ਕਾਬੁਲ (ਸਮਾਜ ਵੀਕਲੀ): ਮੁੱਲ੍ਹਾ ਹੈਬਤਉੱਲ੍ਹਾ ਅਖ਼ੁੰਦਜ਼ਾਦਾ ਨੂੰ ਅਫ਼ਗ਼ਾਨਿਸਤਾਨ ਦਾ ਸੁਪਰੀਮ ਆਗੂ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਅੱਜ ਇਕ ਹੋਰ ਨਾਮ ਸਾਹਮਣੇ ਆਇਆ ਹੈ। ਤਾਲਿਬਾਨ ਦਾ ਸਹਿ-ਬਾਨੀ ਮੁੱਲ੍ਹਾ ਅਬਦੁਲ ਗ਼ਨੀ ‘ਬਰਾਦਰ’ ਜਲਦੀ ਹੀ ਐਲਾਨੀ ਜਾਣ ਵਾਲੀ ਨਵੀਂ ਸਰਕਾਰ ਦੀ ਅਗਵਾਈ ਕਰਨਗੇ। ਤਾਲਿਬਾਨ ਦੇ ਇਹ ਹੋਰ ਸਹਿ-ਬਾਨੀ ਮਰਹੂਮ ਮੁੱਲ੍ਹਾ ਉਮਰ ਦੇ ਪੁੱਤਰ ਮੁੱਲ੍ਹਾ ਮੁਹੰਮਦ ਯਾਕੂਬ ਤੇ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨੂੰ ਵੀ ਨਵੀਂ ਸਰਕਾਰ ’ਚ ਅਹਿਮ ਜ਼ਿੰਮੇਵਾਰੀਆਂ ਸੌਂਪੇ ਜਾਣ ਦੀਆਂ ਕਨਸੋਆਂ ਹਨ। ਇਹ ਦਾਅਵਾ ਇਸਲਾਮਿਕ ਜਥੇਬੰਦੀ ਵਿਚਲੇ ਸੂਤਰਾਂ ਨੇ ਕੀਤਾ ਹੈ।
ਬਰਾਦਰ ਦਾ ਨਾਂ ਅਜਿਹੇ ਮੌਕੇ ਸਾਹਮਣੇ ਆਇਆ ਹੈ ਜਦੋਂਕਿ ਪੰਜਸ਼ੀਰ ਵਾਦੀ ਵਿੱਚ ਤਾਲਿਬਾਨ ਤੇ ਬਾਗੀ ਲੜਾਕਿਆਂ ’ਚ ਟਕਰਾਅ ਜਾਰੀ ਹੈ। ਬਰਾਦਰ ਤਾਲਿਬਾਨ ਦੇ ਦੋਹਾ ਵਿਚਲੇ ਸਿਆਸੀ ਦਫ਼ਤਰ ਦਾ ਮੁਖੀ ਹੈ। ਇਸ ਦੌਰਾਨ ਨਵੀਂ ਅਫ਼ਗ਼ਾਨ ਸਰਕਾਰ ਦੇ ਗਠਨ ਦਾ ਅਮਲ ਅੱਜ ਇਕ ਹੋਰ ਦਿਨ ਲਈ ਪੱਛੜ ਗਿਆ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਭਲਕੇ ਸ਼ਨਿੱਚਰਵਾਰ ਨੂੰ ਕੀਤਾ ਜਾਵੇਗਾ। ਇਕ ਸੀਨੀਅਰ ਤਾਲਿਬਾਨੀ ਅਧਿਕਾਰੀ ਨੇ ਗਲੋਬਲ ਨਿਊਜ਼ ਵਾਇਰ ਨੂੰ ਦੱਸਿਆ, ‘‘ਸਾਰੇ ਸਿਖਰਲੇ ਆਗੂ ਕਾਬੁਲ ਪੁੱਜ ਗਏ ਹਨ, ਜਿੱਥੇ ਨਵੀਂ ਸਰਕਾਰ ਦੇ ਐਲਾਨ ਸਬੰਧੀ ਸਾਰੀਆਂ ਤਿਆਰੀਆਂ ਆਖਰੀ ਪੜਾਅ ’ਤੇ ਹਨ।’’
ਤਾਲਿਬਾਨ ਦੇ ਸਿਖਰਲੇ ਧਾਰਮਿਕ ਆਗੂ ਹੈਬਤਉੱਲ੍ਹਾ ਅਖ਼ੁੰਦਜ਼ਾਦਾ ਇਸਲਾਮ ਦੇ ਚੌਖਟੇ ਵਿੱਚ ਰਹਿੰਦਿਆਂ ਧਾਰਮਿਕ ਤੇ ਸ਼ਾਸਕੀ ਪ੍ਰਬੰਧ ਨੂੰ ਵੇਖਣਗੇ। ਉਧਰ ਬਰਾਦਰ ਮਰਹੂਮ ਤਾਲਿਬਾਨੀ ਆਗੂ ਮੁੱਲ੍ਹਾ ਮੁਹੰਮਦ ਉਮਰ ਦੇ ਨੇੜਲਿਆਂ ’ਚੋਂ ਇਕ ਹੈ। ਅਬਦੁਲ ਗ਼ਨੀ ਨੂੰ ‘ਬਰਾਦਰ’ ਲਕਬ ਦੇਣ ਵਾਲਾ ਉਮਰ ਹੀ ਸੀ। ਤਾਲਿਬਾਨ ਦੇ ਸੂਚਨਾ ਤੇ ਸਭਿਆਚਾਰ ਕਮਿਸ਼ਨ ’ਚ ਸੀਨੀਅਰ ਮੰਤਰੀ ਮੁਫ਼ਤੀ ਇਨਾਮੁੱਲ੍ਹਾ ਸਮਨਗ਼ਨੀ ਨੇ ਕਿਹਾ, ‘‘ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਭ ਕੁਝ ਫਾਈਨਲ ਹੋ ਚੁੱਕਾ ਹੈ ਤੇ ਕੈਬਨਿਟ ਬਾਰੇ ਵੀ ਲੋੜੀਂਦੀ ਗੱਲਬਾਤ ਹੋ ਗਈ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly