(ਸਮਾਜ ਵੀਕਲੀ)
ਬੰਦ ਕਰ ਲਓ ਦਰਾਂ ਨੂੰ
ਖੋਲਿਓ ਨਾ ਬਾਰੀ
ਨਹੀਂ ਤਾਂ ਮੈਂ ਉੱਡ ਜਾਣਾ
ਮੁੜ ਨਾ ਆਖਿਓ
ਦੱਸਿਆ ਨੀ ਇੱਕ ਵਾਰੀ
ਇਹੀ ਕਿ ਮੈਂ ਉੱਡ ਜਾਣਾ ।
ਆਉਂਦੀ ਰੋਸ਼ਨੀ ਗੁਫਾ ‘ਚ
ਉਹਨੂੰ ਡੱਕ ਲਓ
ਤੋਲ ਕੁਫ਼ਰਾਂ ਨੂੰ
ਸੱਚ ਹੋਰ ਢਕ ਲਓ
ਟੁੱਟ ਜਾਣਾ ਬੇੜੀਆਂ ਨੇ
ਵਾਰੋ ਵਾਰੀ
ਤੇ ਫੇਰ ਮੈਂ ਉੱਡ ਜਾਣਾ ।
ਕਿਸੇ ਧੋਖੇ ਨਾਲ
ਸੁੱਟੋ ਨਵਾਂ ਜਾਲ ਕੋਈ
ਰਗ ਦੁੱਖ਼ਦੀ ਫ਼ੜੋ
ਚੱਲੋ ਚਾਲ ਕੋਈ
ਮੈਨੂੰ ਜ਼ਹਿਰ ਦਿਓ
ਜਾਂ ਸੂਲ਼ੀ ਚਾੜ੍ਹੋ
ਨਹੀਂ ਮੈਂ ਮੂਹਰੇ ਡਟ ਜਾਣਾ ।
ਬੜਾ ਸਹਿ ਲਿਆ
ਸਬਰ ਮੇਰਾ ਟੁੱਟਿਆ
ਮਜਬੂਰ ਸੀ ਮੈਂ
ਤਾਂ ਹੀ ਗਿਆ ਲੁੱਟਿਆ
ਜਾਣਾ ਸਾਂਭਿਆ ਨੀ
ਪੈ ਗਿਆ ਜੇ ਭਾਰੀ
ਮੈਂ ਮੁੜ ਹੱਥ ਨਹੀਂ ਆਉਣਾ ।
ਝੂਠਾ ਵਹੀ ਖਾਤਾ
ਹੁਣ ਨਹੀਂ ਜੇ ਚੱਲਣਾ
ਮੁੱਲ ਮਿਹਨਤਾਂ ਦਾ
ਲੈ ਕੇ ਹੀ ਮੰਨਣਾ
ਭਾਵੇਂ ਮਾੜਾ ਸਹੀ
ਮੈਨੂੰ ਵੀ ਸਤਿਕਾਰੋ
ਤੁਹਾਡਾ ਮੇਰੇ ਬਿਨਾ ਨਹੀਂ ਸਰਨਾ ।
— ਬੌਬੀ ਗੁਰ ਪਰਵੀਨ