* ਭਾਈ ਕਨੱਈਆ ਜੀ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਲੋੜ — ਡਾ: ਉਦੋਕੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੀ- ਬਲਾਕ, ਹਰੀ ਨਗਰ, ਨਵੀਂ ਦਿੱਲੀ-64 ਵਿਖੇ ਏ.ਐਸ.ਐਮ.ਸਿਨੇ ਡਰੀਮਜ ਪ੍ਰਾਈਵੇਟ ਲਿਮਟਿਡ ਵੱਲੋਂ ਸੇਵਾ ਦੇ ਪੁੰਜ ਭਾਈ ਕਨੱਈਆ ਜੀ ਬਾਰੇ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿੱਚ ਸਟੇਜ ਤੇ ਸੁਸ਼ੋਭਿਤ ਮਨਜੀਤ ਸਿੰਘ ਗੋਇਆ ਸਿੱਖ ਸਕਾਲਰ, ਡਾ: ਸੁਖਪ੍ਰੀਤ ਸਿੰਘ ਉਦੋਕੇ ਸਿੱਖ ਫਿਲਾਸਫਰ ਅਤੇ ਇਤਿਹਾਸਕਾਰ, ਪਰਮਜੀਤ ਸਿੰਘ ਰਾਣਾ ਸਾਬਕਾ ਚੇਅਰਮੈਨ ਧਰਮ ਪ੍ਰਚਾਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਗੋਨਿਆਣਾ ਮੰਡੀ (ਬਠਿੰਡਾ), ਸੰਤ ਜਗਜੀਤ ਸਿੰਘ ਜੀ ‘ਸੇਵਾਪੰਥੀ’ ਗੋਨਿਆਣਾ ਮੰਡੀ, ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਡੇਰਾ ਪਹਾੜਗੰਜ ਨਵੀਂ ਦਿੱਲੀ, ਡਾ: ਜਸਪਾਲ ਸਿੰਘ ਜੀ ਸਾਬਕਾ ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਨਜੀਤ ਸਿੰਘ ਜੀ.ਕੇ. ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ। ਕਰਮਜੀਤ ਸਿੰਘ ਅਤੇ ਤਰਵਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਬੁੱਕੇ ਦੇ ਕੇ ‘ਜੀ ਆਇਆਂ ਨੂੰ’ ਆਖਿਆ। ਪਰਮਜੀਤ ਸਿੰਘ ਜੀ ਨੇ ਸੈਮੀਨਾਰ ਦੀ ਭੂਮਿਕਾ ਬਾਰੇ ਚਾਨਣਾ ਪਾਇਆ, ਉਨ੍ਹਾਂ ਕਿਹਾ ਕਿ ਸੈਮੀਨਾਰ ਵਿੱਚ ਸੇਵਾ ਅਤੇ ਭਾਈ ਕਨੱਈਆ ਜੀ ਬਾਰੇ ਹੀ ਗੱਲ ਕੀਤੀ ਜਾਵੇਗੀ । ਡਾ: ਸੁਖਪ੍ਰੀਤ ਸਿੰਘ ਉਦੋਕੇ ਨੇ ਆਪਣੇ ਪ੍ਰਵਚਨ ਕਰਦਿਆਂ ਕਿਹਾ ਕਿ ਭਾਈ ਕਨੱਈਆ ਜੀ ਦੇ ਜੀਵਨ ਬਾਰੇ ਹਾਲੇ ਤੱਕ ਇੱਕ ਪੂਣੀ ਵੀ ਨਹੀਂ ਕੱਤੀ। ਸਾਨੂੰ ਕਨੱਈਆ ਸ਼ਬਦ ਦਾ ਹਾਲੇ ਸ਼ੁੱਧ ਉਚਾਰਨ ਹੀ ਨਹੀਂ ਕਰਨਾ ਆਇਆ। ਉਹਨਾਂ ਕਿਹਾ ਸੋਦਰਾ ਦੇ ਵਿੱਚ 100 ਘਰ ਸਨ, ਉਸ ਦੇ ਸੌ ਦਰਵਾਜ਼ੇ ਸਨ। ਭਾਈ ਕਨੱਈਆ ਜੀ ਜਦ ਗੁਰੂ ਤੇਗ਼ ਬਹਾਦਰ ਜੀ ਕੋਲ ਆਏ ਤਾਂ ਗੁਰੂ ਤੇਗ਼ ਬਹਾਦਰ ਜੀ ਨੇ ਭਾਈ ਕਨੱਈਆ ਜੀ ਨੂੰ ਪਾਣੀ ਦਾ ਘੜਾ ਭਰ ਕੇ ਲਿਆਉਣ ਲਈ ਕਿਹਾ। ਜਦ ਭਾਈ ਕਨੱਈਆ ਜੀ ਪਾਣੀ ਦਾ ਘੜਾ ਭਰ ਲਿਆਏ ਤਾਂ ਗੁਰੂ ਸਾਹਿਬ ਹੱਥ ਧੋ ਕੇ ਬਾਕੀ ਦਾ ਪਾਣੀ ਪੌਦਿਆਂ ਜਾਂ ਜਾਨਵਰਾਂ ਨੂੰ ਪਾ ਦਿੰਦੇ ਸਨ । ਉਹਨਾਂ ਕਿਹਾ ਕਿ ਭਾਈ ਕਨੱਈਆ ਜੀ ਨੇ ਜਿੰਨੀਆਂ ਵੀ ਧਰਮਸ਼ਾਲਾਵਾਂ ਕਾਇਮ ਕੀਤੀਆਂ, ਉਹਨਾਂ ਦੇ ਨਾਲ ਖੂਹ ਵੀ ਖੁਦਵਾਏ। ਉਹਨਾਂ ਅਰਦਾਸ, ਸੇਵਾ, ਬੁੱਤ ਪ੍ਰਸਤੀ, ਮਾਇਆ ਆਦਿ ਬਾਰੇ ਵਿਸਥਾਰ ਸਹਿਤ ਦੱਸਿਆ । ਡਾ: ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੀ ਵਿਰਾਸਤ ਅਮੀਰ ਹੈ, ਉਸ ਦਾ ਘੇਰਾ ਬਹੁਤ ਵੱਡਾ ਹੈ। ਸਾਡੀ ਵਿਰਾਸਤ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ। ਅੱਜ ਲੋੜ ਹੈ ਵਿਰਾਸਤ ਦੀ ਸਾਂਭ ਸੰਭਾਲ ਕਰਨ ਦੀ ਤੇ ਉਸ ਦਾ ਪ੍ਰਚਾਰ ਪ੍ਰਸਾਰ ਕਰਨ ਦੀ। ਉਹਨਾਂ ਗੁਰੂ ਨਾਨਕ ਦੇਵ ਜੀ, ਬਾਬਾ ਫ਼ਰੀਦ ਜੀ, ਭਗਤ ਕਬੀਰ ਜੀ ਦੇ ਪ੍ਰਮਾਣ ਦੇ ਕੇ ਭਾਈ ਕਨੱਈਆ ਜੀ ਬਾਰੇ ਦੱਸਿਆ । ਤਜਿੰਦਰ ਸਿੰਘ ਗੋਇਆ ਨੇ ਕਿਹਾ ਕਿ ਭਾਈ ਕਨੱਈਆ ਜੀ ਚਿੱਟੇ (ਸਫੈਦ) ਰੰਗ ਦੇ ਬਸਤਰ ਪਹਿਨਦੇ ਅਤੇ ਹੱਥ ਵਿੱਚ ਝੰਡਾ ਵੀ ਚਿੱਟਾ ਹੀ ਰੱਖਦੇ ਸਨ। ਚਿੱਟਾ ਨਿਸ਼ਾਨ ਸਾਹਿਬ ਝੁਲਾਉਂਦੇ ਹੀ ਉਹ ਸੇਵਾ ਕਰਦੇ ਸਨ। ਉਹਨਾਂ ਭਾਈ ਕਨੱਈਆ ਜੀ ਦੇ ਮੁਢਲੇ ਜੀਵਨ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਦੌਰਾਨ ਕੀਤੀ ਸੇਵਾ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ। ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਭਾਈ ਕਨੱਈਆ ਜੀ ਦਾ ਅਸਲ ਸੁਨੇਹਾ ਲੈ ਕੇ ਕੋਈ ਅੱਗੇ ਚੱਲ ਰਿਹਾ ਹੈ ਤਾਂ ਉਹ ਹੈ ‘ਖਾਲਸਾ ਏਡ’ । ਭਾਈ ਕਨੱਈਆ ਜੀ ਦਾ ਜਿਸ ਤਰੀਕੇ ਨਾਲ ਵਪਾਰ ਸੀ, ਉਸ ਦੇ ਮੁਕਾਬਲੇ ਅੰਡਾਨੀ- ਅੰਬਾਨੀ ਤਾਂ ਬਹੁਤ ਪਿੱਛੇ ਹਨ। ਸਾਨੂੰ ਆਪਣੀ ਵਿਰਾਸਤ ਨੂੰ ਅੱਜ ਸੁਰਜੀਤ ਕਰਨ ਦੀ ਲੋੜ ਹੈ। ਇਸ ਮੌਕੇ ਮਹੰਤ ਕਾਹਨ ਸਿੰਘ ਜੀ, ਮਨਜੀਤ ਸਿੰਘ ਜੀ.ਕੇ. ਨੇ ਵੀ ਆਪਣੇ ਵਿਚਾਰ ਰੱਖੇ। ਕਰਨੈਲ ਸਿੰਘ ਐੱਮ.ਏ. ਤੇ ਕਰਮਜੀਤ ਸਿੰਘ ਵੱਲੋਂ ਤਿਆਰ ਕੀਤੀ, ਸ੍ਰ: ਪ੍ਰਦੀਪ ਸਿੰਘ ਵੱਲੋਂ ਰਿਕਾਰਡ ਕੀਤੀ ਅਤੇ ਮਿਊਜ਼ਿਕ ਡਾਇਰੈਕਟਰ ਗੁਰਮੁਖ ਸਿੰਘ ਦੀ ਰਹਿਨੁਮਾਈ ਹੇਠ ਭਾਈ ਕਨੱਈਆ ਜੀ ਦੀ ਡਾਕੂਮੈਂਟਰੀ ਫਿਲਮ ਦਿਖਾਈ ਗਈ। ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਜੀ ‘ਟੀਟੂ’ ਦਿੱਲੀ ਵਾਲਿਆਂ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ।ਇਸ ਸੈਮੀਨਾਰ ਦਾ ਸਿੱਧਾ ਪ੍ਰਸਾਰਣ ਅਕਾਲ ਸਹਾਇ ਅਤੇ ਸਿੱਖੀ ਚੈਨਲ ਤੋਂ ਕੀਤਾ ਗਿਆ। ਸ੍ਰ: ਪਰਮਜੀਤ ਸਿੰਘ ਮੱਕੜ,ਸ੍ਰ: ਤਰਵਿੰਦਰਪਾਲ ਸਿੰਘ, ਸ੍ਰ: ਕਰਮਜੀਤ ਸਿੰਘ ਜੀ ਵੱਲੋਂ ਡਾ: ਸੁਖਪ੍ਰੀਤ ਸਿੰਘ ਉਦੋਕੇ, ਡਾ: ਜਸਪਾਲ ਸਿੰਘ, ਤਜਿੰਦਰ ਸਿੰਘ ਗੋਇਆ, ਪਰਮਜੀਤ ਸਿੰਘ ਰਾਣਾ, ਮਨਜੀਤ ਸਿੰਘ ਜੀ. ਕੇ., ਮਹੰਤ ਕਾਹਨ ਸਿੰਘ ਜੀ, ਮਹੰਤ ਮਹਿੰਦਰ ਸਿੰਘ ਜੀ, ਸੰਤ ਜਗਜੀਤ ਸਿੰਘ ਜੀ, ਭਾਈ ਹਰਵਿੰਦਰ ਸਿੰਘ ਟੀਟੁ, ਕਰਨੈਲ ਸਿੰਘ ਐੱਮ.ਏ. ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly