(ਸਮਾਜ ਵੀਕਲੀ) –“ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?’ ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ ਤੇ ਰਹਿੰਦੇ ਹਾਂ। ਹੇਠਲੇ ਹਿੱਸੇ ਚ ਵੱਡੇ ਭਾਬੀ ਜੀ ਦਾ ਪਰਿਵਾਰ, ਛੋਟੇ ਭਾਬੀ ਜੀ ਤੇ ਮਾਤਾ ਤੇ ਬਾਊ ਜੀ ਹੁੰਦੇ ਹਨ। ਬੱਚੇ ਚਾਰੇ ਹੀ ਬਾਹਰ ਹੋਸਟਲਾਂ ਚ ਪੜ੍ਹਦੇ ਹਨ। ਇਸੇ ਲਈ ਤਾਂ ਅਸੀ ਇੱਕ ਪਰਿਵਾਰ ਦੀ ਤਰਾਂ ਹੀ ਰਹਿੰਦੇ ਹਾਂ। ਇਹਨਾਂ ਦੇ ਰੱਬ ਦਾ ਦਿੱਤਾ ਸਭ ਕੁਝ ਹੈ। ਬਾਊ ਜੀ ਇੱਕ ਸੇਵਾਮੁਕਤ ਅਫਸਰ ਹਨ। ਵੱਡੇ ਭਾਈ ਸਾਬ ਬੈਂਕ ਵਿੱਚ ਲੱਗੇ ਹਨ ਤੇ ਛੋਟੇ ਭਾਈ ਸਾਬ ਦਾ ਚੰਗਾ ਕਾਰੋਬਾਰ ਹੈ। ਵੱਡੇ ਭਾਬੀ ਜੀ ਚਾਹੇ ਐਮ ਏ ਬੀ ਐਡ ਹਨ ਪਰ ਇਹਨਾਂ ਨੇ ਉਸਨੂੰ ਨੋਕਰੀ ਨਹੀ ਕਰਵਾਈ। ਪਰ ਛੋਟੇ ਭਾਬੀ ਜੀ ਵਿਆਹ ਤੋਂ ਪਹਿਲਾਂ ਦੇ ਹੀ ਬੀਮਾਂ ਕੰਪਨੀ ਚ ਲੱਗੇ ਹੋਏ ਸਨ। ਸੋ ਹਰ ਕੋਈ ਆਪਣੀ 2 ਜਗ੍ਹਾ ਤੇ ਖੁਸ ਹੈ।
ਸਾਡੇ ਬੱਚੇ ਜਿਆਦਾਤਰ ਥੱਲੇ ਹੀ ਰਹਿੰਦੇ। ਕਦੇ ਭਾਈ ਸਾਬ ਖਿਡਾਉਂਦੇ ਤੇ ਕਦੇ ਵੱਡੇ ਬਾਊ ਜੀ। ਮਾਤਾ ਜੀ ਤਾਂ ਅਕਸਰ ਬੱਚਿਆਂ ਨੂੰ ਆਪਣੇ ਕੋਲੇ ਬੁਲਾ ਲੈਂਦੇ। ਘੰਟਿਆ ਬੱਧੀ ਇਹਨਾ ਨਾਲ ਹੀ ਹੱਸਦੇ ਰਹਿੰਦੇ ਹਨ। ਮਾਤਾ ਜੀ ਕੁਸ ਵੀ ਖਾਣ ਨਿੱਕੜੀ ਨੂੰ ਨਾਲ ਹੀ ਖਵਾਉਂਦੇ ਹਨ। ਇਹ ਵੀ ਐਡੀ ਢੀਠ ਹੈ ਅਖੇ ਮੈਂ ਮਾਤਾ ਨਾਲ ਹੀ ਖਾਊਂ। ਮੈਂ ਕਈ ਵਾਰੀ ਗੁੱਸੇ ਹੋ ਜਾਂਦੀ ਹਾਂ ਪਰ ਕੀ ਕਰਾਂ ਵੱਡੇ ਭਾਬੀ ਜੀ ਮੈਨੂੰ ਝਿੜਕ ਦਿੰਦੇ ਹਨ। ਤੇ ਇਸ ਨੂੰ ਵੀ ਚਮਚ ਪਕੜਾ ਦਿੰਦੇ ਹਨ। ਜੇ ਕਦੇ ਆਦੀ ਥੱਲੇ ਨਾ ਜਾਵੇ ਤਾਂ ਕੋਈ ਨਾ ਕੋਈ ਆਵਾਜ ਮਾਰ ਦਿੰਦਾ ਹੈ। ਬੱਚੇ ਜੇ ਕਿਸੇ ਗੱਲ ਨੂੰ ਲੈ ਕੇ ਜਿੱਦ ਕਰਨ ਤਾਂ ਭਾਈ ਸਾਬ ਬੱਚਿਆਂ ਦਾ ਹੀ ਪੱਖ ਪੂਰਦੇ ਹਨ। ਤੇ ਬੱਚਿਆਂ ਦੀ ਜਿੱਦ ਝੱਟ ਪੂਰੀ ਕਰ ਦਿੰਦੇ ਹਨ। ਭਾਬੀ ਜੀ ਜੋ ਵੀ ਥੱਲੇ ਖਾਣ ਨੂੰ ਬਣਿਆ ਹੋਵੇ ਉਪਰ ਆਕੇ ਆਪ ਦੇ ਜਾਂਦੇ ਹਨ ਅਖੇ ਇਸ ਬਹਾਨੇ ਮੇਰੇ ਗੋਡੇ ਚਲਦੇ ਰਹਿਣ ਗੇ।
ਪਹਿਲੇ ਦਿਨ ਤੋਂ ਹੀ ਇਹ ਸਾਡੇ ਨਾਲ ਘੁੱਲ ਮਿਲ ਗਏ। ਮੇਰੇ ਪਤੀ ਦੇਵ ਨੂੰ ਵੀ ਇਹਨਾਂ ਦਾ ਬਹੁਤ ਸਹਾਰਾ ਸੀ। ਇਹ ਵੀ ਆਪਣੀ ,ਆਪਣੇ ਘਰ ਦੀ, ਕਾਰੋਬਾਰ ਦੀ, ਹਰ ਗੱਲ ਭਾਈ ਸਾਬ ਨਾਲ ਕਰ ਲੈਂਦੇ ਸੀ । ਭਾਈ ਸਾਬ ਵੀ ਹਮੇਸਾ ਇਹਨਾਂ ਨੂੰ ਆਪਣਾ ਛੋਟਾ ਭਰਾ ਹੀ ਸਮਝਦੇ। ਸਾਡੀ ਕਦੇ ਵੀ ਮਕਾਨ ਮਾਲਿਕ ਤੇ ਕਿਰਾਏਦਾਰਾ ਵਾਲੀ ਗੱਲ ਨਹੀ ਸੀ। ਸਾਡੇ ਦੋਹਾਂ ਘਰਾਂ ਦੇ ਰਿਸਤੇਦਾਰ ਵੀ ਇੱਕ ਦੂਜੇ ਨੂੰ ਜਾਣਦੇ ਸਨ। ਕਈ ਵਾਰੀ ਜਦੋਂ ਅਸੀ ਘਰ ਨਾ ਹੁੰਦੇ ਕਿਤੇ ਬਾਹਰ ਗਏ ਹੁੰਦੇ ਤੇ ਪਿੱਛੋ ਕੋਈ ਆਇਆ ਗਿਆ ਆ ਾਂਂਦਾ ਤਾਂ ਭਾਬੀ ਜੀ ਆਪੇ ਹੀ ਚਾਹ ਪਾਣੀ ਪਿਲਾ ਦਿੰਦੇ। ਜੇ ਮੈਂ ਕਦੇ ਪੇਕੇ ਵੀ ਚਾਰ ਦਿਨ ਚਲੀ ਜਾਂਦੀ ਤਾਂ ਮੈਨੂੰ ਇਹਨਾਂ ਦੇ ਰੋਟੀ ਟੁੱਕ ਦਾ ਭੋਰਾ ਫਿਕਰ ਨਹੀ ਸੀ ਹੁੰਦਾ।
±ੁਰੂ ਤੋਂ ਹੀ ਮੈਂ ਕਿਰਾਇਆ ਵੱਡੇ ਭਾਬੀ ਜੀ ਨੁੰ ਫੜਾ ਦਿੰਦੀ ਸੀ ਤੇ ਭਾਬੀ ਜੀ ਅੱਗੇ ਮਾਤਾ ਜੀ ਨੂੰ। ਇਸ ਗੱਲ ਦਾ ਮੈਨੂੰ ਪਤਾ ਸੀ ਕਿ ਕਿਰਾਇਆ ਮਾਤਾ ਜੀ ਕੋਲੇ ਹੀ ਪਹੁੰਚਦਾ ਹੈ। ਤੇ ਮਾਤਾ ਜੀ ਹੀ ਆਪਣੀ ਮਰਜੀ ਨਾਲ ਵਰਤਦੇ ਸਨ। ਧੀਆਂ ਨੂੰ ਦੇਣਾ ਲੈਣਾ ਕੋਈ ਤਿੱਥ ਤਿਉਹਾਰ ਪੁੰਨ ਦਾਨ ਸਭ ਮਾਤਾ ਜੀ ਆਪਣੇ ਪੈਸਿਆਂ ਤੋਂ ਹੀ ਕਰਦੇ ਸਨ। ਇਹ ਉਹਨਾਂ ਦੇ ਘਰ ਦਾ ਮਸਲਾ ਸੀ ।ਇਸ ਤਰ੍ਹਾਂ ਮਾਤਾ ਜੀ ਨੂੰ ਕਿਸੇ ਕੋਲੋ ਪੈਸੇ ਨਹੀ ਸਨ ਮੰਗਣੇ ਪੈਂਦੇ।ਅਸੀ ਸੁਰੂ ਤੋਂ ਹੀ ਬਸ ਚਾਰ ਹਜਾਰ ਹੀ ਦਿੰਦੇ ਸੀ। ਕਿਰਾਇਆ ਵਧਾਉਣ ਲਈ ਇੱਕ ਦੋ ਵਾਰ ਮੇਰੇ ਪਤੀ ਦੇਵ ਨੇ ਆਖਿਆ ਵੀ ਪਰ ਭਾਬੀ ਜੀ ਨੇ ਮਨ੍ਹਾਂ ਕਰ ਦਿੱਤਾ। ਪਰ ਮੈਂ ਪਿੱਛਲੇ ਕੁਝ ਦਿਨਾਂ ਤੋਂ ਨੋਟ ਕਰ ਰਹੀ ਸੀ ਕਿ ਭਾਬੀ ਜੀ ਚੁੱਪ ਜਿਹੇ ਹਨ ਪਤਾ ਨਹੀ ਕਿਉਂ।
ਹੋਇਆ ਇਸ ਤਰ੍ਹਾਂ ਕਿ ਪਹਿਲਾਂ ਮੈਂ ਪੇਕੇ ਚਲੀ ਗਈ ਤੇ ਤਿੰਨ ਚਾਰ ਤਰੀਕ ਨੂੰ ਵਾਪਿਸਆਈ ਤੇ ਫਿਰ ਭਾਬੀ ਜੀ ਬਿਆਸ ਚਲੇ ਗਏ। ਉਹਨਾਂ ਨੇ ਪੰਦਰਾਂ ਤਰੀਕ ਤੋਂ ਬਾਅਦ ਹੀ ਆਉਣਾ ਸੀ। ਇਹ ਮੈਨੂੰ ਰੋਜ ਪੁੱਛਦੇ ਕਿ ਕਿਰਾਇਆ ਦਿੱਤਾ ਕਿ ਨਹੀ ? ਕਿਉਂਕਿ ਸਾਡਾ ਅਸੂਲ ਹੀ ਸੀ ਕਿ ਕਿਰਾਇਆ ਹਰ ਮਹੀਨੇ ਐਡਵਾਂਸ ਹੀ ਦੇ ਦਿੱਤਾ ਜਾਵੇ ਉਹ ਵੀ ਬਸ ਦੋ ਜਾਂ ਤਿੰਨ ਤਰੀਕ ਨੂੰ। ਇਸ ਬਾਰ ਗਿਆਰਾਂ ਤਰੀਕ ਹੋ ਗਈ ਤੇ ਸਾਨੂੰ ਤਾਂ ±ਰਮ ਜਿਹੀ ਆਉਣ ਲੱਗ ਪਈ। ਚਾਹੇ ਪੈਸੇ ਤਾਂ ਪਹਿਲੀ ਤਰੀਕ ਦੇ ਹੀ ਮੇਰੇ ਕੋਲ ਪਏ ਸਨ। ਬਸ ਭਾਬੀ ਜੀ ਨਾਲ ਮੇਲ ਹੀ ਨਹੀ ਹੋਇਆ। ਬਾਰਾਂ ਤਰੀਕ ਨੂੰ ਸਵੇਰੇ ਹੀ ਮੈਂ ਪੈਸੇ ਮਾਤਾ ਜੀ ਨੂੰ ਦੇ ਦਿੱਤੇ ਕਿਉਂਕਿ ਮੈਨੁੰ ਪਤਾ ਹੀ ਸੀ ਕਿ ਪੈਸੇ ਮਾਤਾ ਜੀ ਕੋਲ ਹੀ ਜਾਣੇ ਹਨ। ਪੈਸੇ ਦੇ ਕੇ ਮੈਂ ਫਾਰਿਗ ਹੋ ਗਈ ਤੇ ਜਦੋਂ ਭਾਬੀ ਜੀ ਆਏ ਤਾਂ ਮੈਂ ਗੱਲਾਂ ਗੱਲਾਂ ਚ ਭਾਬੀ ਜੀ ਨੂੰ ਦੱਸ ਦਿੱਤਾ। ਮੈਂ ਨੋਟ ਕੀਤਾ ਕਿ ਭਾਬੀ ਜੀ ਦਾ ਰੰਗ ਉਸੇ ਵੇਲੇ ਫਿੱਕਾ ਪੈ ਗਿਆ। ਮੈਂ ਵੀ ਗਲਤ ਨਹੀ ਸੀ ।ਇਹ ਗੱਲ ਵਿੱਚ ਭੋਰਾ ਵੀ ±ੱਕ ਨਹੀ ਸੀ ਕਿ ਪੈਸੇ ਗਲਤ ਹੱਥਾਂ ਵਿੱਚ ਚਲੇ ਗਏ ਹੋਣ। ਕਿਉਂਕਿ ਇਹ ਤਾਂ ਗੱਲ ਚੋੜੀ ਚਿੱਟੀ ਸੀ ਕਿ ਕਿਰਾਇਆ ਮਾਤਾ ਜੀ ਕੋਲ ਹੀ ਜਾਂਦਾ ਹੈ।
ਇਹ ਵੀ ਨਹੀ ਸੀ ਕਿ ਪਰਿਵਾਰ ਦੀ ਕੋਈ ਗੱਲ ਮੈਂਥੋ ਲੁਕੀ ਹੋਈ ਸੀ । ਮਾਤਾ ਜੀ ਵੀ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀ। ਵੱਡੇ ਤੇ ਛੋਟੇ ਭਾਬੀ ਜੀ ਮੇਰੇ ਨਾਲ ਪੂਰੀ ਤਰ੍ਹਾਂ ਖੁੱਲੇ ਸਨ। ਮੈਂ ਵੀ ਘਰ ਦੇ ਸਾਰੇ ਝੋਰੇ ਝੋਖੇ ਤੰਗੀਆਂ ਤੁਰਸੀਆਂ ਬਾਰੇ ਸਾਰੀਆਂ ਗੱਲਾਂ ਕਰਕੇ ਮਨ ਹੋਲਾ ਕਰ ਲੈਂਦੀ ਸੀ। ਦੋ ਕੁੜੀਆਂ ਤੇ ਦੋ ਮੁੰਡੇ ਛੇ ਜੀਆਂ ਦਾ ਸਾਡਾ ਪਰਿਵਾਰ ਤੇ ਪ੍ਰਾਈਵੇਟ ਨੋਕਰੀ । ਗੁਜਾਰਾ ਹੋ ਹੀ ਜਾਂਦਾ ਸੀ। ਪਰ ਕਿਰਸ ਤਾਂ ਕਰਨੀ ਹੀ ਪੈਂਦੀ ਸੀ। ਬਾਕੀ ਮੋਬਾਇਲਾਂ, ਗੈਂਸ ਸਿੰਲਡਰਾਂ ਦੇ ਖਰਚੇ ਬਿਜਲੀ ਪਾਣੀ ਦੇ ਬਿੱਲ ਤੇ ਆਹ ਚਾਰ ਚਾਰ ਬੱਚਿਆਂ ਦੇ ਪੜਾਈ ਦੇ ਖਰਚੇ ਤੇ ਉੱਤੋ ਆਪਣਾ ਮਕਾਨ ਵੀ ਨਾ ਹੋਵੇ। ਟੈਂਸਨ ਦਾ ਰਹਿੰਦੀ ਹੀ ਸੀ ਤੇ ਉਤੋਂ ਭਾਬੀ ਆਲੀ ਗੱਲ। ਹਾਂ ਇਸ ਘਰ ਚ ਰਹਿੰਦਿਆਂ ਮੈਨੂੰ ਕੋਈ ਹੋਰ ਫਿਕਰ ਨਹੀ ਸੀ। ਪੂਰਾ ਪਰਿਵਾਰ ਜੋ ਮਿਲਿਆ ਸੀ ਮੈਨੂੰ।
“ਤੂੰ ਬਹੁਤਾ ਫਿਕਰ ਨਾ ਕਰਿਆ ਕਰ। ਤੇਰੀ ਮਾਂ ਨੂੰ ਨਾ ਦੱਸਿਆ ਕਰ , ਵਿਚਾਰੀ ਦਿਲ ਨੂੰ ਲਾ ਲੈਂਦੀ ਹੈ। ਧੀਆਂ ਦੇ ਦੁੱਖ ਝੱਲੇ ਨਹੀ ਜਾਂਦੇ ਮਾਂਵਾਂ ਤੋਂ ‘। ਮਾਤਾ ਜੀ ਅਕਸਰ ਮੈਨੂੰ ਸਮਝਾਉਂਦੇ। “ਤੂੰ ਮੇਰੇ ਨਾਲ ਕਰ ਲਿਆ ਕਰ ਮਨ ਹੋਲਾ । ਮੈਂ ਵੀ ਤੇ ਤੇਰੀ ਮਾਂ ਸਮਾਨ ਹੀ ਹਾਂ। ‘ ਮਾਤਾ ਜੀ ਦੀਆਂ ਇਹਨਾਂ ਗੱਲਾਂ ਨਾਲ ਮੈਨੂੰ ਹੋਸਲਾ ਮਿਲਦਾ। ਭਾਬੀ ਜੀ ਵੀ ਆਨੀ ਬਹਾਨੀ ਮੇਰੀ ਸਹਾਇਤਾ ਕਰਦੇ। ਕਈ ਅਜੇਹੀਆਂ ਚੀਜਾਂ ਜੋ ਮੇਰੇ ਕੰਮ ਆ ਸਕਦੀਆਂ ਹੁੰਦੀਆਂ ਮੈਨੂੰ ਬਹਾਨੇ ਜਿਹੇ ਨਾਲ ਦੇ ਦਿੰਦੇ ਪਰ ਉਹ ਦਿੰਦੇ ਇਸ ਤਰਾਂ ਕਿ ਮੇਰੇ ਵਕਾਰ ਨੂੰ ਠੇਸ ਨਾ ਪਹੁੰਚੇ। ਜਦੋਂ ਮਾਤਾ ਦੀ ਧੀ ਰੱਖੜੀ ਤੇ ਆਉਂਦੀ ਤਾਂ ਉਹ ਆਦੀ ਦੇ ਰੱਖੜੀ ਜਰੂਰ ਬੰਨਦੇ ਨਾਲੇ ਕੋਈ ਨਾ ਕੋਈ ਗਿਫਟ ਵੀ ਦਿੰਦੇ ਹਰ ਸਾਲ।
ਮੈਨੂੰ ਬਹੁਤ ਚਿੰਤਾ ਲੱਗੀ ਹੋਈ ਸੀ ਵੱਡੀ ਭਾਬੀ ਦੀ ਗੱਲ ਨੂੰ ਲੈ ਕੇ। ਪਤਾ ਨਹੀ ਇਹ ਮੇਰਾ ਵਹਿਮ ਸੀ ਜਾਂ ਸੱਚੀ ਕੋਈ ਗੱਲ ਸੀ । ਪਰ ਭਾਬੀ ਜੀ ਹਰ ਬਾਰ ਹੱਸ ਕੇ ਟਾਲ ਦਿੰਦੇ। ਮੈਂ ਇਹਨਾ ਨਾਲ ਵੀ ਗੱਲ ਕੀਤੀ ਪਰ ਇਹਨਾਂ ਨੇ ਕੋਈ ਖਾ± ਤਵੱਜੋ ਨਹੀ ਦਿੱਤੀ। ਆਖਿਰ ਮੈਂ ਛੋਟੀ ਭਾਬੀ ਨੂੰ ਪੁੱਛਿਆ। ਚਾਹੇ ਉਹ ਮੇਰੇ ਨਾਲ ਐਨੇ ਖੁਲ੍ਹੇ ਨਹੀ ਸਨ। ਪਰ ਮੈਂ ਵੀ ਮਜਬੂਰ ਸੀ। ਉਹਨਾਂ ਨੇ ਵੀ ਗੱਲ ਕਿਸੇ ਬੰਨੇ ਨਾ ਲਾਈ। ਜਦੋਂ ਅਗਲਾ “ਕੋਈ ਗੱਲ’ ਨਹੀ ਆਖ ਦੇਵੇ ਤਾਂ ਬੰਦਾ ਦੁਹਰਾ ਕੇ ਕੀ ਪੁੱਛੇ। ਉਹਨਾਂ ਦੀਆਂ ਅੱਖਾਂ ਬੋਲਦੀਆਂ ਸਨ। ਤੇ ਮੈਂ ਗੱਲ ਪਕੜਦੀ ਸੀ। ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ ਤੇ ਭੈੜੇ ਭੈੜੇ ਖਿਆਲ ਆਉਂਦੇ।ਮੈਨੂੰ ਲੱਗਦਾ ਕਿਤੇ ਇਹ ਮਕਾਨ ਖਾਲੀ ਕਰਨ ਦਾ ਹੀ ਨਾ ਕਹਿ ਦੇਣ।
ਆਖਿਰ ਇੱਕ ਦਿਨ ਮੈਂ ਰੋ ਪਈ ਛੋਟੀ ਭਾਬੀ ਜੀ ਕੋਲ। ਤੇ ਮੈਂ ਆਦੀ ਦੀ ਸੋਂਹੁੰ ਪਾ ਦਿੱਤੀ । ਤੇ ਭਾਬੀ ਜੀ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ। ਭਾਬੀ ਜੀ ਦੀਆਂ ਅੱਖਾਂ ਚੋ ਹੰਝੂ ਪਰਲ ਪਰਲ ਡਿੱਗਣ ਲੱਗੇ। “ਖਬਰਦਾਰ ਜੇ ਅੱਗੇ ਤੋਂ ਆਦੀ ਦੀ ਸੌਂਹੁੰ ਪਾਈ ਤਾਂ। ‘ ਉਹ ਤਾਂ ਆਦੀ ਨੂੰ ਆਪਣਾ ਬੇਟਾ ਹੀ ਆਖਦੇ ਸਨ। ਕਿਉਂਕਿ ਉਸ ਦੇ ਦੋ ਧੀਆਂ ਹੀ ਸਨ। “ਸੁਮਨ ਮੈਂ ਮਜਬੂਰ ਹਾਂ ਮੈਂ ਇਸ ਬਾਰੇ ਕੁਝ ਨਹੀ ਬੋਲ ਸਕਦੀ। ਮੈਨੂੰ ਵੱਡੇ ਭਾਬੀ ਜੀ ਨੇ ਕਸਮ ਦਿੱਤੀ ਹੈ। ‘ ਤੇ ਨਾਲ ਹੀ ਉਸ ਨੇ ਵੱਡੇ ਭਾਬੀ ਜੀ ਨੂੰ ਆਵਾਜ ਮਾਰ ਦਿੱਤੀ। ਤੇ ਸਾਰੀ ਗੱਲ ਉਸ ਨੂੰ ਦੱਸੀ ।
ਹੁਣ ਵੱਡੇ ਭਾਬੀ ਜੀ ਮੈਨੂੰ ਸਾਰੀ ਗੱਲ ਦੱਸ ਸਕਦੇ ਸੀ। ਪਰ ਉਹਨਾਂ ਦਾ ਹੋਸਲਾ ਨਹੀ ਸੀ ਪੈ ਰਿਹਾ। ਮੇਰੇ ਦਿਲ ਨੂੰ ਹੋਲ ਜਿਹੇ ਪੈ ਰਹੇ ਸੀ। “ਗੱਲ ਦਰਅਸਲ ਇਹ ਹੈ ਕਿ ___।’ ਭਾਬੀ ਤੋਂ ਗੱਲ ਨਾ ਹੋਈ। ਤੇ ਉਸ ਦਾ ਗਲਾ ਭਰ ਆਇਆ। ਹੁਣ ਛੋਟੇ ਭਾਬੀ ਜੀ ਨੇ ਗੱਲ ਸੁਰੂ ਕੀਤੀ। “ਜਦੋਂ ਤੁਹਾਨੂੰ ਆਇਆ ਨੂੰ ਦੂਜਾ ਸਾਲ ਹੋ ਗਿਆ ਤਾਂ ਮਾਤਾ ਜੀ ਕਹਿੰਦੇ ਕਿ ਕਿਰਾਇਆ ਇੱਕ ਹਜਾਰ ਰੁਪਿਆ ਵਧਾ ਦਿਉ। ਇਹ ਅਸੂਲ ਹੈ। ਹੁਣ ਮਾਤਾ ਜੀ ਦਾ ਕਿਹਾ ਅਸੀ ਉਲਟਾ ਨਹੀ ਸਕਦੇ ਸੀ। ਤੇ ਅਸੀ ਦੋਹਾਂ ਨੇ ਆਪਸ ਚ ਰਾਇ ਕਰਕੇ ਵਧਿਆ ਕਿਰਾਇਆ ਪੱਲਿਉ ਪਾਕੇ ਮਾਤਾ ਜੀ ਨੂੰ ਦੇ ਦਿੰਦੇ ਸੀ। ਅਸੀ ਚਾਹੁੰਦੀਆਂ ਤਾਂ ਮਾਤਾ ਜੀ ਨੂੰ ਕਿਰਾਇਆ ਵਧਾਉਣ ਤੋ ਰੋਕ ਵੀ ਸਕਦੀਆਂ ਸੀ ਪਰ ਅਸੀ ਅਜਿਹਾ ਨਹੀ ਕੀਤਾ ਕਿ ਮਾਤਾ ਜੀ ਤੁਹਾਡੇ ਬਾਰੇ ਗਲਤ ਨਾ ਸੋਚਣ। ਅਸੀ ਪਿੱਛਲੇ ਦੋ ਸਾਲ ਤੋਂ ਇੱਕ ਹਜਾਰ ਕੋਲੋ ਪਾ ਕੇ ਮਾਤਾ ਜੀ ਨੂੰ ਦਿੰਦੀਆਂ ਰਹੀਆਂ ਤੇ ਹੁਣ ਤੁਸੀ ਸਿੱਧਾ ਮਾਤਾ ਜੀ ਨੂੰ ਕਿਰਾਇਆ ਦੇ ਕੇ ਸਾਡਾ ਭੇਦ ਖੋਲ ਦਿੱਤਾ। ਚਾਹੇ ਤੁਹਾਡਾ ਕੋਈ ਕਸੂਰ ਨਹੀ। ਪਰ ਮਾਤਾ ਜੀ ਕੀ ਸੋਚਦੇ ਹੋਣੇ ਆ ਸਾਡੇ ਬਾਰੇ।’ ਵੱਡੇ ਭਾਬੀ ਜੀ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਸਨ।
“ਨਹੀ ਤੁਸੀ ਮੈਨੂੰ ਐਨੀ ਮਾੜੀ ਕਿਵੇਂ ਸਮਝ ਲਿਆ । ਮੈਂ ਤਾਂ ਕਿਰਾਇਆ ਲੈਣਾ ਹੀ ਨਹੀ ਸੀ ਚਾਹੁੰਦੀ ਇਹਨਾ ਤੋਂ। ਜਿੱਥੇ ਮੇਰੇ ਦੋ ਪੁੱਤ ਰਹਿ ਰਹੇ ਹਨ ਉਥੇ ਮੈਂ ਤੀਜੇ ਤੋਂ ਮੈਂ ਕਿਰਾਇਆ ਕਿਉਂ ਲਵਾਂ?’ ਅਚਾਨਕ ਮਾਤਾ ਜੀ ਨੇ ਆ ਕੇ ਸਾਨੂੰ ਕਿਹਾ। ਉਹ ਪਿੱਛੇ ਖੜ੍ਹੇ ਸਾਡੀਆਂ ਗੱਲਾਂ ਸੁਣ ਰਹੇ ਸੀ। ਹੁਣ ਰੋਣ ਦੀ ਵਾਰੀ ਮੇਰੀ ਸੀ। ਮੇਰੇ ਹੰਝੂ ਮੇਰੀ ਝੋਲੀ ਵਿੱਚ ਡਿੱਗ ਰਹੇ ਸੀ ਤੇ ਮੈਂ ਉਠ ਕੇ ਮਾਤਾ ਜੀ ਨੂੰ ਜੱਫੀ ਪਾ ਲਈ। ਤੇ ਮਾਤਾ ਦੀਆਂ ਅੱਖਾਂ ਵਿਚਲੇ ਹੰਝੂ ਵੀ ਹੁਣ ਹੜ੍ਹ ਦਾ ਰੂਪ ਧਾਰਨ ਕਰ ਚੁੱਕੇ ਸਨ।
ਰਮੇਸ ਸੇਠੀ ਬਾਦਲ
ਮੋ 98 766 27233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly