ਮਾਨਵਤਾ ਦੀ ਗੱਲ

(ਸਮਾਜ ਵੀਕਲੀ)

ਮਾਨਵਤਾ ਦੀ ਗੱਲ ਸੱਥ ਤੁਰਦਾ ਨਹੀਂ,ਕਿੱਡਾ ਵੱਡਾ ਪੁਆੜਾ ਹੈ!
ਦੋ ਹਿੱਸਿਆਂ ਵਿੱਚ ਵੰਡ ਕੇ ਪਾਇਆ ਪੱਕਾ ਹੀ ਬੁਰਾ ਕਸਾਰਾ ਹੈ!

ਜਿਸ ਕਾਰਜ ਨੇ ਭਾਰ ਉਠਾਉਣਾ ਹੈ ਏਥੇ ਦੱਬੇ ਕੁਚਲੇ ਲੋਕਾਂ ਦਾ,
ਉਹ ਨਿਰਮੋਹੀ ਸਮਝ ਹੀ ਖਾ ਰਹੀ,ਹਿੱਸਾ ਸਾਰੇ ਦਾ ਸਾਰਾ ਹੈ।

ਸਿੰਘਾਸਨ ਦੀ ਤਾਂ ਨੀਅਤ ਹਰਾਮੀ,ਆਪਣੇ ਆਪਨੂੰ ਬਲ ਦੇਵੇ,
ਫ਼ਿਜ਼ਾ ਜੇ ਕੋਈ ਤਾਰਾ ਰੁਮਕੇ,ਹਕੂਮਤ ਨੂੰ ਕਾਹਦਾ ਇਹ ਸਾੜਾ ਹੈ!

ਇੱਕ ਦੋ ਮਹੀਨੇ ਦੀ ਮੋਹਲਤ ਦਿੰਦਾ,ਗੁਰਬਤ ਪਰੇ ਭਜਾਵਣ ਦੀ,
ਆਪਣੀ ਨਿੱਜ ਦੀ ਭੁੱਖ ਨਾ ਮਿਟਦੀ,ਤਾਂਹੀਂਓਂ ਦੂਰ ਕਿਨਾਰਾ ਹੈ।

ਨਵ-ਚੇਤਨਾ ਆਸ ਨਾ ਖੁੱਲ੍ਹ ਜਏ ਅੰਦਰ,ਨਾਕੇ ਪਹਿਰੇ ਜੜੇ ਪਏ,
ਭਾਲਿਆਂ ਵੀ ਨਾ ਮਿਲੇ ਹਮਦਰਦੀ,ਕਿੰਨਾ ਕੁ ਵਤਨ ਪਿਆਰਾ ਹੈ !

ਸੂਹੀਆਂ ਸੂਹੀਆਂ ਕੋਮਲ ਕਲੀਆਂ,ਵਟਣਾ ਮਲ਼ਕੇ ਬਹਿੰਦੀਆਂ ਨੇ,
ਹੁਸਨ ਇਸ਼ਕ ਨਾਲ ਮੇਲ਼ ਨਾ ਹੋਇਆ,ਜੋਬਨ ਜਿਵੇਂ ਕੁਆਰਾ ਹੈ ।

ਹਰ ਚੋਣਾਂ ਦੇ ਸਿਰਕੰਡੇ ਤਿੱਖੇ,ਪੈਰੀਂ ਖੁੱਭਦੇ ਹੱਥੀਂ ਚੁੱਭਦੇ ਹਰ ਵਾਰ,
ਆਉਣ ਨਤੀਜੇ ਉੱਲਟ ਅਸਾਡੇ,ਤਦ ਖੁੱਲ੍ਹਦਾ ਚੀਕ ਚਿਹਾੜਾ ਹੈ ।

ਪੁਰਖਿਆਂ ਨੇ ਬੰਦ ਬੰਦ ਕਟਵਾਏ ਤੇ ਹਜ਼ਾਰਾਂ ਤਰਾਂ ਦੇ ਜੁਲਮ ਸਹੇ,
ਇਤਿਹਾਸ ਨੂੰ ਭੁੱਲਕੇ ਆਪਣੇ ਹੱਥੀਂ ਆਪੇ ਮਾਰੀ ਜਾਂਦੇ ਕੁਹਾੜਾ ਹੈ!

ਹਰ ਮੌਕੇ ਰੱਬ ਰਹਿਮ ਤੇ ਛੱਡਦੇ,ਤਾਂ ਕਿਸ ਡੇਰੇ ਨੇ ਕਿਰਪਾ ਕਰਨੀ,
ਏਦਾਂ ਦਿਨ ਤੇ ਰਾਤ ਦਾ ਫਿਕਰਾ ਦਰਸਾਵੇ,ਮੰਦਾ ਜਿਹਾ ਪਟਾਰਾ ਹੈ!

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਚਿੱਟਾ