HOME ਇੱਕ ਬੈਂਤ…ਜੋਗੀ ਪੂਰਨ ਤੇ ਰਾਣੀ ਸੁੰਦਰਾਂ

ਇੱਕ ਬੈਂਤ…ਜੋਗੀ ਪੂਰਨ ਤੇ ਰਾਣੀ ਸੁੰਦਰਾਂ

1
ਜਸਵਿੰਦਰ ਪੰਜਾਬੀ 
  (ਸਮਾਜ ਵੀਕਲੀ) 
ਤਨ ਜੋਗੀਆਂ ਖੇਸ ਤੇ ਕੰਬਲੀ ਏ,ਸਾਨੂੰ ਸ਼ੋਭਦੇ ਨਹੀਂ ਸ਼ਿੰਗਾਰ ਸੁੰਦਰਾਂ।
ਨੰਗੇ ਪੈਰ ਫ਼ਕੀਰਾਂ ਨਾ ਚੁਭਣ ਕੰਡੇ,ਸਾਦਾ ਖਾਈਏ ਨਾ ਹੋਈਏ ਬਿਮਾਰ ਸੁੰਦਰਾਂ।
ਸਾਨੂੰ ਭੁੱਖ ਨਾ ਕਾਮ ਤੇ ਲਾਲਚਾਂ ਦੀ,ਸਾਡਾ ਇੱਕੋ ਖ਼ੁਦਾ ਹੈ ਯਾਰ ਸੁੰਦਰਾਂ।
ਗੁਰੂ ਗੋਰਖ ਨੂੰ ਸੌਂਪਿਆ ਬਦਨ ਸਾਰਾ,ਓਹਦੇ ਬਣੇ ਆਂ ਅਸੀਂ ਨਚਾਰ ਸੁੰਦਰਾਂ।
ਬਾਰਾਂ ਸਾਲ ਤੱਕ ਰੱਖਿਆ ਵਿੱਚ ਭੋਰੇ,ਕੀਤੇ ਕਿਸੇ ਦੇ ਨਾ ਦੀਦਾਰ ਸੁੰਦਰਾਂ।
ਜਦ ਨਿਕਲਿਆ ਭੋਰੇ ਦੀ ਕੈਦ ਵਿੱਚੋਂ,ਲਈ ਬਾਹਰਲੀ ਹਵਾ ਦੀ ਸਾਰ ਸੁੰਦਰਾਂ।
ਮੇਰੇ ਰੂਪ ‘ਤੇ ਲੂਣਾ ਮਾਂ ਮੋਹਤ ਹੋਈ,ਬੈਠੀ ਰਿਸ਼ਤਾ ਓਹ ਪਾਕਿ ਵਿਸਾਰ ਸੁੰਦਰਾਂ।
ਕੁੱਝ ਪਲਾਂ ਲਈ ਮਾਂ ਦੀ ਗੋਦ ਮਿਲੀ,ਕੁੱਝ ਛਿਨਾਂ ਲਈ ਬਾਪ ਲਡਾਰ ਸੁੰਦਰਾਂ।
ਢੱਠੇ ਖੂਹ ਦੇ ਵਿੱਚ ਹੀ ਦਫ਼ਨ ਹੋਈ,ਜਿਹੜੀ ਆਈ ਸੀ ਸਾਡੇ ਬਹਾਰ ਸੁੰਦਰਾਂ।
ਥਾਂ-ਥਾਂ ਤੋਂ ਪੱਛਿਆ ਜਿਸਮ ਮੇਰਾ,ਐਸੀ ਮਾਰੀ ਜੱਲਾਦਾਂ ਨੇ ਮਾਰ ਸੁੰਦਰਾਂ।
ਸਾਡੇ ਸੀਨੇ ਦੇ ਵਿੱਚ ਨੇ ਦਰਦ ਬਾਅਲੇ਼,ਯਾਦ ਕਰ ਰੋਵਾਂ ਜ਼ਾਰੋ-ਜ਼ਾਰ ਸੁੰਦਰਾਂ।
ਜੋ ਤੂੰ ਭਾਲ਼ਦੀ ਪਈਂ ਏਂ ਫੱਕਰਾਂ ਤੋਂ,ਓਹ ਮਿਲਣਾ ਨਾ ਸਾਥੋਂ ਪਿਆਰ ਸੁੰਦਰਾਂ।
ਓਹ ਮਿਲਣਾ ਨਾ ਸਾਥੋਂ ਪਿਆਰ ਸੁੰਦਰਾਂ।
-ਜਸਵਿੰਦਰ ਪੰਜਾਬੀ 
Previous articleਬੜਾ ਡਰਾਉਂਦੀਆਂ ਨੇ ਖਬਰਾਂ
Next article***ਵਿਕ ਜਾਂਦੇ ਨੇ***