾ ਵੀ ਨਹੀਂ ਮੰਨਿਆ ਜਾ ਸਕਦਾ ! ਹੁਣ ਅਖਾਣਾਂ ਤੇ ਮੁਹਾਵਰਿਆਂ ਦੇ ਅਰਥ ਬਦਲਣ ਦੀ ਲੋੜ ਹੈ। ਕਦੋ ਤੱਕ ਸਵਰਗ ਦੇ ਲਾਰਿਆਂ ਦੇ ਚੱਕਰ ਵਿੱਚ ਫਸੇ ਰਹੋਗੇ। ਅੰਨ੍ਹੀ ਸ਼ਰਧੇ ਦੀਆਂ ਅੱਖਾਂ ਉਤੇ ਬੰਨ੍ਹਿਆ ਬਸਤਰ ਉਤਾਰੋ। ਜ਼ਿੰਦਗੀ ਦੇ ਅਰਥ ਬਦਲੋ.ਉਨ੍ਹਾਂ ਪ੍ਰੰਪਰਾਵਾਂ ਫੂਕ ਦਿਓ ਜਿਹਨਾਂ ਨੇ ਤੁਹਾਨੂੰ ਸੂਰਮਿਆਂ ਤੋਂ ਅਪਾਹਜ ਬਣਾਇਆ !

ਬੁੱਧ ਸਿੰਘ ਨੀਲੋੰ
94643 70823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ
Next articleਪੰਜਾਬੀਓ ! ਆਓ ਜ਼ਹਿਰ ਖਾਈਏ ?