(ਸਮਾਜ ਵੀਕਲੀ) ਲਿੱਖਣ ਲਈ ਜੋ ਕੁੱਝ ਵੀ ਇੱਕ ਲੇਖਕ ਲਿੱਖਦਾ ਹੈ ਸ਼ਾਇਦ ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਜੋ ਵੀ ਲਿਖੇਗਾ ਪਾਠਕ ਉਸਨੂੰ ਬੜੇ ਚਾਅ ਨਾਲ ਪੜਣਗੇ ਤੇ ਕਬੂਲਣਗੇ। ਇਹ ਉਦੋਂ ਠੀਕ ਵੀ ਹੁੰਦਾ ਹੈ ਜਦੋਂ ਲੇਖਕ ਆਪਣੇ ਨਾਂ ਨੂੰ ਬਣਾਈ ਰੱਖਣ ਲਈ ਮਿਹਨਤ ਨਾਲ ਲਿੱਖਦੇ ਹਨ। ਅਗਰ ਕੋਈ ਇਸ ਲਈ ਲਿੱਖਦਾ ਹੈ ਕਿ ਜਿਵੇਂ ਕੋਈ ਅੰਦਰੋਂ ਉਸ ਨੂੰ ਲਿੱਖਣ ਲਈ ਮਜ਼ਬੂਰ ਕਰ ਰਿਹਾ ਹੋਵੇ, ਭਾਵ ਉਹ ਹੁਣ ਲਿੱਖੇ ਬਿਨਾਂ ਨਹੀਂ ਰਹਿ ਸਕਦਾ। ਇੱਸ ਤਰਾਂ ਦੀ ਹਾਲਤ ਵਿੱਚ ਜੋ ਰਚਨਾਂ ਜਨਮ ਲੈਂਦੀ ਹੈ ਉਹ ਲੇਖਕ ਨੂੰ ਸਭ ਤੋਂ ਪਹਿਲਾ ਸੰਤੁਸ਼ਟ ਕਰਦੀ ਹੈ ਅਤੇ ਫੇਰ ਪਾਠਕਾਂ ਵਲੋਂ ਜਰੂਰ ਸਵੀਕਾਰੀ ਜਾਂਦੀ ਹੈ। ਅਜਿਹੇ ਹੀ ਇੱਕ ਲੇਖ਼ਕ ਨੂੰ ਮੈਂ ਪਾਠਕਾਂ ਦੇ ਰੂਬਰੂ ਕਰ ਰਿਹਾ ਹੈ ਜਿਸਨੇ ਵਖਰੇ- ਵਖਰੇ ਵਿਸ਼ਿਆ ਤੋ ਹੱਟ ਕੇ ਜਾਣਕਾਰੀ ਭਰਪੂਰ ਲਿਖਿਆ ਤੇ ਪਾਠਕਾਂ ਵੱਲੋ ਸਰਾਇਆ ਵੀ ਗਿਆ। ਦੋ ਦਹਾਕਿਆਂ ਤੋਂ ਲਕੀਰ ਤੋਂ ਹੱਟ ਕੇ ਲਿੱਖਣ ਵਾਲੇ ਇੱਸ ਲੇਖਕ ਦਾ ਨਾਂ ਹੈ ਬਲਦੇਵ ਸਿੰਘ ਬੇਦੀ।
ਰੋਜ਼ ਦਿਹਾੜੇ ਮਨਾਏ ਜਾਂਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਵਸ ਭਾਵ ਮਾਂ ਦਿਵਸ ਤੇ ਮਾਂ ਤੇ ਲਿਖਣਾਂ, ਪਿਤਾ ਦਿਵਸ ਮੌਕੇ ਪਿਤਾ ਤੇ ਲਿਖਣਾ, ਸਾਈਕਲ ਦਿਵਸ ਤੇ ਸਾਈਕਲ ਤੇ ਲਿਖਣਾ,ਚਿੜੀ ਦਿਵਸ ਤੇ ਲੁਪਤ ਹੋਏ ਇੱਸ ਜੀਵ ਬਾਰੇ ਜਾਣਕਾਰੀ ਭਰਪੂਰ ਲਿਖਣ ਕਰਕੇ ਹੀ ਇੱਸ ਲੇਖਕ ਨੂੰ ਦੂਸਰਿਆਂ ਨਾਲੋਂ ਵਖਰਾ ਇੱਸ ਲਈ ਵੀ ਜਾਣਿਆ ਜਾਂਦਾ ਹੈ ਕਿ ਇਸ ਦੇ ਅਜਿਹੇ ਲੇਖ ਹਰ ਉਮਰ ਦੇ ਪਾਠਕਾਂ ਦਾ ਗਿਆਨ ਵਧਾਉਂਦੇ ਹਨ। ਉਸ ਨੇ ਟਾਂਗੇ ਬਾਰੇ ਵੀ ਲਿਖਿਆ। ਉਸ ਦੀ ਇੱਕ ਖੂਬੀ ਇਹ ਵੀ ਹੈ ਕਿ ਉਹ ਉਸ ਵਿੱਸ਼ੇ ਦੀ ਤਹਿ ਤੱਕ ਜਾਂਦਾ ਹੈ ਤੇ ਵਿੱਸ਼ੇ ਦੇ ਹਰ ਪੱਖ ਨਾਲ ਪਾਠਕਾਂ ਨੂੰ ਜਾਣੂੰ ਕਰਵਾਉਂਦਾ ਹੈ। ਉਸ ਅਨੁਸਾਰ ਜਦੋਂ ਉਹ ਕਿਸੇ ਵੀ ਵਿੱਸ਼ੇ ’ਤੇ ਲਿਖਣਾ ਚਾਹੁੰਦਾ ਹੈ ਤਾਂ ਉਹ ਨਾਲ ਸਬੰਧਤ ਲੋਕਾਂ ਤੋਂ ਉਸ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਜਿਵੇਂ ਕਿ ਜਦੋਂ ਉਸ ਨੇ ਟਾਂਗੇ ਤੇ ਲਿਖਣ ਬਾਰੇ ਸੋਚਿਆ ਜੋ ਉਸ ਨੇ ਆਪਣੇ ਬਚਪਨ ਵਿੱਚ ਵੇਖਿਆ ਸੀ ਅਤੇ ਹੁਣ ਅਲੋਪ ਹੋ ਚੁੱਕਿਆ ਹੈ, ਤਾਂ ਉਹ ਜਲੰਧਰ ਦੇ ਬਸਤੀ ਅੱਡੇ ਚੌਂਕ ਵਿਖੇ ਚਲਾ ਗਿਆ ਜਿੱਥੇ ਟਾਂਗਿਆਂ ਦਾ ਅੱਡਾ ਆਪਣੇ ਵੇਲੇ ਮੌਜੂਦ ਹੁੰਦਾ ਸੀ , ਓਥੋਂ ਦੇ ਕੁਝ ਬਜ਼ੁਰਗਾਂ ਤੋਂ ਜਾਣਕਾਰੀ ਲੇਕੇ ਉਸ ਨੇ ਟਾਂਗੇ ਤੇ ਲੇਖ ਲਿੱਖਿਆ। ਇਸੇ ਤਰ੍ਹਾਂ ਉਸ ਨੇ ਕਿਸੇ ਤਾਲੇ ਵਾਲੇ ਤੋਂ ਜਾਣਕਾਰੀ ਲੈਕੇ ਤਾਲੇ ਤੇ ਲਿਖਿਆ। ਇਸੇ ਤਰਾਂ ਜਦੋਂ ਉਸ ਨੇ ਸਾਈਕਲ ‘ਤੇ ਲਿਖਣਾ ਚਾਹਿਆ ਤਾਂ ਓਹ ਮੇਰੇ ਕੋਲ ਆਇਆ ਕਿਉਂਕਿ ਮੈਂ ਅਜੇ ਵੀ ਸਾਈਕਲ ਚਲਾਉਂਦਾ ਹਾਂ।
ਉਸ ਨੇ ਪਹਿਲਾਂ ਪਹਿਲਾਂ ਅਖ਼ਬਾਰਾਂ ਵਿੱਚ ਚਿਤਰਾਤਮਕ ਬੁਝਾਰਤਾਂ ਛਪਵਾਉਣੀਆਂ ਸ਼ੁਰੂ ਕੀਤੀਆਂ ਤੇ ਕਈ ਵੱਡੀਆਂ ਅਖ਼ਬਾਰਾਂ ਨੇ ਉਸ ਨੂੰ ਛਾਪਿਆ ਵੀ। ਜਿੱਸ ਨਾਲ ਉਸਨੂੰ ਕੁੱਝ ਆਰਥਿੱਕ ਫਾਇਦਾ ਵੀ ਹੋਇਆ ਪਰ ਕਿੱਸੇ ਨਾ ਕਿਸੇ ਕਾਰਨ ਇਹ ਬੁਝਾਰਤਾਂ ਛਪਣੋਂ ਬੰਦ ਹੋ ਗਈਆ ਪਰ ਇਹਨਾਂ ਕਰਕੇ ਬੇਦੀ ਦੀ ਪਾਠਕਾਂ ਨਾਲ ਜਾਣ ਪਹਿਚਾਣ ਜ਼ਰੂਰ ਬਣੀ। ਪੜਨ ਦਾ ਸ਼ੌਕੀਨ ਹੁਣ ਲਿੱਖਣ ਵੱਲ ਮੁੜਿਆ। ਓਹ ਦਸਦਾ ਹੈਕਿ ਉਸਨੇ ਕਰੀਬ 1995 ਵਿੱਚ ਲਿਖਣਾ ਸ਼ੁਰੂ ਕੀਤਾ ਜੋ ਅੱਜ ਤੱਕ ਜਾਰੀ ਹੈ। ਜਿਸ ਕਿਸੇ ਨਾਮੀ ਗਰਾਮੀ ਸ਼ਖ਼ਸੀਅਤ ਦਾ ਜਨਮ ਦਿਹਾੜਾ ਜਾਂ ਬਰਸੀ ਹੋਵੈ ਉਹ ਉਸ ਬਾਰੇ ਜਰੂਰ ਲਿੱਖਦਾ।
ਇੱਥੇ ਮੈ ਇਹ ਵੀ ਦਸ ਦਿੰਦਾ ਹਾਂ ਕਿ ਉਸਦਾ ਕਿੱਤਾ ਲਿੱਖਣ ਨਾਲ ਨਹੀਂ ਜੁੜਿਆ, ਉਹ ਫੈਕਟਰੀ ਲਾਈਨ ਦਾ ਬੰਦਾ ਹੈ। ਖੈਰ, ਉਸਦੇ ਅੰਦਰਲੇ ਲੇਖ਼ਕ ਨੇ ਉਸਨੂੰ ਲਿੱਖਣ ਲਾਈ ਰੱਖਿਆ। ਜਦੋ ਪਾਠਕ ਵੀ ਮੋਬਾਈਲ ਦੇ ਰਾਹੀ ਫੇਸਬੁੱਕ ਆਦਿ ਨਾਲ ਜੁੜਨ ਲੱਗੇ ਤਾਂ ਓਸਨੂੰ ਪਾਠਕਾਂ ਨਾਲ ਜੁੜਨ ਦਾ ਇੱਕ ਮੰਚ ਮਿਲ ਗਿਆ।
ਉਹ ਮਨਾਏ ਜਾਂਦੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਦਿਹਾੜੀਆਂ ਬਾਰੇ ਲਿੱਖਣ ਲੱਗਾ ਤਾਂ ਓਸ ਦੇ ਖੋਜ ਭਰਪੂਰ ਲੇਖ ਕਈ ਭਾਰਤੀ ਹੀ ਨਹੀਂ ਵਿਦੇਸ਼ੀ ਅਖ਼ਬਾਰਾਂ ਦੀ ਸ਼ੋਭਾ ਵੀ ਬਣੇ। ਮੇਰੀ ਨਜ਼ਰ ਹੈ ਉਸਦੇ ਪਾਕਿਸਤਾਨੀ ਅਖ਼ਬਾਰਾਂ ਵਿੱਚ ਛਪੇ ਅਜਿਹੇ ਲੇਖ ਬਾਰੇ ਜਿੰਨ੍ਹਾ ਦੀ ਲਿੱਪੀ ਅਰਬੀ ਸੀ ਪਰ ਉਹ ਪੰਜਾਬੀ ਲੇਖ ਸਨ। ਮੇਰੇ ਪੁੱਛਣ ਤੇ ਉਸਨੇ ਦਸਿਆ ਕਿ ਵਿਦੇਸ਼ੀ ਅਖ਼ਬਾਰਾਂ ‘ਚੋ ਪੜ ਕੇ ਉਸ ਨੂੰ ਕਿਸੇ ਉਰਦੂ ਅਖ਼ਬਾਰ ਦੇ ਸੰਪਾਦਕ ਨੇ ਲੇਖ ਭੇਜਣ ਵਾਸਤੇ ਕਿਹਾ। ਇਸ ਤਰ੍ਹਾਂ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਅਖ਼ਬਾਰ ਵਿੱਚ ਛੱਪਕੇ ਉਹ ਜਲੰਧਰ ਹੀ ਨਹੀਂ ਸਗੋਂ ਪੰਜਾਬ ਦਾ ਮਾਣ ਵੀ ਵਧਾ ਰਿਹਾ ਹੈ। ਇਕ ਮਿਹਨਤਕਸ਼ ਇੰਨਸਾਨ ਜੋ ਕਿੱਤੇ ਦੇ ਨਾਲ ਲੇਖਣ ਧਰਮ ਵੀ ਨਿਭਾ ਰਿਹਾ ਹੋਵੇ, ਅਜਿਹੇ ਲੇਖ਼ਕ ਘਟ ਹੀ ਹਨ ਜਿਹਨਾਂ ਕੋਲ ਹਰ ਵੇਲੇ ਕਲ਼ਮ ਤੇ ਕਾਗਜ਼ ਨਹੀਂ, ਲਿੱਖਣ ਵਾਲਾ ਕੋਈ ਵੱਖਰਾ ਕਮਰਾ ਵੀ ਨਹੀਂ, ਜਿੰਨ੍ਹਾ ਦੀ ਮੈਮੋਰੀ ਬੱਸ ਦਿਮਾਗ਼ ਵਿੱਚ ਹੀ ਹੋਵੇ, ਅਜਿਹੇ ਕਲਮ ਦੇ ਘੁਲਾਟੀਏ ਘੱਟ ਹੀ ਮਿਲਦੇ ਹਨ।
ਖ਼ੈਰ, ਉਹ ਦਸਦਾ ਹੈ ਕਿ ਭਾਵੇਂ ਲਿਖਣਾਂ ਉਸਦਾ ਸ਼ੌਂਕ ਹੀ ਸੀ ਪਰ ਉਸ ਦੇ ਚਹੇਤਿਆਂ ਦੇ ਭਰਪੂਰ ਸਮਰਥਨ ਨੇ ਹੁਣ ਮਜ਼ਬੂਰੀ ਵਿੱਚ ਬਦਲ ਦਿੱਤਾ।
ਉਸਦੇ ਚਾਹੁਣ ਵਾਲੇ ਜਦੋਂ ਓਸਨੂੰ ਫੋਨ ਕਰਦੇ ਹਨ ਤਾਂ ਉਹਨਾਂ ਦੀ ਹੱਲਾ ਸ਼ੇਰੀ ਨਾਲ ਉਹ ਆਪਣੇ ਇੱਸ ਲਿੱਖਣ ਵਾਲੇ ਸ਼ੌਂਕ ਨੂੰ ਜਾਰੀ ਰੱਖਣ ਦਾ ਮਨ ਬਣਾਈ ਰੱਖਦਾ ਹੈ। ਇਹ ਹਰਫਨ ਮੌਲਾ ਲੇਖ਼ਕ ਆਪਣੀ ਰਚਨਾਂ ਮੈਨੂੰ ਪੜਨ ਲਈ ਜਰੂਰ ਭੇਜਦਾ ਰਹਿੰਦਾ ਹੈ ਤੇ ਮੇਰੀ ਰਾਏ ਵੀ ਜਰੂਰ ਲੈਂਦਾ ਹੈ। ਉਹ ਇਹ ਵੀ ਦਸਣੋ ਕੰਜੂਸੀ ਨਹੀਂ ਕਰਦਾ ਕਿ ਮੇਰੀ ਰਾਏ ਉਸਦੇ ਲਈ ਸੁਗਾਤ ਦੇ ਨਾਲ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਹੁੰਦੀ ਹੈ।
ਕੁੱਝ ਵੀ ਹੋਵੈ ਵੱਖਰੇ ਵਿਸ਼ਿਆ ‘ਚ ਲਿੱਖਣ ਵਾਲਾ ਬਲਦੇਵ ਸਿੰਘ ਬੇਦੀ ਪੰਜਾਬੀ ਸਾਹਿਤ ਦਾ ਅਜਿਹਾ ਰਾਹੀ ਬਣਿਆ ਜਿਸਦੇ ਪ੍ਰਸ਼ੰਸਕ ਦੇਸ਼-ਵਿਦੇਸ਼ ਵਿੱਚ ਵਧਦੇ ਜਾ ਰਹੇ ਹਨ। ਅਸਟਰੀਆ ਤੋਂ ਤਾਂ ਰਾਹੁਲ ਨਾਮ ਦੇ ਪਾਠਕ ਨੇ ਉਸ ਤੇ ਕਵਿਤਾ ਹੀ ਲਿੱਖ ਭੇਜੀ ਜੋ ਉਸ ਲਈ ਕਿਸੇ ਸੁਗਾਤ ਤੋਂ ਘੱਟ ਨਹੀਂ ਸੀ।
ਉਸਦਾ ਲਿੱਖਣ ਪ੍ਰਤੀ ਦ੍ਰਿੜ ਇਰਾਦਾ ਦਸਦਾ ਹੈ ਕਿ ਓਹ ਸਾਹਿਤ ਦੀ ਝੋਲੀ ਵਿੱਚ ਕਾਫ਼ੀ ਰਚਨਾਵਾਂ ਪਾਵੇਗਾ ਅਤੇ ਪੰਜਾਬੀ ਸਾਹਿਤ ਦੀ ਰੁਸ਼ਨਾਈ ਦੇਸ਼ ਵਿਦੇਸ਼ ਵਿੱਚ ਫੈਲਾਇਗਾ। ਉਸ ਦੇ ਇੱਸ ਸਫ਼ਰ ਵਾਸਤੇ ਸ਼ੁਭਕਾਮਨਾਵਾਂ।
ਰਮੇਸ਼ ਸ਼ੌਕੀ
ਜਲੰਧਰ
9464461520
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ