ਸੁਭਾਅ ਤੇ ਵਿਚਾਰਾਂ ਦਾ ਸੁਮੇਲ ਹੈ, ਦੋਸਤੀ ਦਾ ਰੰਗ

ਦੋਸਤੀ ਦੀ ਇੱਕ ਝਲਕ

 ਅੱਜ ਵਿਸ਼ਵ ਮਿੱਤਰਤਾ ਦਿਵਸ ਨੂੰ ਸਮਰਪਿਤ 

ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਸਾਡੇ ਕੋਲ ਜਿੰਨੇ ਵੀ ਰਿਸ਼ਤੇ ਹਨ ਉਹ ਸਭ ਉਸ ਰੱਬ ਵਲੋਂ ਬਖਸ਼ੀਆਂ ਹੋਈਆਂ ਅਣਮੁੱਲੀ ਦਾਤਾਂ ਹਨ , ਸਿਰਫ਼ ਇਕ ਦੋਸਤੀ ਹੀ ਅਜਿਹਾ ਰਿਸ਼ਤਾ ਹੈ ਜੋ ਸਾਡੇ ਵਲੋਂ ਖੁਦ ਦਾ ਬਣਾਇਆ ਹੋਇਆ ਹੈ । ਕਿਉਕਿ ਇਹ ਰਿਸ਼ਤਾ ਸਾਡੇ ਜਨਮ ਦਾ ਨਹੀਂ, ਸਾਡੇ ਮਨ ਦਾ ਹੁੰਦਾ ਹੈ। ਦੋਸਤੀ ਸਾਡੇ ਵਲੋਂ ਸਿਰਜਿਆ ਓਹ ਰਿਸ਼ਤਾ ਹੈ ਜੋਕਿ ਆਪਸੀ ਸੁਭਾਅ ਤੇ ਵਿਚਾਰਾਂ ਦਾ ਸੁਮੇਲ ਹੁੰਦਾਂ ਹੈ। ਸਵਾਰਥ ਤੋਂ ਦੂਰ, ਵਿਸ਼ਵਾਸ ਦੇ ਮਜ਼ਬੂਤ ਆਧਾਰ ‘ਤੇ ਟਿਕਿਆ ਇਹ ਰਿਸ਼ਤਾ ਜਿਸ ਵਿੱਚ ਝੂਠ, ਫ਼ਰੇਬ, ਨਾਰਾਜ਼ਗੀ ਤੇ ਹਿਸਾਬ-ਕਿਤਾਬ ਦਾ ਕੋਈ ਮੇਲ ਨਹੀਂ ਹੁੰਦਾ। ਸਿਰਫ਼ ਮਨ ਦਾ ਸਾਫ਼, ਪਵਿੱਤਰ ਅਤੇ ਦੁੱਖ-ਸੁੱਖ ਦਾ ਸਹਾਈ, ਸਨਮਾਨ ਤੇ ਸਮਰਪਣ ਦਾ ਧਾਰਨੀ ਹੀ ਇਸ ਰਿਸ਼ਤੇ ਦੀ ਓਹ ਨੀਂਹ ਹੈ ਜਿਸ ਤੇ ਇਹ ਆਪਣੇਂ ਮਹਿਲ ਉਸਾਰਦਾ ਹੈ। ਇੱਕ ਅਜਿਹਾ ਰਿਸ਼ਤਾ ਜੋ ਸਾਡੇ ਜੀਵਨ ਨੂੰ ਖੂਬਸੂਰਤ ਬਣਾਉਂਦਾ ਹੈ। ਸਾਡੇ ਜੀਵਨ ਨੂੰ ਗੂੜ੍ਹੇ ਰੰਗਾਂ ਨਾਲ ਭਰਦਾ ਹੈ। ਜਿਨ੍ਹਾਂ ਦੀ ਚਮਕ ਕਦੇ ਵੀ ਫਿੱਕੀ ਨਹੀਂ ਪੈਂਦੀ।

ਦੋਸਤ ਉਹ ਹੁੰਦੇ ਹਨ ਜੋ ਸਾਡੇ ਲਈ ਹਰ ਸਮੇਂ ਮੌਜੂਦ ਰਹਿੰਦੇ ਹਨ,ਉਹ ਸਾਡੇ ਨਾਲ ਸੱਚੇ ਦਿਲੋਂ ਪਿਆਰ ਕਰਦੇ ਹਨ ਅਤੇ ਸਾਨੂੰ ਹਮੇਸ਼ਾ ਸਹੀ ਰਾਹ ਦਿਖਾਉਂਦੇ ਹਨ। ਦੋਸਤਾਂ ਨਾਲ ਗੱਲਾਂ ਕਰਨਾ, ਉਨ੍ਹਾਂ ਦੇ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਦੇ ਨਾਲ ਹੱਸਣਾ-ਖੇਡਣਾ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਹਿੱਸਾ ਹੁੰਦਾ ਹੈ। ਦੋਸਤਾਂ ਦੇ ਨਾਲ ਕੀਤੀਆਂ ਗੱਲਾਂ ਅਤੇ ਮਜ਼ਾਕ ਸਾਡੀ ਜ਼ਿੰਦਗੀ ‘ਚ ਮਿਠਾਸ ਭਰਦੇ ਹਨ। ਜਿਸ ਨਾਲ ਅਸੀਂ ਸਿਹਤ ਪੱਖੋਂ ਵੀ ਮਜ਼ਬੂਤੀ ਹਾਸਿਲ ਕਰਦੇ ਹਾਂ। ਦੋਸਤਾਂ ਦੇ ਨਾਲ ਬਿਤਾਇਆ ਸਮਾਂ ਹਮੇਸ਼ਾ ਯਾਦਗਾਰ ਹੁੰਦਾ ਹੈ ਅਤੇ ਸਾਰੀ ਉਮਰ ਹੀ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਰਹਿੰਦਾ ਹੈ।
ਦੋਸਤੀ ਦੋਹਾਂ ਪਾਸਿਓ ਬਿਨਾਂ ਕੋਈ ਸਵਾਰਥ ਤੇ ਹੀ ਸੰਭਵ ਹੋ ਸਕਦੀ ਹੈ। ਜਿੱਸ ਵਿੱਚ ਉਮਰ ਦਾ ਕੋਈ ਬੰਧਨ ਨਹੀਂ , ਪਿਆਰ, ਇੱਜਤ ਅਤੇ ਭਰੋਸੇ ਦਾ ਇਹ ਰਿਸ਼ਤਾ ਬਚਪਨ ਤੋਂ ਸ਼ੁਰੂ ਹੁੰਦਾ ਹੋਈਆ  ਬੁਢਾਪੇ ਤੱਕ ਪਹੁੰਚ ਜਾਂਦਾ ਹੈ। ਦੋਸਤਾਂ ਦੇ ਨਾਲ ਬਿਤਾਇਆ ਸਮਾਂ ਕਿਸੇ ਖ਼ਜਾਨੇ ਨਾਲੋ ਘੱਟ ਨਹੀਂ ਹੁੰਦਾ ਹੈ। ਉਹ ਸਾਡੇ ਨਾਲ ਹੱਸਦੇ ਹਨ, ਰੋਂਦੇ ਹਨ, ਅਤੇ ਸਾਡੇ ਨਾਲ ਹਰ ਸਮੇਂ ਖੜੇ ਰਹਿੰਦੇ ਹਨ।
ਇਸੇ ਦੋਸਤੀ ਨੂੰ ਸਮ੍ਰਪਿਤ ਭਾਰਤ, ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ‘ਚ ਅਗਸਤ ਦੇ ਪਹਿਲੇ ਐਤਵਾਰ ਨੂੰ ਵਿਸ਼ਵ ਪੱਧਰ ਤੇ ਵਿਸ਼ਵ ਦੋਸਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਦੀ ਸ਼ੁਰੂਆਤ ਅਰਟੋਮੀਓ ਬਰਾਚੋ ਨੇ ਕੀਤੀ ਸੀ। ਜਿਸਦਾ ਮੁੱਖ ਮਕਸਦ ਲੋਕਾਂ ਨੂੰ ਆਪਸੀ ਸਾਂਝ, ਆਪਣੇ ਵਿਚਾਰ ਅਤੇ ਦੁੱਖ-ਸੁੱਖ ਨੂੰ ਦੋਸਤੀ ਦੇ ਰੂਪ ‘ਚ ਵਧਾਉਣਾ ਸੀ। ਵਿਸ਼ਵ ਪੱਧਰ ਤੇ ਕਾਫੀ ਸਹਿਯੋਗ ਅਤੇ ਉਤਸ਼ਾਹ ਮਿਲਣ ਤੋ ਬਾਅਦ ਇਸ ਦਿਨ ਤੋਂ ਪ੍ਰਭਾਵਿਤ ਹੋ ਕੇ ਸੰਯੁਕਤ ਰਾਸ਼ਟਰ ਨੇ 2011 ਵਿੱਚ ਇਸ ਦਿਨ ਨੂੰ ਵਿਸ਼ਵ ਦੋਸਤੀ ਦਿਵਸ ਵਜੋਂ ਮਨਾਏ ਜਾਣ ਦੀ ਘੋਸ਼ਣਾ ਕੀਤੀ ਸੀ।
ਸੋ ਆਓ ਅਸੀਂ ਵੀ ਅੱਜ ਦੋਸਤੀ ਦੇ ਇਸ ਖ਼ਾਸ ਦਿਨ ਤੇ ਸੱਚੇ ਪਿਆਰ ਅਤੇ ਸਾਥ ਦੇ ਇਸ ਅਨਮੋਲ ਤੌਹਫੇ ਦਾ ਨਿੱਘ ਮਾਣੀਏ।  ਜੋ ਸਾਡੇ ਲਈ ਇੱਕ ਵੱਡੀ ਦੌਲਤ ਹੈ। ਇਹ ਦਿਨ ਸਾਨੂੰ ਸੱਚੇ ਦੋਸਤਾਂ ਦੀ ਮਹੱਤਤਾ ਸਿਖਾਉਂਦਾ ਹੈ ਅਤੇ ਸਾਡੀ ਜਿੰਦਗੀ ਨੂੰ ਦੋਸਤਾਂ ਨਾਲ ਉਹ ਖੂਬਸੂਰਤ ਵੇਲੇ ਯਾਦ ਕਰਾਉਂਦਾ ਹੈ ਜੋ ਅਸੀਂ ਇਕੱਠੇ ਬਿਤਾਏ ਹੁੰਦੇ ਹਨ। ਇਸ ਰਿਸ਼ਤੇ ਦੇ ਅਜਿਹੇ ਪਲ ਜੋ ਹਮੇਸ਼ਾ ਸਾਡੇ ਨਾਲ ਰਹਿੰਦੇ ਹਨ। ਕਿਉਂਕਿ ਦੋਸਤੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਬੂਟਾ ਹੁੰਦਾਂ ਹੈ ਜੋ ਮਿੱਟੀ ਵਿੱਚ ਨਹੀਂ, ਦਿਲਾਂ ਵਿੱਚ ਉੱਗਦਾ ਹੈ ਅਤੇ ਇਸ ਦੀ ਮਹਿਕ ਦੁਨੀਆਂ ਦੇ ਕੋਨੇ-ਕੋਨੇ ‘ਚ ਆਉਂਦੀ ਰਹਿੰਦੀ ਹੈ।
✍️ ਬੇਦੀ ਬਲਦੇਵ 
       ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਹਾਨ ਸਮਾਜ ਸੇਵਕ, ਬੁੱਧੀਜੀਵੀ, ਕੌਮੀ ਚਿੰਤਕ ਅਤੇ ਮਾਨਵਤਾ ਦੇ ਹਮਦਰਦ ਸਨ ਵੈਦ ਡਾ. ਹਰੀ ਸਿੰਘ ਬੱਧਣ
Next articleਰਾਸ਼ਟਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ