ਰੇਤ ’ਤੇ ਪਈ ਬੇੜੀ

ਸੁਖਦੇਵ ਸਿੰਘ

(ਸਮਾਜ ਵੀਕਲੀ)

ਰੇਤ ’ਤੇ ਪਈ ਬੇੜੀ ਉਡੀਕੇ

ਨਦੀ ਪਾਣੀ ਨਾਲ ਭਰ ਜਾਏ

ਉਸ ਦੀ ਦੇਹੀ ਫੇਰ ਮਹਿਸੂਸ ਕਰੇ

ਵਹਿੰਦੇ ਪਾਣੀ ਦੀ ਕੂਲੀ-ਕੂਲੀ ਛੋਹ ਨੂੰ

ਉਹ ਮੁੜ ਤੁਰੇ-ਫਿਰੇ

ਸ਼ਾਂਤ ਇਕਸਾਰ ਪਾਣੀ ਦੇ ਲਹਿਰੀਏ ’ਤੇ

ਪਾਣੀ ਦੇ ਧਾਰਦਾਰ ਵਹਾਅ ਨੂੰ ਕੱਟ

ਜਾ ਮਿਲੇ ਦੂਸਰੇ ਕਿਨਾਰੇ ਨੂੰ ਜਾਂ

ਕਦੇ ਭੰਵਰ ’ਚ ਫਸੀ ਦੇਖਣਾ ਚਾਹੇ

ਮਲਾਹ ਦੀ ਮੁਸ਼ੱਕਤ ਆਪਣੀਆਂ ਅੱਖਾਂ ਨਾਲ

ਰੇਤ ’ਤੇ ਪਾਸਾ ਲੈ ਪਈ

ਆਪਣੇ ਬੀਤੇ ’ਚ ਗੁਆਚੀ

ਡਿੱਕ-ਡੋਲੇ ਖਾਈ ਜਾਏ

ਗਰਮ ਰੁੱਤ ਦੀਆਂ ਤਿੱਖੀਆਂ ਕਿਰਨਾਂ

ਬੇੜੀ ਵਸੀ ਆਖਰੀ ਬੂੰਦ ਚੂਸ

ਹਾਲੇ ਵੀ ਤ੍ਰਿਹਾਈਆਂ ਦੀਆਂ ਤ੍ਰਿਹਾਈਆਂ

ਤਪੀ ਰੇਤ ’ਤੇ ਪਈ-ਪਈ ਸੋਚੇ

ਕਿੱਥੇ ਜਾ ਢੋਈ ਲਵਾਂ

ਮੈਨੂੰ ਤੇ ਮੱਛੀ ਨੂੰ ਸਰਾਪ ਹੈ

ਪਾਣੀ ਵਿਚ ਜਿਊਣ ਦਾ

ਮਲਾਹ ਵੀ ਜਾਣਦਾ

ਪਾਣੀ ਬਿਨ ਇਸ ਕਿੱਥੇ ਤੁਰ ਜਾਣਾ

ਕੌਣ ਚੁੱਕ ਲੈ ਜਾਵੇਗਾ

ਇਸ ਨੂੰ ਘਨੇੜੀ ਰੱਖ

ਤਾਂ ਵੀ ਉਸ ਸੰਗਲਾਂ ਨਾਲ ਬੰਨ੍ਹ

ਲਿਆ ਪੱਤਣ ’ਤੇ ਬਿਠਾਈ ਹੈ

ਬੇੜੀ ਨੂੰ ਚਲਾਉਣ ਵਾਲਾ ਲੂ ਸਹਾਰਦਾ

ਦੂਰ-ਦੂਰ ਤਕ ਦੇਖੇ ਅੱਖਾਂ ’ਤੇ ਹੱਥ ਦੀ ਛਾਂ ਕਰ

ਸੁੱਕੀ ਰੇਤ ’ਤੇ ਤੁਰੀ ਫਿਰਦੇ

ਰੇਤ ਦੇ ਦਾਨਵੀ ਘੁਮੇਰਾਂ ਨੂੰ

ਦੁਰਾਡੇ ਤਕ ਪਸਰੇ ਰੇਤ ਕਣ ਲਿਸ਼ਕਣ

ਸੂਰਜੀ ਲੋਅ ਹੇਠ

ਲੱਗੇ ਜਿਵੇਂ ਲਿਸ਼ਕਵੀਂ ਲਹਿਰ ਪਾਣੀ ਦੀ

ਤੁਰੀ ਆ ਰਹੀ ਨਦੀ ਵਿਚ

ਉਸ ਦੀਆਂ ਅੱਖਾਂ ਸੁਫ਼ਨੇ ’ਚ ਡੁੱਬ ਮਹਿਸੂਸ ਕਰਨ

ਤੁਰ ਆਏ ਪਾਣੀ ’ਚ ਡੁੱਬੀ ਬੇੜੀ

ਲੈਣ ਲੱਗੀ ਹੋਵੇ ਸਾਹ ਹੋ ਉੱਚੀ-ਨੀਵੀਂ

ਵੱਖ ਲੈ ਪਈ ਬੇੜੀ ਨੂੰ

ਪਾਣੀ ਦੇ ਸਿਵਾ ਕੁਝ ਨਾ ਸੁਹਾਵੇ

ਭੁਰ-ਭੁਰੇ ਰੇਤ ਕਣਾਂ ਨਾਲ

ਸਾਂਝ ਹੋਵੇ ਵੀ ਤਾਂ ਕੇਹੀ

ਜਿਨ੍ਹਾਂ ਪਾਸ ਤਾਪ ਹੈ ਦੇਣ ਨੂੰ, ਹੁਲਾਰ ਨਹੀਂ

ਉਸ ਦੇ ਨੇੜੇ-ਤੇੜੇ ਉਤਰਦੇ ਰੇਤ ਕਣ

ਬੋਲ ਕੇ ਦਸਦੇ ਹੋਣ ਜਿਵੇਂ

ਨਦੀ ’ਚ ਹੁਣ ਪਾਣੀ ਨਹੀਂ ਉਤਰੇਗਾ

ਉਦਾਸ ਬੇੜੀ ਨੇ ਨਦੀ ਕੋਲੋਂ ਪੁੱਛਿਆ

ਪਰ ਨਦੀ ਹਾਲੇ ਚੁੱਪ ਹੈ

ਤਾਹੀਓਂ ਬੇੜੀ ਨੂੰ ਅਜੇ ਆਸ ਹੈ

ਸੁਖਦੇਵ ਸਿੰਘ

ਸੰਪਰਕ: 0091 6283 011456

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਕਰਮਾ
Next articleਗਾਇਕਾ ਗਿੰਨੀ ਮਾਹੀ ਦਾ ਚੱਲਿਆ ਸੰਗੀਤਕ ਜਾਦੂ