ਇਸਲਾਮਾਬਾਦ— ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਤੋਂ ਰਾਜਧਾਨੀ ਇਸਲਾਮਾਬਾਦ ਜਾ ਰਹੇ ਵਿਦੇਸ਼ੀ ਡਿਪਲੋਮੈਟਾਂ ਦੇ ਕਾਫਲੇ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਵਲੋਂ ਕੀਤੇ ਗਏ ਧਮਾਕੇ ‘ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਐਤਵਾਰ ਨੂੰ ਖੈਬਰ ਪਖਤੂਨਖਵਾ ਦੇ ਸਵਾਤ ਜ਼ਿਲੇ ‘ਚ ਇਕ ਐਡਵਾਂਸ ਸਕਾਊਟ ਪੁਲਸ ਦੇ ਵਾਹਨ ‘ਤੇ ਇਕ ਆਈ.ਈ.ਡੀ. ਵਿਸਫੋਟ ਹੋ ਗਿਆ, ਜਿਸ ਕਾਰਨ ਕਈ ਲੋਕ ਮਾਰੇ ਗਏ। ਵਿਦੇਸ਼ ਦਫਤਰ ਨੇ ਕਿਹਾ, “ਸਾਡੇ ਵਿਚਾਰ ਮ੍ਰਿਤਕ ਪੁਲਿਸ ਕਰਮਚਾਰੀ ਦੇ ਪਰਿਵਾਰ ਅਤੇ ਘਟਨਾ ਵਿਚ ਜ਼ਖਮੀ ਹੋਏ ਤਿੰਨ ਲੋਕਾਂ ਦੇ ਨਾਲ ਹਨ। ਅਜਿਹੀਆਂ ਅੱਤਵਾਦੀ ਗਤੀਵਿਧੀਆਂ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਲੜਾਈ ਵਿਚ ਆਪਣੀ ਵਚਨਬੱਧਤਾ ਤੋਂ ਨਹੀਂ ਰੋਕ ਸਕਦੀਆਂ। ਰਿਪੋਰਟਾਂ ਮੁਤਾਬਕ ਅੱਤਵਾਦੀਆਂ ਵੱਲੋਂ ਜਿਸ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ, ਉਹ 11 ਵਿਦੇਸ਼ੀ ਡਿਪਲੋਮੈਟਾਂ ਨੂੰ ਲੈ ਕੇ ਜਾ ਰਹੇ ਕਾਫ਼ਲੇ ਦੇ ਸਭ ਤੋਂ ਅੱਗੇ ਸੀ। ਹਮਲੇ ‘ਚ ਪੁਲਿਸ ਮੁਲਾਜ਼ਮ ਬੁਰਹਾਨ ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਜ਼ਖ਼ਮੀਆਂ ਵਿੱਚ ਇੱਕ ਸਬ-ਇੰਸਪੈਕਟਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਸਾਰੇ ਰਾਜਦੂਤ ਸੁਰੱਖਿਅਤ ਹਨ। ਉਨ੍ਹਾਂ ਨੂੰ ਇਸਲਾਮਾਬਾਦ ਭੇਜ ਦਿੱਤਾ ਗਿਆ ਹੈ, ਇਹ ਧਮਾਕਾ ਸ਼ੇਰਾਬਾਦ ਉਪਨਗਰ ‘ਚ ਉਸ ਸਮੇਂ ਹੋਇਆ ਜਦੋਂ ਡਿਪਲੋਮੈਟ ਮਿੰਗੋਰਾ ‘ਚ ‘ਚੈਂਬਰ ਆਫ ਕਾਮਰਸ’ ‘ਚ ਇਕ ਸਮਾਗਮ ਤੋਂ ਬਾਅਦ ਮਾਲਮ ਜੱਬਾ ਜਾ ਰਹੇ ਸਨ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਮੁਤਾਬਕ ਆਸਿਫ ਅਲੀ ਜ਼ਰਦਾਰੀ ਨੇ ਹਮਲੇ ‘ਚ ਮਾਰੇ ਗਏ ਪੁਲਸ ਕਰਮਚਾਰੀ ਨੂੰ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ ਨੇ ਹਮਲੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly