(ਸਮਾਜ ਵੀਕਲੀ)
ਸਾਹਿਤ ਦੇ ਖੇਤਰ ਵਿੱਚ ਅਨੇਕਾਂ ਨੌਜਵਾਨ ਕਵੀ ,ਕਵੀਤਰੀਆ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਸਮਾਜ ਨੂੰ ਸਿਹਤ ਦੇ ਰਹੇ ਹਨ । ਆਪਾਂ ਵੱਖ-ਵੱਖ ਕਵੀਆਂ ਦੇ ਜੀਵਨ ਬਾਰੇ ਚਰਚਾ ਕਰਦੇ ਆਏ ਹਾਂ । ਇਸੇ ਲੜੀ ਤਹਿਤ ਅੱਜ ਆਪਾਂ ਨਵੇਂ ਉੱਭਰ ਰਹੇ ਲੇਖਕ ਤੇ ਕਵੀਸ਼ਰ ਬਲਕਾਰ ਸਿੰਘ ਭਾਈ ਰੂਪਾ ਦੇ ਜੀਵਨ ਅਤੇ ਉਨ੍ਹਾਂ ਦੇ ਸ਼ਖ਼ਸੀਅਤ ਦੇ ਪੱਖਾਂ ਬਾਰੇ ਚਰਚਾ ਕਰਾਂਗੇ। ਬਲਕਾਰ ਸਿੰਘ ਦਾ ਜਨਮ 10 ਜੂਨ 1996 ਈ : ਵਿੱਚ ਪਿਤਾ ਸ: ਜਗਤਾਰ ਸਿੰਘ ਦੇ ਘਰ, ਮਾਤਾ ਗੁਰਮੀਤ ਕੌਰ ਦੀ ਕੁੱਖੋਂ ਪਿੰਡ ਭਾਈ ਰੂਪਾ ਵਿੱਚ ਹੋਇਆ ।ਲੇਖਕ ਨੇ ਮੁੱਢਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਤੋਂ ਪ੍ਰਾਪਤ ਕੀਤੀ ।ਜਿਸ ਦੇ ਵਿੱਚ ਪੜ੍ਹਾਈ ਵਿੱਚੋਂ ਅਵੱਲ ਰਹਿ ਕੇ ਦੋ ਆਰ: ਕੇ: ਸ਼ਰਮਾ ਮੈਰਿਟ ਅਵਾਰਡ ਪ੍ਰਾਪਤ ਕੀਤੇ ਅਤੇ ਨਕਦ ਰਾਸ਼ੀ ਦੇ ਚੈੱਕ ਪ੍ਰਾਪਤ ਕੀਤੇ ।
ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਲੇਖਕ ਨੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿੱਚ ਦਾਖ਼ਲਾ ਲਿਆ ਜਿੱਥੇ ਐਨ :ਐਸ: ਐਸ: ਬੈਸਟ ਵਲੰਟੀਅਰ ਵਜੋਂ ਸਨਮਾਨ ਮਿਲਿਆ ਅਤੇ ਕਾਲਜ ਕਾਲਰ ਪ੍ਰਾਪਤ ਕੀਤਾ ।ਏਥੋਂ ਹੀ ਲੇਖਕ ਨੇ ਕਵਿਤਾ ਲਿਖਣ ਦਾ ਸ਼ੌਂਕ ਪਾਇਆ । ਪ੍ਰੋਫੈਸਰ ਗੁਰਜੀਤ ਸਿੰਘ ਅਤੇ ਸੁਲਤਾਨ ਸਿੰਘ ਦੀ ਹੱਲਾਸ਼ੇਰੀ ਸਦਕਾ ਕਵਿਤਾ ਲਿਖੀ ਜਿਸ ਨੂੰ “ਦਿ ਰਜਿੰਦਰਾ” ਮੈਗਜ਼ੀਨ ਵਿੱਚ ਸ਼ਾਮਿਲ ਕੀਤਾ ਗਿਆ ।ਬੱਸ ਉਹ ਦਿਨ ਤੋਂ ਲੇਖਕ ਨੇ ਲਿਖਣਾ ਸ਼ੁਰੂ ਕਰ ਦਿੱਤਾ ।
ਬੀ :ਏ :ਦੇ ਦੌਰਾਨ ਹੀ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਲੇਖਕ ਦੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੱਤਾ।ਉਹ ਘਟਨਾ ਸੀ ਜੇਲ੍ਹ ਯਾਤਰਾ । ਪਿੰਡ ਭਾਈ ਰੂਪੇ ਦੇ ਜ਼ਮੀਨੀ ਵਿਵਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਝੂਠਾ 307 ਦਾ ਪਰਚਾ ਕਰਵਾ ਦਿੱਤਾ ਜਿਸਦੇ ਵਿੱਚ 15 ਦਿਨ ਜੇਲ੍ਹ ਵਿੱਚ ਵੀ ਰਹਿਣਾ ਪਿਆ ਜਿਸ ਨੂੰ ਪੰਜ ਸਾਲ ਤਰੀਕਾਂ ਭੁਗਤਣ ਬਾਅਦ ਮਾਨਯੋਗ ਅਦਾਲਤ ਬਠਿੰਡਾ ਨੇ ਬਾਇੱਜ਼ਤ ਬਰੀ ਕੀਤਾ ।ਬੀ: ਏ: ਉਪਰੰਤ ਲੇਖਕ ਨੇ ਬੀ:ਐਂੱਡ ਅਤੇ ਐੱਮ: ਏ: ਇਤਿਹਾਸ ਦੀ ਉਚੇਰੀ ਸਿੱਖਿਆ ਵੀ ਪ੍ਰਾਪਤ ਕੀਤੀ। ਇਨ੍ਹਾਂ ਸਮਿਆਂ ਦੌਰਾਨ ਲੇਖਕ ਨੇ ਐੱਮ: ਏ :ਇਤਿਹਾਸ ਵਿੱਚੋਂ ਕਾਲਜ ਟੋਪ ਕੀਤਾ । ਛੰਦਾਬੰਦੀ ਦੀ ਸਿੱਖਿਆ ਸ: ਦਰਸ਼ਨ ਸਿੰਘ ਭੰਮੇ, ਹਰਵਿੰਦਰ ਸਿੰਘ ਰੋਡੇ ਤੋਂ ਲੈ ਰਿਹਾ ਹੈ । ਗੀਤਾਂ ਬਾਰੇ ਜਨਕ ਸੰਗਤ , ਗੁਰਕੀਰਤ ਸਿੰਘ ਔਲਖ , ਹਰਦੇਵ ਹਮਦਰਦ ਤੋਂ ਸਿੱਖ ਰਿਹਾ ਹੈ।
ਲਿਖਣ ਦੀ ਕਲਾ ਵਿੱਚ ਲੇਖਕ ਨੂੰ ਵੱਖ-ਵੱਖ ਸਨਮਾਨ ਮਿਲੇ । ਜਿਸਦੇ ਵਿੱਚ ਦੋ ਵਾਰ ਅੰਤਰਰਾਸ਼ਟਰੀ ਸਾਹਿਤਕ ਸਭਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਕਾਲਜ ਪੱਧਰ ਦੇ ਮੁਕਾਬਲਿਆਂ ਵਿੱਚੋਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵੱਲੋਂ ਕਰਵਾਏ ਕਵਿਤਾ ਮੁਕਾਬਲੇ ਵਿੱਚੋਂ ਤੀਜਾ ਸਥਾਨ ,ਮਿੰਨੀ ਕਹਾਣੀ ਮੁਕਾਬਲਿਆਂ ਵਿੱਚ ਅਨੇਕਾਂ ਇਨਾਮ , ਆਰਟੀਕਲ ਲਿਖਣ ਤੇ ਮਹਿਕ ਪੰਜਾਬ ਦੀ ਗਰੁੱਪ ਦੇ ਸਲਾਨਾ ਸਮਾਗਮ ਮੋਗਾ ਵਿਖੇ ਵੀ ਸਨਮਾਨਿਤ ਕੀਤਾ ਗਿਆ।
ਲੇਖਕ ਦੀਆਂ ਰਚਨਾਵਾਂ ਵੱਖ- ਵੱਖ ਅਖ਼ਬਾਰਾਂ , ਮੈਗਜੀਨਾਂ ਵਿੱਚ ਰਚਨਾਵਾਂ ਛੱਪ ਰਹੀਆਂ ਹਨ ਜਿਸਦੇ ਵਿੱਚ ਪੰਜਾਬੀ ਟ੍ਰਿਬਿਊਨ , ਰੋਜ਼ਾਨਾ ਸਪੋਕਸਮੈਨ,ਸਾਂਝੀ ਆਵਾਜ਼, ਪੰਜਾਬੀ ਵਰਲਡ ਅਖ਼ਬਾਰ ,ਸਹਿਜ ਟਾਈਮਜ਼ ,ਸਮਾਜ ਵੀਕਲੀ,ਸਾਡੇ ਲੋਕ,ਦੇਸ਼ ਸੇਵਕ,ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ, ਸਾਂਝੀ ਸੋਚ ਯੂਐਸਏ, ਡੇਲੀ ਹਮਦਰਦ,ਮਾਲਵਾ ਬਾਣੀ,ਬੀ ਟੀ ਟੀ ਨਿਊਜ਼,ਸਾਂਝ,ਦਾ ਪੰਜਾਬ ਵਰਲਡਟਾਈਮਜ਼,ਪ੍ਰੀਤਨਾਮਾ,ਸ਼ਾਮਿਲ ਹਨ ।
ਲੇਖਕ ਦੀਆਂ ਰਚਨਾਵਾਂ ਸਾਂਝੇ ਕਾਵਿ ਸੰਗ੍ਰਹਿ “ਜੰਗ ਹੱਕਾਂ ਦੀ” , ਕਦੋਂ ਮਿਲੇਗੀ ਪਰਵਾਜ਼ ,ਕਿਸਾਨੀ ਸੰਘਰਸ਼ ,ਜਾਣਾ ਐ ਉਸ ਪਾਰ ਆਦਿ ਕਿਤਾਬਾਂ ਵਿੱਚ ਆਪਣੀਆ ਰਚਨਾਵਾਂ ਛਪਵਾਈਆਂ ਹਨ ।
ਲੇਖਕ ਇੱਕ ਲਘੂ ਫ਼ਿਲਮ “ਸੋਚ ਬਦਲੋ ਪੰਜਾਬ ਬਚਾਓ” ਵਿੱਚ ਵੀ ਆਪਣਾ ਕਿਰਦਾਰ ਨਿਭਾ ਚੁੱਕਾ ਹੈ ।
ਹਾਸ ਰਸ ਰਚਨਾਵਾਂ ,ਮਿੰਨੀ ਕਹਾਣੀਆਂ, ਸਮਾਜਿਕ ਬੁਰਾਈਆਂ ਅਤੇ ਚਲਿਤ ਮਸਲਿਆਂ ਤੇ ਰਚਨਾਵਾਂ ਲਿਖ ਰਹੇ ਹਨ ।
ਲੇਖਕ ਸਾਹਿਤ ਦੇ ਨਾਲ ਨਾਲ ਸਾਮਾਜਿਕ ਸੰਸਥਾਵਾਂ ਵਿੱਚ ਵੀ ਅਹੁਦੇਦਾਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ । ਗੁਰੂ ਸਤਿਕਾਰ ਸੇਵਾ ਸੁਸਾਇਟੀ ਜਰਨਲ ਸਕੱਤਰ, ਸ਼ਹੀਦ ਭਗਤ ਸਿੰਘ ਲੋਕ ਚੇਤਨਾ ਮੰਚ ਸਟੇਜ ਸਕੱਤਰ, ਵਿਰਾਸਤੀ ਬਾਗ਼ ਸਟੇਜ ਸਕੱਤਰ, ਭਾਈ ਰੂਪ ਚੰਦ ਲੰਗਰ ਸੇਵਾ ਸੁਸਾਇਟੀ ਸਟੇਜ ਸਕੱਤਰ ਆਦਿ ਸੰਸਥਾਵਾਂ ਵਿੱਚ ਸੇਵਾਵਾਂ ਨਿਭਾ ਰਿਹਾ ਹੈ।
ਕਿੱਤੇ ਵਜੋਂ ਇਸ ਸਮੇਂ ਹਮਾਰਾ ਪੰਪ ਭਾਈ ਰੂਪਾ ਵਿਖੇ ਬਤੌਰ ਮੈਨੇਜਰ ਡਿਊਟੀ ਨਿਭਾ ਰਿਹਾ ਹੈ।
ਉਮੀਦ ਕਰਦੇ ਹਾਂ ਕਿ ਲੇਖਕ ਇਸੇ ਤਰ੍ਹਾਂ ਹੀ ਸਾਹਿਤਕ ਖੇਤਰ ਅਤੇ ਸਮਾਜਿਕ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇਗਾ ।
ਰਚਨਾਵਾਂ
ਜੇ ਕੁੱਝ ਜ਼ਿੰਦਗੀ ‘ਚ ਬਣਨਾ ਪਿਆਰ ਕਰ ਕਿਤਾਬਾਂ ਨੂੰ
ਪੜ੍ਹਨ ਲਿਖਣ ਦੇ ਬਿਨਾਂ ਤਾਂ ਵੀਰੋ, ਜ਼ਿੰਦਗੀ ਹੈ ਅਧੂਰੀ,
ਜਿਹੜੇ ਮਨ ਲਾ ਮਿਹਨਤ ਕਰਦੇ ,ਕਰਦੇ ਇੱਛਾ ਹਰ ਪੂਰੀ,
ਚੱਕ ਕਿਤਾਬਾਂ ਪੜ੍ਹਨ ਲੱਗ ਜਾ ,ਜੇ ਪੂਰੇ ਕਰਨਾ ਖੁਵਾਬਾਂ ਨੂੰ,
ਜੇ ਕੁੱਝ ਜ਼ਿੰਦਗੀ ‘ਚ ਬਣਨਾ ਪਿਆਰ ਕਰ ਕਿਤਾਬਾਂ ਨੂੰ।
ਮਿੱਤਰ ਬਣਾ ਕੇ ਪੜ੍ਹਦਾ ਜਿਹੜਾ ,ਮਿੱਤਰ ਉਸਦਾ ਬਣਦੀ,
ਵੀਰ- ਰਸ ਨੂੰ ਪੜ੍ਹ ਕੇ ਵੀਰੋ, ਜਿੰਦ ਬਾਡਰ ਤੇ ਤਣਦੀ,
ਤੂੰ ਗਿਆਨ ਨੂੰ ਸਾਂਭ ਲੈ ਵੀਰਾਂ ਜਿਵੇਂ ਮਾਲੀ ਸਾਂਭੇ ਗੁਲਾਬਾਂ ਨੂੰ,
ਜੇ ਕੁੱਝ ਜ਼ਿੰਦਗੀ ‘ ਚ ਬਣਨਾ ਪਿਆਰ ਕਰ ਕਿਤਾਬਾਂ ਨੂੰ।
ਮੰਜ਼ਿਲ ਇੱਕ ਦਿਨ ਪਾ ਹੀ ਜਾਂਦਾ, ਜੋਂ ਵੀ ਪੜ੍ਹ ਲਿਖ ਜਾਵੇ,
ਉਹ ਹੀ ਪੜ੍ਹਿਆ ਸਫ਼ਲ ਹੁੰਦਾ ਜੋਂ ਪੜ੍ਹ ਕੇ ਮਨ ਵਸਾਵੇ,
ਮਨ ਲਗਾ ਕੇ ਮੈਥ ਨੂੰ ਪੜ੍ਹ ਲਵੀਂ , ਜੇ ਸਿੱਖਣਾ ਤੂੰ ਹਿਸਾਬਾਂ ਨੂੰ,
ਜੇ ਕੁੱਝ ਜ਼ਿੰਦਗੀ ‘ਚ ਬਣਨਾ ਪਿਆਰ ਕਰ ਕਿਤਾਬਾਂ ਨੂੰ।
ਪੜ੍ਹ- ਲਿਖ ਕੇ ਹੀ ਸਿੱਖਿਆ ਵੀਰੋ , “ਬਲਕਾਰ” ਜੋਂ ਸੁਣਾਵੇ,
“ਭਾਈ ਰੂਪੇ” ਪਿੰਡ’ ਚ ਵੱਸਦਾ, ਜੋਂ ਇਹ ਲਿਖ ਕੇ ਗਾਵੇ,
ਪੜ੍ਹ ਲਿਖ ਕੇ ਸਮਝੋ ਵੀਰੋ , ਜੇ ਬਚਾਉਣਾ ਪੰਜ -ਆਬਾ ਨੂੰ,
ਜੇ ਕੁੱਝ ਜ਼ਿੰਦਗੀ ‘ਚ ਬਣਨਾ ਪਿਆਰ ਕਰ ਕਿਤਾਬਾਂ ਬਲਕਾਰ ਸਿੰਘ ਨਾਲ ਮੇਰੀ ਮਿਲਣੀ ਫੇਸਬੁੱਕ ਰਾਹੀਂ ਹੋਈ ਸੀ ਪਰ ਇਸ ਦੀਆਂ ਅਗਾਂਹਵਧੂ ਤੇ ਸੇਧ ਰੂਪੀ ਰਚਨਾਵਾਂ ਵੇਖ ਕੇ ਮੈਂ ਅਖ਼ਬਾਰਾਂ ਨਾਲ ਇਨ੍ਹਾਂ ਦਾ ਸਬੰਧ ਜੋੜਿਆ ਤੇ ਇਨ੍ਹਾਂ ਦੀ ਸਾਡੀ ਮਾਂ ਬੋਲੀ ਦੀ ਸੇਵਾ ਜਾਰੀ ਰਹੇਗੀ ਤੇ ਬਹੁਤ ਜਲਦੀ ਪਹਿਲੀ ਕਤਾਰ ਦੇ ਕਵੀ ਤੇ ਕਵੀਸ਼ਰ ਸਥਾਪਤ ਹੋ ਜਾਣਗੇ-ਆਮੀਨ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-991488032
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly