(ਸਮਾਜ ਵੀਕਲੀ)- ਇੱਕ ਦਿਨ ਮੈਂ ਇਕ ਬੀਬਾ ਦੀਆਂ ਫੇਸਬੁੱਕ ਉੱਤੇ ਲਿਖੀਆਂ ਕਵਿਤਾਵਾਂ ਪੜ੍ਹੀਆਂ ਬਹੁਤ ਉੱਚੇ ਦਰਜੇ ਦੀਆਂ ਤੇ ਜਨਤਾ ਨੂੰ ਸੇਧ ਦੇਣ ਵਾਲੀਆਂ ਸਨ। ਕੁਝ ਕੁ ਦਿਨਾਂ ਬਾਅਦ ਟੀ. ਵੀ. ਦੇ ਦੋ ਤਿੰਨ ਚੈਨਲਾਂ ਤੇ ਇਹ ਬੀਬਾ ਜੀ ਸੰਯੁਕਤ ਮੋਰਚੇ ਦੇ ਦਿੱਲੀ ਵਿੱਚ ਲੱਗੇ ਹੋਏ ਧਰਨੇ ਵਿੱਚ ਇਸ ਦੀ ਮੁਲਾਕਾਤ ਪੱਤਰਕਾਰ ਨਾਲ ਸੁਣੀ,ਬੀਬਾ ਜੀ ਡਾਕਟਰ ਹੋਣ ਦੇ ਨਾਤੇ ਕੜਕਦੀ ਸਰਦੀ ਵਿੱਚ ਲੋਕ ਸੇਵਾ ਲਈ ਧਰਨੇ ਵਿਚ ਆਪਣੀ ਡਾਕਟਰੀ ਦਾ ਸੇਵਾ ਰੂਪੀ ਕਲੀਨਿਕ ਖੋਲ੍ਹ ਕੇ ਬੈਠੀ ਸੀ।ਮੈਨੂੰ ਇਨ੍ਹਾਂ ਦੀ ਸ਼ਕਲ ਦੇਖ ਕੇ ਯਾਦ ਆਇਆ ਕਿ ਮੈਂ ਇਨ੍ਹਾਂ ਦੀਆਂ ਕਵਿਤਾਵਾਂ ਫੇਸਬੁਕ ਵਿਚ ਪੜ੍ਹੀਆਂ ਹਨ ਪਰ ਨਾਮ ਵਿੱਚ ਫ਼ਰਕ ਹੈ।ਇਹ ਜਾਣਨ ਲਈ ਮੈਂ ਫੇਸਬੁੱਕ ਤੇ ਸੁਨੇਹਾ ਪਾਇਆ ਤੇ ਇਨ੍ਹਾਂ ਨੂੰ ਆਪਣਾ ਫੋਨ ਨੰਬਰ ਦਿੱਤਾ ਬੀਬਾ ਜੀ ਨੇ ਮੈਨੂੰ ਫੋਨ ਕੀਤਾ।ਉਸ ਤੋਂ ਬਾਅਦ ਇਨ੍ਹਾਂ ਨਾਲ ਅਕਸਰ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਜੋ ਕੁਝ ਇਨ੍ਹਾਂ ਨੇ ਦੱਸਿਆ ਉਹ ਪਾਠਕਾਂ ਦੇ ਸਾਹਮਣੇ ਹੈ। ਸ਼੍ਰੀ ਮਾਛੀਵਾੜਾ ਸਾਹਿਬ ਦੀ ਜੰਮਪਲ ਡਾਕਟਰ ਲਵਪ੍ਰੀਤ ਕੌਰ “ਜਵੰਦਾ” ਜੋ ਕਾਵਿਕ ਨਾਮ ਹੈ ਉਨ੍ਹਾਂ ਦਾ ਅਸਲ ਨਾਂ ਡਾਕਟਰ ਬਲਬੀਰ ਕੌਰ ਹੈ। ਪਿਤਾ ਸ. ਗੁਰਦਾਸ ਸਿੰਘ ਤੇ ਮਾਤਾ ਵਿੱਦਿਆ ਵੰਤੀ ਦੀ ਕੁੱਖੋਂ ਜਾਈ ਇਹ ਸੱਤਵੀਂ ਬੇਟੀ ਹੈ। ਬਚਪਨ ਚ ਮੁੰਡਾ ਬਣਾ ਕੇ ਰੱਖੀ ਗਈ ਜਿੰਦਗੀ ਦੇ ਉਤਾਰ ਚੜਾਅ ਦੇਖਦੀ ਕਦੋਂ 17 ਸਾਲਾਂ ਦੀ ਹੋ ਗਈ ਪਤਾ ਵੀ ਨਹੀਂ ਲੱਗਿਆ। ਪਿਤਾ ਦਾ ਪੁੱਤ ਤੇ ਭੈਣਾਂ ਦਾ ਭਾਈ ਬਣ ਉਨਾਂ ਦੇ ਤੀਜ ਤਿਉਹਾਰ ਦਿੰਦੀ ਮਾਂ ਪਿਓ ਦਾ ਲਾਡਲਾ ਪੁੱਤ ਬਣ ਅਜਾਦੀ ਨਾਲ ਲੜਕਿਆਂ ਵਾਲੀ ਜਿੰਦਗੀ ਜਿਊਂਦੀ ਨੂੰ ਕਾਲਜ ਵਿੱਚ ਦੋ ਸਾਲ ਦੀ ਪੜਾਈ ਤੋਂ ਬਾਅਦ ਮੁੰਡੇ ਰੂਪ ਵਿਚ ਦਾਖਿਲਾ ਨਾ ਮਿਲਣ ਕਾਰਨ ਕੁੜੀਆ ਦੇ ਪਹਿਰਾਵੇ ਵਿੱਚ ਆਉਣਾ ਪਿਆ। ਇੰਨਾ 17-18 ਸਾਲਾਂ ਦੇ ਸਫ਼ਰ ਚ ਕੁਝ ਅਜਿਹੇ ਪਲ ਆਏ ਜਿੰਨਾ ਦਾ ਜਿਕਰ ਓਹ ਕਿਸੇ ਨਾਲ ਨਾ ਕਰ ਸਕੀ ਤੇ ਉਸਦੇ ਛੋਟੇ ਛੋਟੇ ਹੱਥਾਂ ਨੂੰ ਕਲਮ ਦਾ ਸਹਾਰਾ ਮਿਲ ਗਿਆ । ਜਿੰਦਗੀ ਦੇ ਉਤਾਰ ਚੜ੍ਹਾਅ ਵਿੱਚ ਉਸਦੀ ਪੜਾਈ ਕਈ ਵਾਰੀ ਖਰਾਬ ਵੀ ਹੋਈ ਪਰ ਉਸਨੇ ਕਦੇ ਹਿੰਮਤ ਨਹੀਂ ਹਾਰੀ ਜਦੋਂ ਅਜੇ ਕਾਲਜ ਦਾ ਆਖਰੀ ਸਾਲ ਹੀ ਸੀ ਤਾਂ ਉਸਦਾ ਵਿਆਹ ਹੋ ਗਿਆ ਦੇਖਣ ਆਏ ਹੀ ਲੈਗੇ ਪਰ ਉਸਨੇ ਪੜਾਈ ਬੰਦ ਨਹੀਂ ਕੀਤੀ।ਬੱਚੇ ਹੋ ਗਏ ਪੜਾਈ ਫੇਰ ਵੀ ਚਾਲੂ ਰੱਖੀ ਦੁੱਧ ਚੁੰਘਦੇ ਬੱਚੇ ਨੂੰ ਗੋਦੀ ਚ ਲੈਕੇ ਪੇਪਰ ਦਿੱਤੇ। ਆਯੁਰਵੈਦਾ ਵਿੱਚ ਗ੍ਰੈਜੂਏਸ਼ਨ ਕੀਤੀ,ਫੇਰ ਹੋਮਿਓਪੈਥੀ ਵਿੱਚ ਗ੍ਰੈਜੂਏਸ਼ਨ ਕੀਤੀ ਫੇਰ ਫਾਰਮੇਸੀ ਦਾ ਡਿਪਲੋਮਾ ਕੀਤਾ।
ਉਹ ਆਪਣੀ ਕਿਤਾਬ “ਨਿਰਾ ਇਸ਼ਕ” ਦੇ ਮੁੱਖ ਬੰਦ ਚ ਲਿਖਦੀ ਹੈ… ਮੈ ਲਿਖਣਾ ਕਦੋ ਸ਼ੁਰੂ ਕੀਤਾ…. ? ਸ਼ਾਇਦ ਉਦੋਂ ਜਦੋ ਮੈਂਨੂੰ ਅੱਖਰਾਂ ਦੀ ਬਣਤਰ ਵੀ ਨਹੀਂ ਸੀ ਆਉਂਦੀ, ਅੱਖਰ ਕੀ ਹੁੰਦੇ ਨੇ ਮੈਂ ਨਹੀਂ ਸੀ ਜਾਣਦੀ, ਫੇਰ ਲਿਖਿਆ ਕਿਵੇਂ.. ? ਸ਼ਾਇਦ ਮਨ ਤੇ ਖੁਰਚ ਖੁਰਚ ਕੇ ਇੰਨਾ ਗਹਿਰਾ ਤੇ ਕਦੇ ਨਾ ਮਿਟਣ ਵਾਲਾ…ਮਨ ਦੇ ਓਹ ਵਲਵਲੇ, ਕਦੇ ਪਿਆਰ ਵਾਲੇ ਤੇ ਕਦੇ ਤਕਰਾਰ ਵਾਲੇ ਮੇਰੇ ਅੰਦਰ ਹਮੇਸ਼ਾ ਰੁੜਦੇ , ਚਲਦੇ ਤੇ ਦੌੜਦੇ ਰਹੇ ਜਿਨ੍ਹਾਂ ਨੂੰ ਸਮਝਣ ਵਾਲਾ ਕੋਈ ਨਹੀਂ ਸੀ ਮੈ ਅੰਦਰੋਂ ਹੀ ਆਪਣੇ ਆਪ ਨਾਲ ਸਵਾਲ ਜਵਾਬ ਕਰਦੀ ਰੱਬ ਨੂੰ ਉਲਾਂਭੇ ਦੇਣ ਲੱਗ ਪਈ ਪਤਾ ਨਹੀਂ ਕਦੋ..ਫੇਰ ਅੱਖਰ ਆਏ ਮੇਰੀ ਜ਼ਿੰਦਗੀ ਚ ਬਹੁਤ ਛੋਟੀ ਉਮਰੇ ਆਏ ਮੈ ਰੋਜ਼ਾਨਾ ਡਾਇਰੀ ਲਿਖਣ ਲੱਗ ਗਈ. ਅਖ਼ਬਾਰਾਂ ਤੇ ਰਸਾਲਿਆਂ ਵਿੱਚ ਲਿਖਣ ਲੱਗੀ ਕਹਾਣੀਆਂ, ਕਵਿਤਾਵਾਂ, ਗੀਤ ਤੇ ਲੇਖ ਫੇਰ ਚਿਠੀਆਂ ਲਿਖਦੀ ਸਾਰੇ ਰਿਸ਼ਤੇਦਾਰਾਂ ਨੂੰ ਸਹੇਲੀਆਂ ਨੂੰ.
ਫੇਸ ਬੁੱਕ ਵਿੱਚ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਲੱਗੀ ਤਾ ਦੋਸਤਾਂ ਨੇ ਬਹੁਤ ਹੌਸਲਾ ਵਧਾਇਆ।ਮੇਰੀ ਪਹਿਲੀ ਕਿਤਾਬ “ਨਿਰਾ ਇਸ਼ਕ” ਆਈ,ਜੋ ਮੇਰੇ ਪਾਠਕਾਂ ਨੇ ਬਹੁਤ ਪਸੰਦ ਕੀਤੀ।ਇਸ ਕਿਤਾਬ ਨੂੰ ਲਿਖਣ ਦਾ ਮੇਰਾ ਮੁੱਖ ਮੁੱਦਾ ਅਸੀਂ ਪਿਆਰ, ਮੁਹੱਬਤ, ਇਸ਼ਕ ਨੂੰ ਜਿਸਮਾਂ ਤਕ ਸੀਮਤ ਕਰ ਬੈਠੇ ਇਹ ਤਾ ਰੱਬ ਦਾ ਅਪਣਾ ਪਾਕ ਜਜਵਾ ਸੀ,ਜੋ ਦੋ ਰੂਹਾਂ ਦੀ ਰੂਹਾਨੀ ਤਸਕੀਨ ਲਈ ਬਖਸ਼ਿਆ ਸੀ ਅਸੀਂ ਇਸ ਦੀ ਬਾਹਰਲੀ ਸੁੰਦਰਤਾ ਦੇ ਕਾਇਲ ਹੋ ਕੇ ਰਹਿ ਗਏ, ਅਸਲੀ ਆਨੰਦ ਤੱਕ ਪਹੁੰਚੇ ਹੀ ਨਹੀਂ, ਅਸੀਂ ਕਿਸੇ ਫੁੱਲ ਨੂੰ ਡਾਲ ਨਾਲ ਮਹਿਕਦਾ ਦੇਖ ਸਹਾਰ ਹੀ ਨਹੀਂ ਸਕਦੇ. ਸਗੋਂ ਝੱਟ ਤੋੜ ਕੇ ਕੇ ਫਨਾਹ ਕਰ ਦਿੰਦੇ ਹਾਂ ਖੁੱਦ ਫੁੱਲ ਹੈਸੀਅਤ ਬਣਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਕਾਮੁਕ ਰੁਚੀਆਂ ਦੇ ਸਿਵਾ ਜ਼ਿੰਦਗੀ ਚ ਕੁੱਝ ਹੋਰ ਰੱਖਦੇ ਹੀ ਨਹੀਂ ਜਿੰਨਾ ਜਿਸਮਾਂ ਨੂੰ ਪ੍ਰਾਪਤ ਕਰਨ ਲਈ ਲਈ ਅਸੀਂ ਪ੍ਰਭੂ ਭਗਤੀ ਕਰਨੋ ਵੀ ਨਹੀਂ ਸੰਗਦੇ ਓਨਾ ਇੱਕ ਦਿਨ ਮਿੱਟੀ ਚ ਮਿਲ ਜਾਣਾ, ਫੇਰ ਕਿਉਂ ਨਾ ਰੂਹਾਂ ਦੀ ਗੱਲ ਕਰੀਏ., ਸਾਂਝ ਰੂਹਾਂ ਦੀ ਪਾਈਏ, ਅਹਿਸਾਸ ਰਿਸ਼ਤਿਆਂ ਦਾ ਰੱਖੀਏ ਤੇ ਪਹਿਚਾਣ ਫਰਜ਼ਾਂ ਦੀ।
“ਤੁਪਕਾ ਤੁਪਕਾ ‘ਨਿਰੇ ਇਸ਼ਕ’ ਦਾ,
ਵਿਚ ਦਵਾਤਾਂ ਭਰਕੇ…
ਹਿਜ਼ਰ ਤੇਰੇ ਦੀਆਂ ਪੀੜਾਂ ਲਿਖੀਆਂ ,
ਕਲਮ ਨੂੰ ਹੱਥ ਵਿੱਚ ਫੜਕੇ….
ਤੰਦ ਯਾਦ ਤੇਰੀ ਦੇ ਪਾਏ,
ਵਿੱਚ ਮਣਕੇ ਜੰਝੂਆਂ ਦੇ ਜੜਕੇ..
ਇੱਕ ਤੇਰੇ ਵਸਲ ਦੀ ਖ਼ਾਤਿਰ,
ਅਸੀਂ ‘ਨਿਰੇ ਇਸ਼ਕ’ ਦੀ ਸੂਲੀ ਚੜ੍ਹਕੇ… “ਕਾਂ ਬੋਲਦਾ ਭੁੜਕਦਾ ਆਟਾ,
ਤਵੇ ਤੇ ਰੋਟੀ ਫੁੱਲੇ ਸੋਹਣਿਆਂ
ਮੇਰੇ ਢੋਲ ਪਰਦੇਸੀ ਆਉਣਾ,
ਹਵਾ ਦੇ ਕਹਿੰਦੇ ਬੁੱਲੇ ਸੋਹਣਿਆ।
ਕੁੱਟ ਕੁੱਟ ਚੂਰੀਆਂ ਮੈ,
ਕਾਵਾਂ ਨੂੰ ਪਾਉਂਦੀ ਆ,
ਉੱਡੀ ਨਾ ਤੂੰ ਕਾਵਾਂ,
ਚੂੰਝ ਸੋਨੇ ਚ ਮੜਾਉਦੀ ਆ।
ਮੈ ਤਾ ਖੁਸ਼ੀ ਵਿਚ ਭੰਗੜੇ ਪਾਵਾ,
ਤੇ ਨੈਣੌ ਨੀਰ ਡੁੱਲੇ ਸੋਣਿਆ
ਮੇਰੇ ਢੋਲ ਪਰਦੇਸੀ ਆਉਣਾ,
ਹਵਾ ਦੇ ਕਹਿੰਦੇ ਬੁੱਲੇ ਸੋਹਣਿਆ।”
ਫੇਰ ਉਸਦੇ ਮੰਨ ਨੂੰ ਟੁੰਬੇਆ ਕਿਸਾਨ ਮੋਰਚਾ, 350 ਕਿਲੋਮੀਟਰ ਦਾ ਸਫਰ ਸਕੂਟਰ ਤੇ ਤਹਿ ਕਰਕੇ ਛੋਟੇ ਬੇਟੇ ਰਾਏ ਬਹਾਦੁਰ ਵੀਰ ਸਿੰਘ ਨਾਲ ਦਿੱਲੀ ਸਿੰਘੂ ਬਾਰਡਰ ਤੇ ਦਵਾਈਆਂ ਦੀ ਫਰੀ ਸੇਵਾ ਲੈਕੇ ਪਹੁੰਚ ਗਈ।ਉਸਦੇ ਦੱਸਣ ਮੁਤਾਬਿਕ ਓਥੇ ਜਾ ਹਰ ਬਾਪੂ ਦੇ ਚਿਹਰੇ ਵਿਚ ਉਸਨੇ ਅਪਣੇ ਪਾਪਾ ਨੂੰ ਦੇਖਿਆ ਕੋਈ ਬੇਗਾਨਾ ਨਜ਼ਰ ਹੀ ਨਹੀਂ ਆਇਆ। ਇੱਕ ਅਲੱਗ ਹੀ ਖੁਸ਼ੀ ਚ ਓਹ ਦਸਦੀ ਹੈ ਕਿ ਸਾਡੇ ਚਾਰ ਘੰਟੇ ਚ ਮੈਂ ਦਿੱਲੀ ਇੰਨੇ ਕੂ ਚਾਅ ਨਾਲ ਗਈ ਇੰਨੀਂ ਖੁਸ਼ੀ ਕੇ ਮੈਂ ਬਿਆਨ ਨਹੀਂ ਕਰ ਸਕਦੀ ਅਪਣੇ ਜਿੰਦਾ ਹੋਣ ਦਾ ਅਹਿਸਾਸ ਪਹਿਲੀ ਵਾਰ ਹੋਇਆ ਰਾਮੇਸ਼ਵਰ ਵੀਰ। ਤਿੰਨ ਦਿਨਾਂ ਚ ਮੈਂ ਦੇਖਿਆ ਬਜ਼ੁਰਗ ਬਾਪੂ ਬੇਬੇ ਠੰਡ ਚ ਕਿਵੇਂ ਰਹਿਣਗੇ ਤਾਂ ਦੂਜੇ ਗੇੜ ਵਿੱਚ ਆਯੁਰਵੇਦ ਦੀਆਂ ਦਵਾਈਆਂ, ਅਸ਼ਵਗੰਧਾ, ਗਿਲੋਯ, ਅਰਜੁਨ, ਬ੍ਰਹਮੀ, ਸੁਗਰ, ਪੇਟ ਦੀਆ ਬੀਮਾਰੀਆਂ ਲਿਵਰ ਲਈ , ਜੌੜਾ ਦੇ ਦਰਦ ਦੀਆ ਦਵਾਈਆਂ ਤੇ ਤੇਲ ਲੈਕੇ ਪਹੁੰਚ ਗਈ। ਫਿਰ ਤੀਜੇ ਗੇੜ ਚ ਮੈਂ ਬੱਸ ਗਈ ਕਿਉਕਿ ਹੁਣ ਮੇਰੇ ਕੋਲ ਦਵਾਈਆਂ ਦੇ ਨਾਲ ਮੇਰੇ ਬੇਬੇ ਬਾਪੂਆਂ ਲਈ ਮੈਂ 11 ਰਜਾਈਆਂ ਵੀ ਲੈਕੇ ਗਈ ਸੀ ਕਿਉਕਿ ਸਰਦੀ ਵੱਧ ਰਹੀ ਸੀ । ਬੱਸ ਵੀਰੇ ਇਸੇ ਤਰ੍ਹਾ ਮੈ ਕਈ ਚੱਕਰ ਲਾਏ। ਮੇਰੇ ਵਲੋ ਇਹ ਸਾਰਾ ਕੁਝ ਮੁਫ਼ਤ ਸੇਵਾ ਹਿੱਤ ਵੰਡਿਆ ਗਿਆ, ਇਹ ਮੇਰੀ ਸੇਵਾ ਮੋਰਚਾ ਫਤਿਹ ਹੋਣ ਤਕ ਜਾਰੀ ਰਹੇਗੀ ਤੇ ਗ਼ਰੀਬਾਂ ਦੀ ਸੇਵਾ ਕਰਨਾ ਤਾਂ ਮੇਰੀ ਇਕ ਖਾਸ ਆਦਤ ਬਣ ਚੁੱਕੀ ਹੈ। ਕਿਸਾਨ ਮੋਰਚੇ ਵਿਚ ਸੇਵਾ ਕਰਦੀ ਦੀਆਂ ਜਿਸਦੀ ਮੀਡੀਆ ਚ ਮੇਰੀ ਆਮ ਚਰਚਾ ਹੋਣ ਲੱਗੀ। ਫੇਰ ਚੈਨਲਾਂ ਤੇ ਵੀਡਿਓ ਆ ਜਾਣ ਕਾਰਨ ਨੌਕਰੀ ਚ ਦਿੱਕਤਾਂ ਆਣ ਲੱਗੀਆਂ। ਆਖਿਰ ਨੌਕਰੀ ਤੋਂ ਜਵਾਬ ਦੇਣਾ ਪਿਆ ਅਗਰ ਨਾ ਦਿੰਦੀ ਤਾਂ ਕੰਪਨੀ ਨੌਕਰੀ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਇਸ ਲਈ ਖੁੱਦ ਹੀ ਅਸਤੀਫਾ ਦੇ ਦਿੱਤਾ ਗਿਆ।ਵੀਰੇ ਪੈਸੇ ਨਾਲੋਂ ਮੇਰੇ ਲਈ ਸੇਵਾ ਬਹੁਤ ਕੀਮਤੀ ਹੈ।
ਕਿਸਾਨ ਮੋਰਚਾ ਲਖੀਮ ਪੁਰ ਤੇ ਉਸਦੀ ਕਵਿਤਾ..
“ਖੇਤਾਂ ਨੂੰ ਬਚਾਉਣ ਗਏ,
ਖੇਤਾਂ ਦੇ ਅਣਖੀ ਪੁੱਤ ,
ਸਾਡੇ ਲਈ ਕਾਹਦੀ ਅਜ਼ਾਦੀ,
ਸਾਡੀ ਤਾਂ ਹਾਲੇ ਵੀ ਸ਼ਹਾਦਤਾਂ ਦੀ ਰੁੱਤ।
ਕੁਰਬਾਨੀਆਂ ਨੇ ਸੂਹਾ ਕੀਤਾ ,
ਹੋਰ ਰੰਗ ਮੋਰਚੇ ਕਿਸਾਨੀ ਦਾ।
ਹਰ ਰੋਜ਼ ਸ਼ਹੀਦ ਹੁੰਦਾ ਏ,
ਪਿਓ,ਪੁੱਤ,ਪਤੀ ਕਿਸੇ ਜਨਾਨੀ ਦਾ।” ਰਮੇਸ਼ਵਰ ਵੀਰੇ ਹੁਣ ਤੁਸੀਂ ਮੇਰੀ ਸਾਹਿਤ ਸੇਵਾ ਨੂੰ ਪਹਿਚਾਣਿਆ ਤੇ ਅਖ਼ਬਾਰਾਂ ਵਿਚ ਮੇਰੀਆਂ ਰਚਨਾਵਾਂ ਵੀ ਛਪ ਰਹੀਆਂ ਹਨ।ਸਾਹਿਤ ਨਾਲ ਜੁੜਨਾ ਨਿਰਾ ਸ਼ੌਕ ਨਹੀਂ ਸਮਾਜਿਕ ਸੇਵਾ ਕਰਨਾ ਵੀ ਹੈ।ਡਾਕਟਰੀ ਸੇਵਾ ਤਾਂ ਮੇਰੀ ਰਹਿੰਦੀ ਜ਼ਿੰਦਗੀ ਤਕ ਜਾਰੀ ਰਹੇਗੀ।ਵੀਰੇ ਕਿਸਾਨ ਮੋਰਚੇ ਤੇ ਸੇਵਾ ਕਰਕੇ ਜੋ ਮੈਨੂੰ ਖੁਸ਼ੀ ਮਿਲੀ ਹੈ ਨੌਕਰੀ ਛੱਡਣ ਦੀ ਕੋਈ ਪ੍ਰਵਾਹ ਨਹੀਂ ਕੀਤੀ, ਆਯੁਰਵੈਦਾ, ਹੋਮੀਓਪੈਥੀ ਤੇ ਫਾਰਮੇਸੀ ਦੀ ਮੇਰੇ ਕੋਲ ਡਿਗਰੀ ਹੈ ਨੌਕਰੀ ਕਿਤੇ ਵੀ ਮਿਲ ਜਾਵੇਗੀ,ਪਰ ਮੋਰਚੇ ਤੇ ਲੜ ਰਹੇ ਸਾਡੇ ਬਾਪੂ ਬੇਬੇ ਭੈਣ ਭਰਾ ਤੇ ਬੱਚਿਆਂ ਦੀ ਸੇਵਾ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦੀ ਹੈ।ਇਹ ਸੇਵਾ ਹੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਸ ਵਿੱਚੋਂ ਹੀ ਸੇਧ ਦੇਣ ਵਾਲਾ ਸਾਹਿਤ ਪੈਦਾ ਹੋਇਆ ਹੈ।ਜਦੋਂ ਕਿਸੇ ਦੁਖੀ ਬੇਬੇ ਬਾਪੂ ਨੂੰ ਦਵਾਈ ਦਿੰਦੀ ਹਾਂ ਉਸ ਨਾਲ ਗੱਲਾਂ ਕਰਕੇ ਜੋ ਉਨ੍ਹਾਂ ਦੇ ਚਿਹਰੇ ਤੇ ਨੂਰ ਦਿਖਾਈ ਦਿੰਦਾ ਹੈ,ਬਾਅਦ ਵਿਚ ਤੁਰੰਤ ਉਹ ਕਲਮ ਦਾ ਰੂਪ ਧਾਰ ਲੈਂਦਾ ਹੈ।ਬਹੁਤ ਜਲਦੀ ਕਿਸਾਨ ਮਜ਼ਦੂਰ ਮੋਰਚੇ ਦੀ ਜਿੱਤ ਹੋਣ ਵਾਲੀ ਹੈ ਜਿਸ ਤੇ ਮੈਂ ਆਪਣੇ ਮੋਰਚੇ ਵਿੱਚ ਰਹਿਣ ਦੀ ਪੂਰੀ ਕਹਾਣੀ ਜ਼ਰੂਰ ਲਿਖਾਂਗੀ।ਵੀਰੇ ਜੇ ਤੁਸੀਂ ਮੇਰੇ ਤੇ ਲੇਖ ਲਿਖ ਰਹੇ ਹੋ ਇਹ ਲਿਖਣਾ ਕਦੇ ਨਾ ਭੁੱਲਣਾ “ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।”
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392