ਹੁਣ ਅਲਟਰਾਸਾਊਂਡ ਟੈਸਟ ਕਰਵਾਉਣ ਸਮੇਂ ਨਹੀਂ ਲੱਗੇਗੀ ਭੀੜ
ਫਰੀਦਕੋਟ/ਭਲੂਰ 26 ਜੁਲਾਈ (ਬੇਅੰਤ ਗਿੱਲ) ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਅਤੇ ਮੈਡੀਕਲ ਕਾਲਜ ਫਰੀਦਕੋਟ ਦੇ ਰੇਡੀਓਲੋਜੀ ਵਿਭਾਗ ਵਿੱਚ ਮਰੀਜਾਂ ਦੀ ਭਾਰੀ ਭੀੜ ਹੋਣ ਕਰਕੇ ਐਕਸ-ਰੇ ਅਤੇ ਅਲਟਰਾ ਸਾਊਂਡ ਦੇ ਟੈਸਟ ਕਰਵਾਉਣ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਇੱਕ ਨਵਾਂ ਅਲਟਰਾ ਸਾਊਂਡ ਯੂਨਿਟ ਬਣਾਉਣ ਅਤੇ ਮਰੀਜਾਂ ਦੇ ਬੈਠਣ ਲਈ ਉੱਚਿਤ ਪ੍ਰਬੰਧ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਵਿਚਾਰ ਵਟਾਂਦਰਾ ਕਰਨ ਉਪਰੰਤ ਹੁਣ ਇੱਕ ਨਵਾਂ 03 ਹਾਈਐਂਡ ਅਲਟਰਾ ਸਾਊਂਡ ਅਤੇ ਕਲਰ ਡਾਪਲਰ ਮਸ਼ੀਨਾਂ ਵਾਲਾ ਨਵਾਂ ਯੂਨਿਟ ਤਿਆਰ ਹੋ ਰਿਹਾ ਹੈ ਜਿਸ ਵਿੱਚ ਮਰੀਜਾਂ ਦੇ ਬੈਠਣ ਲਈ ਉਚਿਤ ਏਅਰ ਕੰਡੀਸ਼ਨ ਵਿਵਸਥਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯੂਨਿਟ ਕੁਝ ਦਿਨਾਂ ਵਿੱਚ ਹੀ ਮੁਕੰਮਲ ਹੋ ਜਾਵੇਗਾ, ਜਿਸ ਨਾਲ ਮਰੀਜਾਂ ਨੂੰ ਐਕਸ-ਰੇ ਅਤੇ ਅਲਟਰਾ ਸਾਊਂਡ ਟੈਸਟ ਕਰਵਾਉਣ ਸਮੇਂ ਭੀੜ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਡਾਕਟਰ ਸਾਹਿਬਾਨਾਂ ਦੀ ਕਮੀ ਨੂੰ ਦੇਖਦੇ ਹੋਏ ਨਵੀਆਂ ਅਸਾਮੀਆਂ ‘ਤੇ ਭਰਤੀ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਰੇਡੀਓਲੋਜੀ ਵਿਭਾਗ ਵਿੱਚ ਬਹੁਤ ਜਲਦ ਸਟੇਟ ਆਫ ਆਰਟ 3.0 ਟੈਸਲਾ ਐਮ.ਆਰ.ਆਈ. ਮਸ਼ੀਨ, ਡਿਜੀਟਲ ਐਕਸ-ਰੇ ਅਤੇ ਮੈਮੋਗ੍ਰਾਫੀ ਮਸ਼ੀਨਾਂ ਦੀ ਖਰੀਦ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਵਿਭਾਗ ਆਪਣੇ ਮਰੀਜਾਂ ਨੂੰ ਉੱਚ ਪੱਧਰੀ ਸੇਵਾਵਾਂ ਦੇਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly