ਨਾਭਾ ਜੇਲ੍ਹ ਵਿਚ ਬੰਦ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮਿਲੀ ਹਾਈਕੋਰਟ ਵੱਲੋਂ ਜ਼ਮਾਨਤ
ਫਰੀਦਕੋਟ/ਭਲੂਰ 4 ਅਗਸਤ (ਬੇਅੰਤ ਗਿੱਲ ਭਲੂਰ) ਆਮਦਨ ਤੋਂ ਵਧੇਰੇ ਜ਼ਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਨੇ ਫਰੀਦਕੋਟ ਤੋਂ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਹੁਣ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਹਾਈਕੋਰਟ ਵੱਲੋਂ ਰਾਹਤ ਮਿਲਣ ਦੀ ਖ਼ਬਰ ਹੈ। ਪਤਾ ਲੱਗਾ ਹੈ ਕਿ ਹਾਈਕੋਰਟ ਨੇ ਕਿੱਕੀ ਢਿੱਲੋਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਉਹਨਾਂ ਨੂੰ ਵਿਜੀਲੈਂਸ ਫਿਰੋਜ਼ਪੁਰ ਨੇ 16 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਦੌਰਾਨ ਉਹ ਨਾਭਾ ਜੇਲ੍ਹ ਵਿੱਚ ਬੰਦ ਰਿਹਾ । ਹਾਲੇ ਪਿਛਲੇ ਦਿਨੀਂ ਹੀ ਵਿਜੀਲੈਂਸ ਬਿਊਰੋ ਨੇ ਢਿੱਲੋਂ ਦੇ ਖ਼ਿਲਾਫ਼ ਦੂਸਰਾ ਚਲਾਨ ਪੇਸ਼ ਕਰਦਿਆਂ ਉਸਨੂੰ ਨਾਭਾ ਜੇਲ੍ਹ ਤੋਂ ਲਿਆਣ ਕੇ ਫਰੀਦਕੋਟ ਵਿਖੇ ਸਪੈਸ਼ਲ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ । ਇਸ ਦੌਰਾਨ ਜੱਜ ਵੱਲੋਂ ਮਾਮਲੇ ਦੀ ਸੁਣਵਾਈ 10 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਉਸ ਸਮੇਂ ਕਿੱਕੀ ਢਿੱਲੋਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਪ੍ਰੰਤੂ ਓਧਰੋਂ ਵੀ ਨਿਰਾਸ਼ਾ ਹੀ ਪੱਲੇ ਪਈ ਸੀ। ਪਰ ਅੱਜ ਢਿੱਲੋਂ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਢਿੱਲੋਂ ‘ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਅੱਠ ਕਰੋੜ ਰੁਪਏ ਦੀ ਆਪਣੇ ਸ੍ਰੋਤਾਂ ਤੋਂ ਵਧੇਰੇ ਆਮਦਨ ਬਣਾਈ ਹੈ ਅਤੇ ਇਸ ਤੋਂ ਇਲਾਵਾ 40 ਏਕੜ ਬੇਨਾਮੀ ਜ਼ਮੀਨ ਵੀ ਖ੍ਰੀਦ ਰੱਖੀ ਹੈ। ਇਹ ਵੀ ਦੱਸ ਦੇਈਏ ਕਿ ਕਿੱਕੀ ਢਿੱਲੋਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਦੋ ਵਾਰ (ਕੁੱਲ 5 ਦਿਨ) ਰਿਮਾਂਡ ‘ਤੇ ਵੀ ਰੱਖਿਆ ਜਾ ਚੁੱਕਾ। ਫ਼ਿਲਹਾਲ ਖ਼ਬਰ ਮਿਲੀ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਕਿੱਕੀ ਢਿੱਲੋਂ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾ ਰਿਹਾ ਹੈ। ਅੱਜ ਸ਼ਨੀਵਾਰ ਸ਼ਾਮ ਤੱਕ ਢਿੱਲੋਂ ਦੇ ਘਰ ਪਹੁੰਚਣ ਦੀ ਸੰਭਾਵਨਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly