ਹਰਕਵਲ ਦੀਆਂ ਅੱਖਾਂ ‘ਚ ਸੁਪਨਿਆਂ ਦੀ ਰੌਸ਼ਨੀ ਕਦੇ ਧੁੰਦਲੀ ਨਹੀਂ ਹੋਈ

ਹਰਕਵਲ ਆਪਣੇ ਮਾਤਾ ਪਿਤਾ ਅਤੇ ਭੈਣ ਨਾਲ
ਅੱਖਾਂ ਦੀ ਰੌਸ਼ਨੀ ਤੋ ਬਿਨਾਂ ਹਰਕਵਲ ਕਰ ਚੁੱਕਿਆ ਹੈ ਪੰਜਾਬੀ ਦੀ ਐਮ ਏ 
ਬਲਦੇਵ ਸਿੰਘ ਬੇਦੀ
ਹਰਕਵਲ ਸਿੰਘ

ਕਹਿੰਦੇ ਹਨ ਕਿ ਜੇਕਰ ਇੰਨਸਾਨ ਦਾ ਮਨੋਬਲ ਮਜ਼ਬੂਤ ਹੋਵੇ ਤਾਂ ਕਿਸੇ ਵੀ ਮੁਕਾਮ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਸਿਰਫ਼ ਲੋੜ ਹੈ ਦ੍ਰਿੜ ਨਿਸ਼ਚੈ ਦੀ ਅਤੇ ਸਫ਼ਲ ਮਿਹਨਤ ਦੀ ਅਤੇ ਇਸ ਨੂੰ ਸੱਚ ਸਾਬਤ ਕੀਤਾ ਦਿੱਲੀ ਦੇ ਹਰਕਵਲ ਸਿੰਘ ਨੇ, ਜਿਸ ਦੀਆਂ ਅੱਖਾਂ ‘ਚ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਉਸ ਨੇ ਕਦੇ ਆਪਣੀ ਜਿੰਦਗੀ ਨੂੰ ਚੁਣੌਤੀ ਸਮਝ ਕੇ ਹਾਰ ਨਹੀਂ ਮੰਨੀ। ਉਸ ਨੇ ਆਪਣੀ ਹਿੰਮਤ, ਮਿਹਨਤ, ਅਤੇ ਦ੍ਰਿੜ ਨਿਸ਼ਚੈ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਦਿੱਲੀ ਯੂਨੀਵਰਸਿਟੀ ਤੋ ਐਮ.ਏ. ( ਪੰਜਾਬੀ ) ਦੀ ਪਹਿਲੇ ਸਥਾਨ ‘ਚ ਡਿਗਰੀ ਹਸਿਲ ਕੀਤੀ।

ਜਦੋਂ ਉਸ ਨੇ ਐਮ.ਏ. ਦੀ ਪੜ੍ਹਾਈ ਦਾ ਫੈਸਲਾ ਲਿਆ, ਤਾਂ ਲੋਕਾਂ ਨੇ ਉਸ ਦੀ ਕਾਬਲੀਅਤ ‘ਤੇ ਕਈ ਸਵਾਲ ਕੀਤੇ, ਪਰ ਹਰਕਵਲ ਨੇ ਹਮੇਸ਼ਾਂ ਆਪਣੀ ਸਫਲਤਾ ਨਾਲ ਸਭ ਦਾ ਮੂੰਹ ਬੰਦ ਕਰ ਦਿੱਤਾ। ਉਹ ਕਾਫ਼ੀ ਔਖੀਆਂ ਰਚਨਾਵਾਂ ਅਤੇ ਕਵਿਤਾਵਾਂ ਨੂੰ ਸੁਣਕੇ ਆਪਣੀ ਅਧਿਆਪਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ।
ਉਸਦੇ ਮਾਤਾ ਜੀ (ਕਵਲਜੀਤ ਕੌਰ ) ਨਾਲ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਹਰਕਵਲ ਦੋ ਮਹੀਨੇ ਦਾ ਸੀ , ਜਦ ਉਸ ਦੀਆਂ ਅੱਖਾਂ ਦੀ ਸਮੱਸਿਆ ਦਾ ਪਤਾ ਲੱਗਾ। ਦੇਸ਼ ਦੇ ਹਰ ਵੱਡੇ ਹਸਪਤਾਲਾਂ ਵਿੱਚ ਦਿਖਾਉਣ ਤੋ ਬਾਅਦ ਵੀ ਕੋਈ ਫਰਕ ਨਹੀਂ ਪਿਆ, ਇਸਦੀ ਨਿਗ੍ਹਾ ਹੋਰ ਘਟ ਹੁੰਦੀ ਗਈ। ਤੀਸਰੀ ਜਮਾਤ ਤੱਕ ਰੰਗਾਂ ਦੀ ਥੋੜੀ ਬਹੁਤ ਪਹਿਚਾਣ ਸੀ,ਪਰ ਹੌਲੀ ਹੌਲੀ ਇਹ ਪਹਿਚਾਣ ਵੀ ਬੰਦ ਹੋ ਗਈ  ਅਤੇ ਨਜ਼ਰ ਪੂਰੀ ਤਰਾਂ ਖਤਮ ਹੋ ਗਈ। ਪਰ ਅਸੀਂ ਗੁਰੂ ਦਾ ਲੜੵ ਨਹੀਂ ਛੱਡਿਆ। ਉਸੇ ਸਦਕਾ ਨਾ ਹਰਕਵਲ ਨੇ ਹਿੰਮਤ ਹਾਰੀ ਅਤੇ ਨਾ ਹੀ ਅਸੀਂ। ਓਹਨਾਂ ਇਹ ਵੀ ਦਸਿਆ ਕਿ ਹਰਕਵਲ ਦੀ ਪੜ੍ਹਾਈ ਲਿਖਾਈ ਨਾਲ ਸਬੰਧਤ ਸਾਰੇ ਫਾਰਮ ਭਰਨ ਦਾ ਕੰਮ ਮੇਰੀ ਬੱਚੀ  ( ਸਿਮਰਤ  ) ਕਰਦੀ ਹੈ,ਬੇਟੇ ਨੂੰ ਤਿਆਰ ਕਰ ਕੇ ਕਾਲਜ ਭੇਜਣ ਤੇ ਮੇਰੀ ਗੈਰ ਹਾਜ਼ਰੀ ਵਿੱਚ ਬੇਟੇ ਦਾ ਧਿਆਨ ਰੱਖਣ ਦਾ ਕੰਮ ਉਸ ਦੇ ਪਾਪਾ  ( ਹਰਿੰਦਰ ਪਾਲ ਸਿੰਘ ) ਕਰਦੇ ਹਨ,ਬੇਟੇ ਦੀ ਪੜ੍ਹਾਈ ਲਈ ਕਿਤਾਬਾਂ ਪੜ੍ਹ ਕੇ ਆਡੀਓ ਬਣਾਉਣਾ,ਅਧਿਆਪਕਾਂ ਨਾਲ ਮੁਲਾਕਾਤ, ਪੇਪਰ ਦੀ ਤਿਆਰੀ,ਰਾਈਟਰ ਦਾ ਇੰਤਜ਼ਾਮ ਆਦਿ ਵਰਗਾ ਕੰਮ ਮੇਰਾ ਹੈ। ਸਾਰਿਆਂ ਦੀ ਸਾਂਝੀ ਕੋਸ਼ਿਸ਼ , ਮਿਹਨਤ, ਲਗਨ ਸਦਕਾ ਅਤੇ ਉਸ ਵਾਹਿਗੁਰੂ ਉੱਪਰ ਵਿਸ਼ਵਾਸ ਕਾਰਨ ਹਰਕਵਲ ਸਿੰਘ ਨੂੰ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਅੰਤ ‘ਚ ਓਹਨਾਂ ਦਸਿਆ ਕਿ, ਮੈੰ ਮੰਨਦੀ ਹਾਂ ਅਜਿਹੇ ਬੱਚਿਆਂ ਦੀ ਪਰਵਰਿਸ਼ ਵਿਚ ਸਮੱਸਿਆਵਾਂ ਵੀ ਬਹੁਤ ਆਉੰਦੀਆਂ ਹਨ ਪਰ ਰੱਬ ਉੱਪਰ ਭਰੋਸਾ ਰੱਖੋ , ਉਹ ਆਪ ਤੁਹਾਡਾ ਸਹਾਈ ਹੋਵੇਗਾ। ਇਹ ਰੱਬ ਦੇ ਜੀਅ ਤੁਹਾਡਾ ਪਿਆਰ , ਵਿਸ਼ਵਾਸ ਅਤੇ ਦੇਖਭਾਲ ਮੰਗਦੇ ਹਨ ਤਾਂ ਜੋ ਇਹ ਵੀ ਆਮ ਬੱਚਿਆਂ ਵਾਂਗ ਅੱਗੇ ਵੱਧ ਸਕਣ ।
ਹਰਕਵਲ ਸਿੰਘ ਦਾ ਸਫ਼ਰ ਸਧਾਰਨ ਨਹੀਂ ਸੀ। ਉਸ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਈ, ਤਾਂ ਅਸਲੀਅਤ ਨੇ ਉਸ ਤੋਂ ਰੌਣਕਾਂ ਖੋਹ ਲਈਆਂ, ਪਰ ਉਸ ਦੀਆਂ ਅੱਖਾਂ ਵਿੱਚ ਸੁਪਨਿਆਂ ਦੀ ਰੌਸ਼ਨੀ ਕਦੇ ਵੀ ਧੁੰਦਲੀ ਨਹੀਂ ਹੋਈ। ਜਦੋਂ ਲੋਕ ਇਹ ਸੋਚਦੇ ਹਨ ਕਿ ਅੱਖਾਂ ਬਿਨਾਂ ਸਿੱਖਿਆ ਪ੍ਰਾਪਤ ਕਰਨੀ ਬਹੁਤ ਔਖੀ ਹੈ, ਪਰ ਹਰਕਵਲ ਸਿੰਘ ਨੇ ਇਸ ਧਾਰਣਾ ਨੂੰ ਗਲਤ ਸਾਬਤ ਕਰ ਵਿਖਾਇਆ। ਅੱਜ ਹਰਕਵਲ ਸਿੰਘ ਸਿਰਫ ਇੱਕ ਸਫਲ ਵਿਦਿਆਰਥੀ ਹੀ ਨਹੀਂ, ਸਗੋਂ ਉਹ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਵੀ ਹੈ।
ਬਲਦੇਵ ਸਿੰਘ ਬੇਦੀ
 ਜਲੰਧਰ
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ
Next articleमत कहिए फूलन देवी को ‘बैंडिट क्वीन’