ਦਰਸ਼ਕਾਂ ਦਾ ਹੜ੍ਹ /ਤਖ਼ਤੂਪੁਰਾ/ਸੰਮਾਂ ਵਾਲ਼ੀ ਡਾਂਗ !

(ਸਮਾਜ ਵੀਕਲੀ)- ਤਖ਼ਤੂਪੁਰਾ.. ਇਤਿਹਾਸਕ ਪਿੰਡ.. ਗੁਰੂ ਨਾਨਕ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਪਿੰਡ.. ਤਖ਼ਤੂਪੁਰਾ!..ਦੀਨਾ ਕਾਂਗੜ ਪਹੁੰਚਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਇਸ ਪਿੰਡ ਵਿੱਚ ਠਹਿਰੇ ਸਨ.. ਤਖ਼ਤੂਪੁਰਾ ..ਚਿੜੀਆਂ ਤੋਂ ਬਾਜ਼ ਤੁੜਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਰੰਪਰਾ ਨੂੰ ਹਿੱਕ ਨਾਲ ਲਾ ਕੇ ਤੁਰ ਰਹੇ ਸਨ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ..ਕਿਸਾਨੀ ਸੰਘਰਸ਼ ਦੇ ਸਿਰਕੱਢ ਅਧਿਆਪਕ ਆਗੂ ਸਾਧੂ ਸਿੰਘ ਤਖਤੂਪੁਰਾ..ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਜਨਾਲਾ ਵਿਖੇ ਧਨਾਢ ਜ਼ਿਮੀਂਦਾਰਾਂ ਕੋਲੋਂ ਆਮ ਸਧਾਰਨ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਲੜਿਆ..ਸਰਕਾਰੇ ਦਰਬਾਰੇ ਪਹੁੰਚ ਵਾਲੇ ਵੀਰ ਸਿੰਘ ਲੋਪੋਕੇ ਦੇ ਲਠੈਤਾਂ ਨੇ ਡਾਂਗਾਂ ਮਾਰ ਮਾਰ ਸਾਧੂ ਸਿੰਘ ਦਾ ਸਿਰ ਤੋਡ਼ਿਆ.. ਤੇ ਸਾਧੂ ਸਿੰਘ 16 ਫਰਵਰੀ 2010 ਨੂੰ ਹੋ ਗਿਆ.. ਸ਼ਹੀਦ ਸਾਧੂ ਸਿੰਘ ਤਖਤੂਪੁਰਾ! ਅੱਜ ਸੰਮਾਂ ਵਾਲੀ ਡਾਂਗ ਇਸ ਇਤਹਾਸਕ ਪਿੰਡ ਵਿੱਚ ਪਹੁੰਚੀ ਸੀ!

ਇਹ ਇਸ ਪਿੰਡ ਦੇ ਦਰਸ਼ਕ ਹਨ ਜੀ..ਜ਼ਰਾ ਇਨ੍ਹਾਂ ਦਾ ਅਨੁਸ਼ਾਸਨ ਤੇ ਜ਼ਾਬਤਾ ਦੇਖਿਓ..ਮੰਚ ਦੇ ਅੱਗੇ ਤੇ ਪਿੱਛੇ ਦਰਸ਼ਕਾਂ ਦਾ ਮੇਲਾ ਲੱਗਾ ਹੋਇਆ ਸੀ.. ਜਦੋਂ ਨਾਟਕ ਅਜੇ ਸ਼ੁਰੂ ਨਹੀਂ ਸੀ ਹੋਇਆ ਤਾਂ ਮੰਚ ਦੇ ਪਿੱਛੇ ਬਹੁਤ ਸਾਰੇ ਭੈਣ ਭਰਾ ਲੰਗਰ ਛਕ ਰਹੇ ਸਨ.. ਚਾਹ ਪੀ ਰਹੇ ਸਨ.. ਮਿੱਠੇ ਚੌਲ ਖਾ ਰਹੇ ਸਨ!.. ਜਿਵੇਂ ਹੀ ਮੰਚ ਤੋਂ ਐਲਾਨ ਹੋਇਆ ਕਿ ਨਾਟਕ ਸ਼ੁਰੂ ਹੋਣ ਲੱਗਾ ਹੈ ..ਲੰਗਰ ਰੋਕ ਦਿੱਤਾ ਗਿਆ.. ਪੰਜ ਮਿੰਟਾਂ ਦੇ ਅੰਦਰ ਅੰਦਰ ਸਾਰੇ ਦਰਸ਼ਕ ਸਾਹਮਣੇ ਆ ਕੇ ਪੰਡਾਲ ਵਿੱਚ ਸਜ ਗਏ.. ਇੰਨੇ ਸੂਝਵਾਨ ਤੇ ਸਿਆਣੇ ਦਰਸ਼ਕ ..ਜਿਵੇਂ ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਕਹਿ ਰਹੇ ਹੋਣ,” ਕਰ ਜੋ ਪੇਸ਼ ਕਰਨਾ.. ਸਾਨੂੰ ਐਵੇਂ ਨਾ ਸਮਝੀਂ.. ਅਸੀਂ ਸਭ ਸਮਝਦੇ ਹਾਂ!” ..ਤੇ ਮੈਂ ਹੁੰਗਾਰਾ ਭਰਿਆ!

ਇਸ ਨਾਟਕ ਵਿਚ ਇਕ ਦ੍ਰਿਸ਼ ਹੈ, ਜਿੱਥੇ ਪੁੱਤਰ ਦੀ ਮੌਤ ਹੋ ਗਈ ਹੈ.. ਭਾਈ ਜੀ ਨੇ ਬਖਤਾਵਰ ਸਿੰਘ ਨੂੰ ਭਰੀ ਸੰਗਤ ਦੇ ਸਾਹਮਣੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਕਹਿ ਦਿੱਤਾ ਹੈ.. ਜਵਾਨ ਪੁੱਤ ਦੀ ਮੌਤ ਦੇ ਸਦਮੇ ਚੋਂ ਲੰਘ ਰਿਹਾ ਬਾਪ ਧੰਨਵਾਦ ਕਿਵੇਂ ਕਰੇ!.. ਜਦੋਂ ਮੈਂ ਇਸ ਨਾਟਕ ਦੀ ਪੇਸ਼ਕਾਰੀ ਕਿਸੇ ਸੁਵਿਧਾ ਸੰਪੰਨ ਆਡੀਟੋਰੀਅਮ ਵਿੱਚ ਕਰਦਾ ਹਾਂ, ਦੋ ਮਿੰਟ ਲਈ ਚੁੱਪ ਖੜ੍ਹਾ ਰਹਿੰਦਾ ਹੈ.. ਦਰਸ਼ਕ ਵੀ ਸੁੰਨ!.. ਪਿੰਡਾਂ ਵਿਚ ਇਸ ਚੁੱਪ ਨੂੰ ਛੋਟੀ ਕਰਨਾ ਪੈਂਦਾ ਹੈ ..ਬਹੁਤ ਪਿੱਛੇ ਬੈਠੇ ਦਰਸ਼ਕਾਂ ਨੂੰ ਚਿਹਰੇ ਦੇ ਹਾਵ ਭਾਵ ਸਪਸ਼ਟ ਦਿਖਾਈ ਨਹੀਂ ਦੇ ਰਹੇ ਹੁੰਦੇ.. ਪਰ ਅੱਜ ਮੈਂ ਹੌਸਲਾ ਫੜ ਗਿਆ.. ਲੰਬੀ ਚੁੱਪ.. ਮੇਰੇ ਵੱਲੋਂ ਵੀ ਤੇ ਦਰਸ਼ਕਾਂ ਵਲੋਂ ਵੀ.. ਇਕ ਵੀਡੀਓ ਕਲਿਪ ਇਸਦੀ ਗਵਾਹ ਹੈ!

ਹਜ਼ਾਰਾਂ ਦਾ ਇਕੱਠ ਜੇ ਸਵਾ ਘੰਟੇ ਲਈ ਸਾਹ ਰੋਕ ਕੇ ਨਾਟਕ ਵੇਖੇ.. ਰੰਗਮੰਚ ਨੂੰ ਹੋਰ ਕੀ ਚਾਹੀਦਾ!.. ਮੈਂ ਹੁਣ ਇਹ ਐਲਾਨ ਕਰ ਸਕਦਾ ਹਾਂ ..ਪਿੰਡਾਂ ਵਾਲਿਆਂ ਨੇ ਸੰਜੀਦਾ, ਸੂਖ਼ਮ ਤੇ ਤਕਨੀਕੀ ਰੰਗਮੰਚ ਨੂੰ ਅਪਣਾ ਲਿਆ ਹੈ..ਉਹ ਨਾਟਕ ਵਿੱਚ ਪੇਸ਼ ਮਨੋਵਿਗਿਆਨਕ ਗੁੰਝਲਾਂ ਨੂੰ ਵੀ ਸਮਝਦੇ ਹਨ.. ਤੁਹਾਡੀ ਚੁੱਪ ਨੂੰ ਵੀ ਸਵੀਕਾਰ ਕਰਦੇ ਹਨ.. ਤੇ ਤੁਹਾਡੇ ਰੋਹ ਭਰੇ ਬੋਲਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਹਨ.. ਪਿੰਡਾਂ ਦੇ ਦਰਸ਼ਕ ਜ਼ਿੰਦਾਬਾਦ!
ਪਿੰਡਾਂ ਨੂੰ ਰੰਗਮੰਚ ਚਾਹੀਦਾ ਹੈ.. ਰੰਗਮੰਚ ਨੂੰ ਪਿੰਡ ਦੇ ਦਰਸ਼ਕ ਚਾਹੀਦੇ ਹਨ.. ਇਹ ਸਾਂਝ ਸਲਾਮਤ ਰਹੇਗੀ!
ਦਰਸ਼ਕਾਂ ਦੀ ਮੁਹੱਬਤ ‘ਚ ਗੜੁੱਚ

ਸਾਹਿਬ ਸਿੰਘ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮ ਦੀ ਜਿੱਤ
Next articleਛੱਡ ਗਿਆ ਸਾਡੇ ਲਈ