(ਸਮਾਜ ਵੀਕਲੀ)
ਮੈਨੂੰ ਇੱਕ ਸੁਪਨਾ ਆਇਆ,
ਸੁਪਨੇ ਵਿੱਚ ਮੇਰਾ ਪੰਜਾਬ ਸੀ ਆਇਆ।
ਬਲਦਾਂ ਦੇ ਗਲ ਬੰਨੀਆਂ ਟੱਲੀਆਂ,
ਚਿੜੀਆਂ ਸੀ ਆਪਣੇ ਕੰਮ ਚੱਲੀਆਂ,
ਖੇਤਾਂ ਵਿੱਚ ਲਹਿਰਾਉਂਦੀਆਂ ਬੱਲੀਆਂ,
ਪਿੰਡ ਦੀਆਂ ਔਰਤਾਂ ਕੰਮ ਚ ਲੱਗੀਆਂ,
ਕੋਈ ਮਧਾਣੀ ਲਗਾਈ ਬੈਠੀ,
ਕੋਈ ਚੁੱਲਾ ਚਲਾਈ ਬੈਠੀ,
ਕੋਈ ਬੱਚੇ ਨੂੰ ਰੋਟੀ ਮੱਖਣ ਨਾਲ,
ਭਿਓਂ ਭਿਓਂ ਕੇ ਖਵਾਈ ਜਾਵੇ,
ਕੋਈ ਖੁੱਲ੍ਹੇ ਅਸਮਾਨ ਚ ਨਹਾਈ ਜਾਵੇ,
ਕੋਈ ਵੱਟਾਂ ਤੇ ਗੀਤ ਗਾਈ ਜਾਵੇ,
ਕੋਈ ਗੱਡਾ ਚਲਾਈ ਜਾਵੇ,
ਕੋਈ ਪੋਤਿਆਂ,ਪੋਤੀਆਂ ਨੂੰ ਖਿਡਾਈ ਜਾਵੇ,
ਕੋਈ ਸੱਥ ਚ ਬੈਠਾ ਸਭ ਨੂੰ ਹਸਾਈ ਜਾਵੇ,
ਘਰਾਂ ਵਿੱਚੋਂ ਸੱਚੇ ਰਿਸ਼ਤਿਆਂ ਦੀ,
ਖੁਸ਼ਬੋ ਆਈ ਜਾਵੇ।
ਕਿਸੇ ਦੇ ਰਿਸ਼ਤੇਦਾਰ ਸੀ ਆਇਆ,
ਘਰ ਵਾਲਿਆਂ ਨਵੇਂ ਮੰਜੇ ਤੇ ਬਿਠਾਇਆ,
ਕੋਈ ਪ੍ਰਾਹੁਣੇ ਲਈ ਕੜਾਹ ਬਣਾਈ ਜਾਵੇ,
ਕੋਈ ਰਿਸ਼ਤੇ ਦਾ ਨਿੱਘ ਦਿਖਾਈ ਜਾਵੇ, ਘਰਾਂ ਵਿੱਚ ਹਾਸਾ ਮੁੜ ਮੁੜ ਆਈ ਜਾਵੇ।
ਸੱਚੇ ਸੁੱਚੇ ਸਾਦੇ ਸੁਭਾਅ ਵਾਲਾ,
ਹਰ ਕੋਈ ਪਿਆਰ ਦਿਖਾਈ ਜਾਵੇ,
ਘਰ ਦੇ ਸ਼ੁੱਧ ਖਾਣੇ ,ਮੱਕੀ ਦੇ ਕੋਈ ਦਾਣੇ,
ਭਰ ਭਰ ਜੇਬਾਂ ਖਾਈ ਜਾਵੇ,
ਹਰ ਸ਼ੈਅ ਸ਼ੁੱਧ ਪਈ ਸੀ ਲਗਦੀ,
ਘਰਾਂ ਵਿੱਚ ਰੌਣਕ ਸੀ ਲਗਦੀ।
ਬਿਨਾਂ ਟੈਂਸ਼ਨ ਭੱਜ ਦੌੜ ਦੇ,
ਹਰ ਕੋਈ ਆਪਣੀ ਮਸਤੀ ਦੀ,
ਜਿੰਦਗੀ ਸੋਹਣੀ ਹੰਢਾਈ ਜਾਵੇ,
ਨਾ ਕੋਈ ਲਾਲਚ,ਨਾ ਹੇਰਾ ਫੇਰੀ,
ਨਾ ਕੋਈ ਮਿਲਾਵਟ, ਨਾ ਕੋਈ ਰਿਸ਼ਵਤ,
ਬਿਨਾਂ ਸ਼ਿਫਾਰਿਸ਼ ਹਰ ਕੋਈ ਕੰਮ,
ਸੱਚੀ ਰੂਹ ਨਾਲ ਕਰਾਈ ਜਾਵੇ,
ਨਾ ਕੋਈ ਗੱਡੀਆਂ ਦਾ ਸ਼ੋਰ ਸ਼ਰਾਬਾ,
ਨਾ ਕੋਈ ਦਿਸਦਾ ਸੀ ਓਥੇ ਢਾਬਾ,
ਘਰ ਦੇ ਖਾਣੇ ਖਾਂਦੇ ਵਾਂਗ ਨਵਾਬਾਂ,
ਹਰ ਚਿਹਰਾ ਰੁਸ਼ਨਾਈ ਜਾਵੇ।
ਕਾਸ਼ ਮੇਰਾ ਇਹ ਸੁਪਨਾ ਸੱਚ ਹੋ ਜਾਵੇ,
ਧਰਮਿੰਦਰ ਕਹੇ ਵਰਿੰਦਰਾ ,
ਪੰਜਾਬ ਮੇਰਾ ਸੁਪਨੇ ਵਾਲਾ ,
ਫੇਰ ਇੱਕ ਵਾਰ ਵਾਪਿਸ ਮੁੜ ਆਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly