(ਸਮਾਜ ਵੀਕਲੀ)
ਰਿਮੋਟ ਤੇ ਚੱਲਣ ਵਾਲੀ ਮਸ਼ੀਨ ਨਹੀਂ ਇਨਸਾਨ ਹਾਂ ਮੈਂ
ਹੱਡ ਮਾਸ ਦਾ ਪਿੰਜਰ ਮੇਰਾ ਨਾ ਲੋਹੇ ਦੀ ਢਾਲ ਹਾਂ ਮੈਂ
ਜੇ ਪੈ ਜਾਵੇ ਦੁਨਿਆਵੀ ਬੋਝ ਤਾਂ ਅੱਕ ਵੀ ਜਾਂਦਾ ਏ
ਬੰਦਾ ਚਲਦਾ ਚਲਦਾ ਮੇਰੇ ਯਾਰੋ ਥੱਕ ਵੀ ਜਾਂਦਾ ਏ…..
ਕਰਦਾ ਚੰਨ ਸਰਦਾਰੀ ਕੇਵਲ ਕਾਲੀਆਂ ਰਾਤਾਂ ਤੇ
ਕੀ ਜੋਰ ਉਹਦਾ ਸੂਰਜ ਦੀਆਂ ਤਿੱਖੀਆਂ ਲਾਟਾਂ ਤੇ
ਐਨੀ ਹਿੰਮਤ ਫਿਰ ਕਿੱਥੇ ਕਿ ਚੱਕ ਅੱਖ ਵੀ ਜਾਂਦਾ ਏ
ਬੰਦਾ ਚਲਦਾ ਚਲਦਾ ਮੇਰੇ ਯਾਰੋ ਥੱਕ ਵੀ ਜਾਂਦਾ ਏ…..
ਗ਼ਮਾਂ ਦੀ ਇਹ ਰਾਤ ਲਮੇਰੀ ਨਾ ਮੁੱਕਣੇ ਤੇ ਆਉਂਦੀ ਆ
ਪਏ ਵਿਛੋੜੇ ਉਮਰਾਂ ਵਾਲੇ ਕਲਮ ਪਈ ਕੁਰਲਾਉਂਦੀ ਆ
ਪਤਾ ਨਾ ਲੱਗੇ ਕਦੋਂ ਸਮੁੰਦਰ ਵੱਡੇ ਤਾਰੂ ਲੈ ਧੱਕ ਵੀ ਜਾਂਦਾ ਏ
ਬੰਦਾ ਚਲਦਾ ਚਲਦਾ ਮੇਰੇ ਯਾਰੋ ਥੱਕ ਵੀ ਜਾਂਦਾ ਏ…..
ਕਈ ਵਾਰ ਤਾਂ ਲੱਗੇ ਦੀਵਾਲੀਏ ਹੋ ਅਸੀਂ ਬਹਿ ਗਏ ਹੋਣੇ
ਪਿਛਲੇ ਜਨਮਾਂ ਦੇ ਭਰਦੇ ਕਰਜ ਪਏ ਜੋ ਰਹਿ ਗਏ ਹੋਣੇ
ਫਿਰ ਹਾਰੇ ਇੱਕ ਜੁਆਰੀ ਵਾਂਗ ਖੂਹਾਂ ਨੂੰ ਤੱਕ ਵੀ ਜਾਂਦਾ ਏ
ਬੰਦਾ ਚਲਦਾ ਚਲਦਾ ਮੇਰੇ ਯਾਰੋ ਥੱਕ ਵੀ ਜਾਂਦਾ ਏ…..
ਆਵਦੇ ਛੱਡ ਸਿਰਨਾਵੇਂ ਨਿੱਝਰ ਲਾਉਣੇ ਅੰਬਰੀ ਡੇਰੇ ਆ
ਇਹ ਤਾਂ ਗੇੜ ਸਮੇਂ ਦੇ ਸਾਉਂਕੇ ਨਾ ਚਰਚੇ ਤੇਰੇ ਮੇਰੇ ਆ
ਆਉਂਦੇ ਜਾਂਦੇ ਸ਼ੋਰ ਨਾ ਪਾਈਏ ਹੋ ਸ਼ੱਕ ਵੀ ਜਾਂਦਾ ਏ
ਬੰਦਾ ਚਲਦਾ ਚਲਦਾ ਮੇਰੇ ਯਾਰੋ ਥੱਕ ਵੀ ਜਾਂਦਾ ਏ…..
ਲੇਖਕ … ਤਲਵਿੰਦਰ ਨਿੱਝਰ ਸਾਉਂਕੇ
ਸੰਪਰਕ… 9417386547
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly