ਪੈਰਾਸ਼ੂਟ ਰਾਹੀਂ ਵੀ ਸੁਲਤਾਨਪੁਰ ਲੋਧੀ ਲਈ ਪਾਰਟੀ ਉਤਾਰ ਸਕਦੀ ਉਮੀਦਵਾਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਧਾਨ ਸਭਾ 2022 ਦੀਆਂ ਦੀਆਂ ਚੋਣਾਂ ਨੇੜੇ ਆਉਂਦੇ ਹੀ ਜਿੱਥੇ ਟਿਕਟ ਦੇ ਦਾਅਵੇਦਾਰਾਂ ਦੇ ਹਿਰਦੇ ਪਰਿਵਰਤਨ ਹੋ ਵੱਖ ਵੱਖ ਪਾਰਟੀਆਂ ਦੇ ਲੜ ਫੜੇ ਜਾ ਰਹੇ ਹਨ । ਉਥੇ ਹੀ ਅਕਾਲੀ ਦਲ ਦੀ ਟਿਕਟ ਲਈ ਹਲਕਾ ਸੁਲਤਾਨਪੁਰ ਲੋਧੀ ਵਿੱਚ ਇੱਕ ਅਨਾਰ ਦੋ ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ।ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ 2012 ਤੋਂ ਕਾਂਗਰਸ ਦੀ ਸੀਟ ਤੋਂ ਨਵਤੇਜ ਸਿੰਘ ਚੀਮਾ ਨੇ ਜਿੱਤ ਦਰਜ ਕਰਕੇ ਉਸ ਜਿੱਤ ਨੂੰ 2017 ਦੀ ਚੋਣਾਂ ਵਿੱਚ ਬਰਕਰਾਰ ਰੱਖਦੇ ਹੋਏ ਜਿੱਥੇ ਆਪਣੀ ਸਰਕਾਰ ਭਾਰੀ ਬਹੁਮਤ ਨਾਲ ਬਣਾ ਹਲਕੇ ਵਿੱਚ ਵਿਕਾਸ ਦੀ ਹਨੇਰੀ ਲਿਆਂਦੀ।
ਉਸ ਨੇ ਹਲਕਾ ਸੁਲਤਾਨਪੁਰ ਲੋਧੀ ਨੂੰ ਸੂਬੇ ਮੋਹਰਲੀ ਕਤਾਰ ਦੇ ਹਲਕਿਆਂ ਵਿੱਚ ਲਿਆ ਖੜ੍ਹਾ ਕੀਤਾ ਹੈ। ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਦਾ ਕੰਮ ਵੀ ਜੋਰਾ ਤੇ ਚੱਲ ਰਿਹਾ ਹੈ । ਇਸ ਵਿਕਾਸ ਦੀ ਵਿਰੋਧੀ ਧਿਰਾਂ ਵੀ ਦੱਬੀ ਜ਼ੁਬਾਨ ਵਿੱਚ ਭਰਪੂਰ ਸ਼ਲਾਘਾ ਕਰ ਰਹੀਆਂ ਹਨ। ਇਸ ਸਭ ਕੁਝ ਨੇ ਹਲਕਾ ਸੁਲਤਾਨਪੁਰ ਲੋਧੀ ਨੂੰ ਪੰਥਕ ਹਲਕਾ ਹੋਣ ਦੇ ਬਾਵਜੂਦ ਸ੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆ ਖੜ੍ਹਾ ਕੀਤਾ ਹੈ। ਡਾਕਟਰ ਉਪਿੰਦਰਜੀਤ ਕੌਰ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁੱਕੇ ਹਨ ਅਤੇ 2017 ਵਿਚ ਆਮ ਆਦਮੀ ਪਾਰਟੀ ਤੋਂ ਸੱਜਣ ਸਿੰਘ ਚੀਮਾ ਵੀ ਚੰਗੀਆਂ ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹੇ ਹਨ। ਸੱਜਣ ਸਿੰਘ ਚੀਮਾ ਹਾਰ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸਨ।
ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਧੜੇਬੰਦੀਆਂ ਦੇ ਚੱਲਦੇ ਸੱਜਣ ਸਿੰਘ ਚੀਮਾ ਨੇ ਦੁਬਾਰਾ ਆਮ ਆਦਮੀ ਦਾ ਪੱਲਾ ਫੜ ਘਰ ਵਾਪਸੀ ਕੀਤੀ ਹੈ ਅਤੇ ਇਸ ਸਮੇ ਆਪਣੇ ਹਲਕੇ ਵਿਚ ਪੂਰੇ ਸਰਗਰਮ ਹਨ। ਜੇਕਰ ਹੁਣ ਗੱਲ ਕਰਦੇ ਹਾਂ ਸ੍ਰੋਮਣੀ ਅਕਾਲੀ ਦਲ ਦੀ ਸੁਲਤਾਨਪੁਰ ਲੋਧੀ ਹਲਕੇ ਤੋਂ, ਤਾਂ ਨਿਧੱੜਕ ਤੇ ਟਕਸਾਲੀ ਅਕਾਲੀ ਆਗੂ ਦੋ ਹੀ ਰਹਿ ਗਏ ਹਨ । ਜਿਨ੍ਹਾਂ ਵਿੱਚੋ ਇਕ ਬੀਬੀ ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਅਤੇ ਦੂਸਰੇ ਐਸ ਜੀ ਪੀ ਸੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ, ਜੋ ਤਿੰਨ ਵਾਰ ਐਸ ਜੀ ਪੀ ਸੀ ਦੀਆਂ ਚੋਣਾਂ ਜਿੱਤ ਚੁੱਕੇ ਹਨ। ਹਲਕੇ ਵਿੱਚ ਡਾ ਉਪਿੰਦਰਜੀਤ ਕੌਰ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਦੋਵੇਂ ਆਪਣੀ ਆਪਣੀ ਟਿਕਟ ਦਾਅਵੇ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਚੁੱਕੇ ਹਨ।
ਟਿਕਟ ਲਈ ਦੋਵੇਂ ਦਾਅਵੇਦਾਰ ਆਪੋ ਆਪਣੀ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਹਾਈਕਮਾਂਡ ਡਾਕਟਰ ਉਪਿੰਦਰਜੀਤ ਕੌਰ ਜਾਂ ਉਹਨਾਂ ਦੇ ਪਰਿਵਾਰਕ ਮੈਬਰਾਂ ( ਇੰਜੀਨੀਅਰ ਸਵਰਨ ਸਿੰਘ, ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸ ਜੀ ਪੀ ਸੀ) ਨੂੰ ਕਿਸੇ ਵੀ ਤਰ੍ਹਾਂ ਦਰ ਕਿਨਾਰ ਕਰਕੇ ਢੀਂਡਸਾ ਗਰੁੱਪ ਨੂੰ ਬਲਛਾਲੀ ਨਹੀਂ ਕਰਨਾ ਚਾਹੁੰਦੀ। ਪਰੰਤੂ ਜੇਕਰ ਕਿਸੇ ਹਲਾਤਾਂ ਵਿੱਚ ਡਾਕਟਰ ਉਪਿੰਦਰ ਜੀਤ ਕੌਰ ਨੂੰ ਟਿਕਟ ਨਹੀਂ ਮਿਲਦੀ ਤਾਂ ਦੂਜੇ ਪਾਸੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਦੀ ਵਾਰੀ ਆ ਸਕਦੀ ਹੈ। ਕਿਉਂਕਿ ਬੀਬੀ ਜਗੀਰ ਕੌਰ ਦੀ ਸੱਜੀ ਬਾਂਹ ਮੰਨੇ ਜਾਂਦੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੀ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ।
ਜਰਨੈਲ ਸਿੰਘ ਡੋਗਰਾਵਾਲ ਸੁਲਤਾਨਪੁਰ ਲੋਧੀ ਹਲਕੇ ਵਿਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਆਮ ਲੋਕਾਂ ਦੇ ਕੰਮਕਾਰ ਵੀ ਕਰਵਾ ਰਹੇ ਹਨ । ਡਾਕਟਰ ਉਪਿੰਦਰਜੀਤ ਕੌਰ ਅਤੇ ਜਥੇਦਾਰ ਡੋਗਰਾਵਾਲ ਦੋਨੋ ਹੀ ਕੰਬੋਜ ਬਰਾਦਰੀ ਨਾਲ ਸੰਬੰਧਿਤ ਹਨ। ਸੁਲਤਾਨਪੁਰ ਲੋਧੀ ਵਿਚ 30 ਤੋਂ 40% ਦੇ ਕਰੀਬ ਵੋਟ ਕੰਬੋਜ ਬਰਾਦਰੀ ਦੀ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਕਈ ਸੀਨੀਅਰ ਅਕਾਲੀ ਲੀਡਰ ਵੀ ਆਪਣੇ ਆਪ ਤੇ ਆਸ ਲਗਾਈ ਬੈਠੇ ਹਨ । ਸੂਤਰਾਂ ਮੁਤਾਬਕ ਪੈਰਾਸ਼ੂਟ ਰਾਹੀਂ ਸੁਲਤਾਨਪੁਰ ਲੋਧੀ ਵਿਚ ਕੋਈ ਨਵਾਂ ਚਿਹਰਾ ਆਉਣ ਦੇ ਵੀ ਕਾਫੀ ਚਰਚੇ ਹੋ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly