ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ ’ਤੇ ਬੈਠੇ ਕਿਸਾਨ ਦੀ ਮੌਤ

ਅੰਮ੍ਰਿਤਸਰ (ਸਮਾਜ ਵੀਕਲੀ) :ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ ’ਤੇ ਬੈਠੇ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨ ਆਗੂ ਅੰਗਰੇਜ ਸਿੰਘ ਕਾਮਲਪੁਰਾ (45) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਥੇਬੰਦੀ ਦੇ ਆਗੂ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਹ ਕਿਸਾਨ ਆਗੂ ਇਥੇ ਰਾਤ ਵੇਲੇ ਧਰਨੇ ’ਤੇ ਹਾਜ਼ਰ ਸੀ ਪਰ ਰਾਤ ਨੂੰ ਅਚਨਚੇਤੀ ਉਸ ਨੂੰ ਦਿਲ ਦਾ ਦੌਰਾ ਪਿਆ। ਤੜਕੇ ਜਦੋਂ ਉਸ ਨੂੰ ਹਿਲਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਸਾਈਲੈਂਟ ਹਾਰਟ ਅਟੈਕ ਆਇਆ ਹੈ।

ਸਵੇਰੇ ਇਹ ਖ਼ਬਰ ਮਿਲਣ ਮਗਰੋਂ ਕਿਸਾਨ ਸਫਾਂ ਵਿਚ ਸੋਗ ਦੀ ਲਹਿਰ ਦੌੜ ਗਈ। ਸੈਂਕੜੇ ਕਿਸਾਨ ਧਰਨਾ ਸਥਾਨ ’ਤੇ ਇਕੱਠੇ ਹੋ ਗਏ। ਇਸ ਸਮੇਂ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਵਰਪਾਲ, ਸਤਨਾਮ ਸਿੰਘ ਝੰਡੇਰ, ਬਚਿੱਤਰ ਸਿੰਘ ਕੋਟਲਾ, ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱਸੜ ਸਮੇਤ ਹੋਰਾਂ ਨੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਜਥੇਬੰਦੀ ਦਾ ਸਿਰਕੱਢ, ਸਮਰੱਥ ਅਤੇ ਸਮਾਜ ਵਿੱਚ ਸਤਿਕਾਰਤ ਆਗੂ ਸੀ। ਉਸ ਦੇ ਪਰਿਵਾਰ ’ਚ ਪਤਨੀ ਰਾਜਬੀਰ ਕੌਰ, ਬੇਟਾ ਆਗਿਆਪਾਲ ਸਿੰਘ, ਬੇਟੀ ਪਵਨਦੀਪ ਕੌਰ ਅਤੇ ਬਜ਼ੁਰਗ ਮਾਤਾ ਅਮਰਜੀਤ ਕੌਰ ਹਨ। ਉਹ ਕਰੀਬ 20 ਸਾਲ ਤੋਂ ਕਿਰਤੀ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਸੀ।

ਉਸ ਦਾ ਬੇਟਾ ਵਿਦੇਸ਼ ਪੜ੍ਹਨ ਵਾਸਤੇ ਗਿਆ ਹੋਇਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਰਿਹਾਇਸ਼ ਪਿੰਡੋਂ ਬਾਹਰ ਫਾਰਮ ਹਾਊਸ ’ਤੇ ਹੋਣ ਦੇ ਬਾਵਜੂਦ ਉਸ ਨੇ ਕਈ ਵਾਰ ਦਿੱਲੀ ਮੋਰਚੇ ਵਿੱਚ ਜਾ ਕੇ ਹਿੱਸਾ ਲਿਆ ਸੀ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਕਿਸਾਨ ਲਹਿਰ, ਕਿਰਤੀ ਕਿਸਾਨ ਯੂਨੀਅਨ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਐਲਾਨੀ ਗਈ ਮਦਦ ਕਿਸਾਨ ਦੇ ਪਰਿਵਾਰ ਨੂੰ ਦਿੱਤੀ ਜਾਵੇ। ਬਾਅਦ ਦੁਪਹਿਰ ਪਿੰਡ ਕਾਮਲਪੁਰਾ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਰੋਹ ਭਰੇ ਨਾਅਰਿਆਂ ਦਰਮਿਆਨ ਉਸ ਦਾ ਸਸਕਾਰ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂ ਮੇਜਰ ਸਿੰਘ ਜੌਹਲ, ਬਲਜਿੰਦਰ ਸਿੰਘ ਝੰਡੇਰ, ਸੁਖਵੰਤ ਸਿੰਘ ਤੇੜਾ, ਸੁਖਦੇਵ ਸਿੰਘ ਸਹਿੰਸਰਾ, ਜਗਜੀਤ ਸਿੰਘ ਸਹਿੰਸਰਾ, ਅਜੀਤਪਾਲ ਸਿੰਘ, ਨੰਬਰਦਾਰ ਦਵਿੰਦਰ ਸਿੰਘ ਗੱਗੋਮਾਹਲ, ਅਵਤਾਰ ਸਿੰਘ ਸੁਧਾਰ, ਸੁਖਵਿੰਦਰ ਸਿੰਘ ਕਿਆਮਪੁਰ, ਸਰਪੰਚ ਜੀਵਨ ਸਿੰਘ ਝੰਡੇਰ, ਤਰਸੇਮ ਸਿੰਘ ਕਾਮਲਪੁਰਾ, ਧਨਵੰਤ ਸਿੰਘ ਸਹਿੰਸਰਾ, ਜਗਜੀਤ ਸਿੰਘ ਕੋਟਲਾ ਗੁਜਰਾਂ ਅਤੇ ਹੋਰ ਆਗੂ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਦੋਆ
Next articleਪੰਜਾਬ ਕੈਬਨਿਟ ਨੇ ਨਵੀਂ ਕਸਟਮ ਮਿਲਿੰਗ ਨੀਤੀ ਐਲਾਨੀ