28 ਦਸੰਬਰ ਪੰਜਾਬੀ ਨਾਵਲਕਾਰ ਨਾਨਕ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼
ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਉੱਘੇ ਪੰਜਾਬੀ ਨਾਵਲਕਾਰ ਨਾਨਕ ਸਿੰਘ ਦਾ ਜਨਮ 19ਵੀਂ ਸਦੀ ਵਿੱਚ ਉਸ ਵੇਲੇ ਹੋਇਆ ਜਦੋਂ ਦੇਸ਼ ਅਤੇ ਸਮਾਜ ਵਿੱਚ ਅੰਧਵਿਸ਼ਵਾਸ ਅਤੇ ਸਮਾਜਿਕ ਕੁਰੀਤੀਆਂ ਦਾ ਬੋਲਬਾਲਾ ਅੱਜ ਨਾਲੋ ਕਿਤੇ ਵੱਧ ਸੀ। ਸਮਾਜ ਜਾਦੂ ਟੂਣੇ, ਤਾਗੇ ਤਵੀਤ, ਅਤੇ ਪਖੰਡੀ ਬਾਬਿਆਂ ਦੀ ਪੂਰੀ ਤਰ੍ਹਾਂ ਜਕੜ ਵਿੱਚ ਸੀ। ਮਾਨਵਵਾਦੀ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਇਸ ਲੇਖਕ ਨੇ ਸਮਾਜ ਸੁਧਾਰ ਨੂੰ ਮੁੱਖ ਰੱਖ ਕੇ ਹੀ ਆਪਣੀ ਕਲਮ ਦੀ ਤਾਕਤ ਦੀ ਵਰਤੋਂ ਕੀਤੀ। ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿੱਚ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ,ਫਿਰਕੂ-ਜਨੂੰਨ ਅਤੇ ਜਾਤੀ ਵਿਵਸਥਾ ਆਦਿ ਨੂੰ ਨੰਗਾ ਕੀਤਾ ਹੈ। ਉਨ੍ਹਾਂ ਨੇ ਆਪਣੀ ਹਰ ਲਿਖਤ ਵਿੱਚ ਦਿਲਚਸਪੀ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਕਈ ਨਾਵਲਾਂ ਵਿਚ ਸਰਮਾਏਦਾਰੀ ਵੱਲੋਂ ਗਰੀਬ ਅਤੇ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਅਤੇ ਸ਼ੋਸਣ ਨੂੰ ਬਾਖੂਬੀ ਪੇਸ਼ ਕੀਤਾ ਹੈ ਜਿਸਦੀ ਮਿਸਾਲ ਉਨ੍ਹਾਂ ਦੇ ਲਿਖੇ ਨਾਵਲ “ਚਿੱਟਾ ਲਹੂ”, ਤੋਂ ਮਿਲਦੀ ਹੈ ਇਸ ਨਾਵਲ ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, “ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ ਇਹ ਨਾਵਲ ਇਨ੍ਹਾਂ ਪ੍ਰਸਿੱਧ ਹੋਇਆ ਕਿ ਪੰਜਾਬ ਦੇ ਸਕੂਲਾਂ ਵਿੱਚ ਵੀ ਪੜਾਇਆ ਗਿਆ ਅਤੇ ਰੂਸੀ ਅਨੁਵਾਦਕ ਨਤਾਲੀਆ ਤਾਲਸਤਾਏ ਨੇ “ਚਿੱਟਾ ਲਹੂ” ਦਾ ਰੂਸੀ ਵਿੱਚ ਅਨੁਵਾਦ ਕੀਤਾ। ਉਨ੍ਹਾਂ ਦੀਆ ਲਿਖਤਾਂ ਆਉਣ ਤੋਂ ਪਹਿਲਾਂ ਜ਼ਿਆਦਾ ਕਰਕੇ ਲੇਖਕਾ ਵਲੋਂ ਧਾਰਮਿਕ ਰੁਚੀ ਵਾਲੀਆ ਲਿਖਤਾਂ ਹੀ ਲਿਖੀਆਂ ਜਾਂਦੀਆਂ ਸਨ। ਸਾਹਿਤਕਾਰੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਇਸ ਮਹਾਨ ਨਾਵਲਕਾਰ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਅਤੇ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਕੁੱਝ ਸਮਾਂ ਉਨ੍ਹਾਂ ਨੂੰ ਹਲਵਾਈ ਦੀ ਦੁਕਾਨ ‘ਤੇ ਭਾਂਡੇ ਵੀ ਮਾਂਜਣੇ ਪਏ ਅਤੇ ਮੇਲਿਆਂ ਵਿੱਚ ਕੁਲਫੀਆਂ ਵੀ ਵੇਚਣੀਆਂ ਪਈਆ। ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ ਜਿਸ ਦਾ ਉਸ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਸ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਸ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।1911 ਵਿੱਚ ਨਾਨਕ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫੀ ਹੰਸ ਰਾਜ, ਛਪਿਆ ਅਤੇ ਕੁਝ ਧਾਰਮਿਕ ਗੀਤ ਵੀ ਲਿਖੇ ਜਿਹੜੇ ਸਤਿਗੁਰ ਮਹਿਮਾ ਨਾਂਅ ਹੇਠ ਛਪੇ। 1921 ਵਿੱਚ ਨਾਨਕ ਸਿੰਘ ਦਾ ਵਿਆਹ ਰਾਜ ਕੌਰ ਨਾਲ ਹੋਇਆ ਉਹ ਇੱਕ ਪੂਰਨ ਗ੍ਰਹਿਸਥੀ ਇਨਸਾਨ ਸਨ। ਉਨ੍ਹਾਂ ਨੇ ਕਦੇ ਵੀ ਆਪਣੀ ਲਿਖਤ ਨੂੰ ਗ੍ਰਹਿਸਥੀ ਜੀਵਨ ਵਿੱਚ ਅੜਚਣ ਨਹੀਂ ਬਨਣ ਦਿਤਾ। ਉਨ੍ਹਾਂ ਦੇ ਪੰਜ ਪੁੱਤਰ ਅਤੇ ਇੱਕ ਧੀ, ਜੋਂ ਬਾਅਦ ਵਿੱਚ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਵਾਲਾ ਪਰਿਵਾਰ ਬਣ ਗਿਆ।1922 ਵਿੱਚ ਉਨ੍ਹਾਂ ਨੂੰ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਜਾਣਾ ਪਿਆ। ਇਸ ਸਮੇਂ ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ “ਅੱਧ ਖਿੜੀ ਕਲੀ” ਲਿਖਿਆ, ਜੋ ਬਾਅਦ ਵਿੱਚ ਅੱਧ ਖਿੜਿਆ ਫੁੱਲ ਨਾਂਅ ਹੇਠ ਛਪਿਆ। ਉਨ੍ਹਾਂ ਨੇ ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸਵੈਂ ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ। ਉਨ੍ਹਾਂ ਦੇ ਨਾਵਲਾਂ ਵਿੱਚੋ ਚਿੱਟਾ ਲਹੂ, ਅੱਧ ਖਿੜਿਆ ਫੁੱਲ, ਗਰੀਬ ਦੀ ਦੁਨੀਆਂ, ਇੱਕ ਮਿਆਨ ਦੋ ਤਲਵਾਰਾਂ, ਪਵਿਤਰ ਪਾਪੀ, ਬੰਜਰ, ਆਦਮਖੋਰ, ਆਦਿ ਕਾਫ਼ੀ ਮਕਬੂਲ ਹੋਏ। ਨਾਨਕ ਸਿੰਘ ਦੇ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਨੂੰ 1961 ਵਿਚ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਅਤੇ ਉਨ੍ਹਾਂ ਦੇ ਨਾਵਲ ‘ਪਵਿੱਤਰ ਪਾਪੀ’ ’ਤੇ ਅਧਾਰਿਤ ਇਕ ਹਿੰਦੀ ਫਿਲਮ ਵੀ ਬਣ ਚੁੱਕੀ ਹੈ। ਉਨ੍ਹਾਂ ਨੇ ਕਵਿਤਾਵਾਂ ਲਿਖਣ ਤੇ ਵੀ ਕਲਮ ਚਲਾਈ ਅਤੇ ਉਨ੍ਹਾਂ ਦੇ ਸੀਹਰਫ਼ੀ ਹੰਸ ਰਾਜ,
ਸਤਿਗੁਰ ਮਹਿਮਾ, ਅਤੇ ਜ਼ਖਮੀ ਦਿਲ ਕਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ। ਉਨ੍ਹਾਂ ਨੇ ਬਹੁਤ ਸਾਰੇ ਕਹਾਣੀ ਸੰਗ੍ਰਹਿ ਵੀ ਲਿਖੇ ਜਿਨ੍ਹਾਂ ਵਿੱਚ ਹੰਝੂਆਂ ਦੇ ਹਾਰ, ਸੱਧਰਾਂ ਦੇ ਹਾਰ, ਮਿੱਧੇ ਹੋਏ ਫੁੱਲ, ਠੰਡੀਆਂ ਛਾਵਾਂ ਆਦਿ ਕਾਫ਼ੀ ਮਕਬੂਲ ਹੋਏ। ਉਨ੍ਹਾਂ ਨੂੰ ਇਤਿਹਾਸਕ ਨਾਵਲ ਇਕ ਮਿਆਨ ਦੋ ਤਲਵਾਰਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਆਪਣੇ ਜੀਵਨ ਵਿੱਚ ਉਹ ਜ਼ਿਆਦਾ ਦੇਰ ਅੰਮ੍ਰਿਤਸਰ ਵਿੱਚ ਹੀ ਰਹੇ ਜਿਥੇ ਉਨ੍ਹਾਂ ਨੇ ਪ੍ਰਕਾਸ਼ਨ ਦਾ ਕੰਮ ਵੀ ਕੀਤਾ । ਉਹ ਅਪਣਾ ਨਾਵਲ ਲਿਖਣ ਲਈ ਜ਼ਿਆਦਾ ਕਰਕੇ ਡਲਹੌਜ਼ੀ ਦੇ ਪਹਾੜੀ ਅਤੇ ਸ਼ਾਂਤ ਇਲਾਕੇ ਵਿੱਚ ਚਲੇ ਜਾਂਦੇ ਸਨ ਅਤੇ ਆਪਣਾ ਨਾਵਲ ਪੂਰਾ ਕਰਕੇ ਵਾਪਿਸ ਅਪਣੇ ਸ਼ਹਿਰ ਅੰਮ੍ਰਿਤਸਰ ਆ ਜਾਂਦੇ ਸਨ ਇਸੇ ਸ਼ਹਿਰ ਪ੍ਰੀਤ ਨਗਰ ਵਿਚ ਨਾਨਕ ਸਿੰਘ ਦੇ ਨਾਂ ’ਤੇ ਇਕ ਓਪਨ ਥੀਏਟਰ ਵੀ ਸਥਾਪਿਤ ਕੀਤਾ ਗਿਆ ਹੈ। ਉੱਥੇ ਹੀ ਨਾਨਕ ਦੇ ਨਾਂ ’ਤੇ ਇਕ ਸ਼ਾਨਦਾਰ ਪਾਰਕ ਵੀ ਮੌਜੂਦ ਹੈ। ਪ੍ਰੀਤ ਨਗਰ ਵਿਖੇ ਹੀ 28 ਦਸੰਬਰ 1971 ਨੂੰ ਨਾਵਲਕਾਰ ਨਾਨਕ ਸਿੰਘ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਹਰ ਸਾਲ ਉਨ੍ਹਾਂ ਦੀ ਬਰਸੀ ਮੌਕੇ ਇਸ ਦਰਵੇਸ਼ ਅਤੇ ਕ੍ਰਾਂਤੀਕਾਰੀ ਨਾਵਲਕਾਰ ਨੂੰ ਪਾਠਕਾਂ ਵੱਲੋਂ ਯਾਦ ਕੀਤਾ ਜਾਂਦਾ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ