ਬੀਡ— ਈਦ-ਉਲ-ਫਿਤਰ ਤੋਂ ਇਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਬੀਡ ਜ਼ਿਲੇ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲੇ ਦੀ ਜਿਓਰਾਈ ਤਹਿਸੀਲ ‘ਚ ਸਥਿਤ ਅਰਧ ਮਸਲਾ ਪਿੰਡ ‘ਚ ਐਤਵਾਰ ਤੜਕੇ ਇਕ ਮਸਜਿਦ ‘ਚ ਧਮਾਕਾ ਹੋਇਆ। ਪੁਲਸ ਮੁਤਾਬਕ ਧਮਾਕਾ ਕਥਿਤ ਤੌਰ ‘ਤੇ ਇਕ ਵਿਅਕਤੀ ਵੱਲੋਂ ਰੱਖੀ ਗਈ ਜੈਲੇਟਿਨ ਦੀ ਰਾਡ ਨਾਲ ਹੋਇਆ ਹੈ। ਹਾਲਾਂਕਿ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਪੁਲਿਸ ਨੇ ਦੱਸਿਆ ਕਿ ਘਟਨਾ ਤੜਕੇ 2:30 ਵਜੇ ਵਾਪਰੀ, ਜਿਸ ਤੋਂ ਬਾਅਦ ਮਸਜਿਦ ਦੇ ਅੰਦਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪਿੰਡ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਅਮਨ-ਕਾਨੂੰਨ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਫੈਲਣ ਤੋਂ ਰੋਕਣ ਲਈ ਵੱਡੀ ਗਿਣਤੀ ‘ਚ ਪੁਲਸ ਬਲ ਤਾਇਨਾਤ ਕੀਤੇ ਗਏ ਹਨ।
ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਕ ਵਿਅਕਤੀ ਮਸਜਿਦ ਦੇ ਪਿਛਲੇ ਪਾਸਿਓਂ ਦਾਖਲ ਹੋਇਆ ਅਤੇ ਉਥੇ ਕੁਝ ਜੈਲੇਟਿਨ ਦੀਆਂ ਰਾਡਾਂ ਰੱਖ ਦਿੱਤੀਆਂ, ਜਿਸ ਕਾਰਨ ਧਮਾਕਾ ਹੋਇਆ। ਇਸ ਘਟਨਾ ਦੀ ਸੂਚਨਾ ਪਿੰਡ ਦੇ ਮੁਖੀ ਨੇ ਸਵੇਰੇ 4 ਵਜੇ ਦੇ ਕਰੀਬ ਤਲਵਾੜਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਬੀਡ ਦੇ ਐਸ.ਪੀ ਨਵਨੀਤ ਕਾਂਵਤ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਅਧਿਕਾਰੀ ਨੇ ਦੱਸਿਆ ਕਿ ਬੰਬ ਖੋਜ ਅਤੇ ਨਿਰੋਧਕ ਦਸਤਾ (ਬੀਡੀਡੀਐਸ) ਅਤੇ ਫੋਰੈਂਸਿਕ ਵਿਗਿਆਨ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀੜ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨ। ਫਿਲਹਾਲ ਪਿੰਡ ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਲਈ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly