(ਸਮਾਜ ਵੀਕਲੀ)-
ਏ ਦਿਲਾ
ਮੇਰਿਆ ਵੇ ।
ਦੱਸ ਤੈਨੂੰ ਕਿੱਦਾਂ ਸਮਝਾਵਾਂ
ਤੈਨੂੰ ਕਿੱਦਾਂ ਮਨਾਵਾਂ
ਤੈਨੂੰ ਕਿੱਦਾਂ ਪਰਚਾਵਾਂ
ਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰ
ਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰ
ਆਪਣੀ ਯਾਦ ਕਿਵੇਂ ਦਿਵਾਏਂਗਾ
ਉਸਨੂੰ ਹੁਣ ਤੂੰ ।
ਕਿਵੇਂ ਦੱਸੇਂਗਾ ਉਸਨੂੰ ਹੁਣ ਤੂੰ
ਤੇਰੇ ਦਿਲ ਦਾ ਸੁੱਖ ਚੈਨ ਤੇ ਹੁਣ ਉਹ
ਲੈ ਗਿਆ ਲੁੱਟ ਕੇ ਆਪਣੇ ਨਾਲ ਹੀ ।
ਏ ਦਿਲਾ
ਮੇਰਿਆ ਵੇ ।
ਕਿਵੇਂ ਮਹਿਸੂਸ ਕਰਾਏਂਗਾ ਹੁਣ ਤੂੰ ਉਸਨੂੰ
ਕਿ ਉਸਦੀ ਯਾਦ ਵਿੱਚ ਹਰ ਪੱਲ
ਤੂੰ ਹੁਣ ਹੌਕੇ ਭਰਦਾ ਰਹਿੰਦਾ ਹੈਂ ।
ਉਹ ਕਿਵੇ ਮਹਿਸੂਸ ਕਰੇਗਾ ਹੁਣ
ਕਿ ਤੇਰੀ ਭੁੱਖ ,ਪਿਆਸ ,ਨੀਂਦਰ
ਤੇ ਮਨ ਦੀ ਸ਼ਾਂਤੀ ਸੱਭ ਕੁਝ
ਲੈ ਗਿਆ ਆਪਣੇ ਨਾਲ ਹੁਣ ਉਹ ।
ਝੋਂਕ ਗਿਆ ਹੁਣ ਤੈਨੂੰ ਉਹ
ਦੁੱਖਾਂ ਦੀ ਭੱਠੀ ਵਿੱਚ
ਸੜਣੇ ਨੂੰ , ਮਰਨੇ ਨੂੰ ।
ਏ ਦਿਲਾ
ਮੇਰਿਆ ਵੇ ।
ਕਿਵੇਂ ਤੂੰ ਦਿਨੇ ਰਾਤ
ਵਿਲਕਦਾ ਪਿਆ ਏਂ ,
ਛਟਪਟਾ ਰਿਹਾ ਏਂ
ਇਹ ਅਹਿਸਾਸ ਹੁੰਦਾ ਉਸਨੂੰ
ਤੇ ਤੈਨੂੰ ਛੱਡ ਕੇ ਜਾਂਦਾ ਹੀ ਕਿਉਂ ਉਹ ।
ਇਸ ਹਾਲ ਵਿੱਚ ਹੁਣ ਤੈਨੂੰ
ਮੈਂ ਰੋਂਦਿਆਂ , ਕੁਰਲਾਉਂਦਿਆਂ ,
ਤੜਪਦਿਆਂ ਨਹੀਂ ਦੇਖ ਸਕਦੀ ।
ਏ ਦਿਲਾ
ਮੇਰਿਆ ਵੇ ।
ਦੱਸ ਤੂੰ ਕੋਈ ਬੱਚਾ ਤੇ ਨਹੀਂ ਕਿ
ਮੇਰੇ ਦਿੱਤੇ ਕਿਸੇ ਗਿਫ਼ਟ ਨਾਲ
ਪਰਚ ਜਾਏਂਗਾ ਤੂੰ ।
ਤੇ ਮੈਂ ਕਹਾਂਗੀ ਤੇ ਤੂੰ
ਭੁੱਲ ਜਾਏਂਗਾ ਉਸਨੂੰ ।
ਛੱਡ ਕੇ ਜਾਣ ਵਾਲੇ ਮੁੜ ਕਦੀ
ਨਹੀਂ ਦੇਖਦੇ ਇਹ ਕਿ
ਉਸ ਦਿਲ ਤੇ ਕੀ ਬੀਤ ਰਹੀ ਹੈ ।
ਏ ਦਿਲਾ
ਮੇਰਿਆ ਵੇ ।
ਤੂੰ ਹੀ ਦੱਸ ਖਾਂ ਵੇ ਤੈਨੂੰ ਮੈਂ
ਐਸਾ ਗਿਫ਼ਟ ਕੀ ਦਿਆਂ ਕਿ
ਤੂੰ ਉਸਦੀਆਂ ਯਾਦਾਂ ਵਿੱਚੋਂ
ਬਾਹਰ ਨਿਕਲ ਆਪਣਾ
ਕੁਝ ਤੇ ਖ਼ਿਆਲ ਕਰੇਂ ।
ਦਿਨ ਰਾਤ ਅੰਦਰ ਹੀ ਅੰਦਰ
ਘੁੱਟ ਘੁੱਟ ਕੇ ਮਰੀ ਜਾ ਰਿਹਾ ਏਂ ।
ਤੈਨੂੰ ਇਸ ਹਾਲ ਵਿਚ
ਨਹੀਂ ਦੇਖ ਸਕਦੀ ਮੈਂ ।
ਏ ਦਿਲਾ
ਮੇਰਿਆ ਵੇ ।
ਸੁਣ ਰਿਹਾ ਹੈਂ ਨਾ ਤੂੰ
ਕਿ ਤੂੰ ਵੀ ਉਸ ਵਾਂਗ
ਸੁਣੀ ਅਣਸੁਣੀ ਕਰ ਰਿਹਾ ਏਂ ।
ਸਮਝ ਕੇ ਵੀ ਨਾ ਸਮਝ
ਬਣਿਆ ਬੈਠਾ ਏਂ ।
ਏ ਦਿਲਾ
ਮੇਰਿਆ ਵੇ ।
ਏ ਦਿਲਾ
ਦੱਸ ਮੈਂ ਕੀ ਕਰਾਂ ।
ਏ ਦਿਲਾ
ਮੇਰਿਆ ਵੇ ।
“ ਦਿਲ ਹੈ ਕਿ ਮਾਨਤਾ ਨਹੀਂ “।
( ਰਮਿੰਦਰ ਰੰਮੀ )