ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ): ਕਾਠਗੜ੍ਹ ਮੋੜ ਤੋਂ ਲੈ ਕੇ ਬੱਲੋਂਵਾਲ ਸੌਂਖੜੀ ਕਾਲਜ ਤੇ ਯੂਨੀਵਰਸਿਟੀ ਤੱਕ ਜਾਣ ਵਾਲੀ 18 ਫੁੱਟ ਚੌੜੀ ਅਤੇ 12 ਕਿਲੋਮੀਟਰ ਲੰਬੀ ਅਹਿਮ ਸੜਕ ਦੀ ਰਿਪੇਅਰ ਅਤੇ ਨਿਰਮਾਣ ਦੇ ਕਾਰਜ ਅੱਜ ਤੋਂ ਅਧਿਕਾਰਤ ਤੌਰ ‘ਤੇ ਆਰੰਭ ਹੋ ਗਏ ਹਨ। ਲਗਭਗ 8 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਯੂਥ ‘ਆਪ’ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਸੁਰੇਸ਼ ਕੁਮਾਰ (ਪੈਨੀ ਪਹਿਲਵਾਨ) ਬਲਾਕ ਸੰਮਤੀ ਮੈਂਬਰ ਆਪ ਆਗੂ ਜਸਵੀਰ ਸਿੰਘ ਘੁੰਮਣ ਸਰਪੰਚ ਵੱਲੋਂ ਸਾਂਝੇ ਤੌਰ ਪਿੰਡ ਚਾਹਲਾਂ ਨੇੜਿਓਂ ਸੜਕ ਉੱਤੇ ਬਜਰੀ ਪਾ ਕੇ ਕਰਵਾਈ ਗਈ। ਇਸ ਵਿਸ਼ੇਸ਼ ਪ੍ਰੋਜੈਕਟ ਤਹਿਤ ਸੜਕ ਦੀ ਮੁਕੰਮਲ ਰਿਪੇਅਰ ਤੋਂ ਇਲਾਵਾ ਦੋ ਮਹੱਤਵਪੂਰਨ ਪੁਲ ਵੀ ਤਿਆਰ ਕੀਤੇ ਜਾਣਗੇ। ਜਿਨ੍ਹਾਂ ਵਿੱਚੋਂ ਇੱਕ ਪੁਲ ਪਿੰਡ ਚਾਹਲਾਂ ਕੋਲ ਅਤੇ ਦੂਜਾ ਕਾਠਗੜ੍ਹ ਦੀ ਮੇਨ ਖੱਡ ‘ਤੇ ਬਣਾਇਆ ਜਾਵੇਗਾ। ਬਰਸਾਤ ਦੇ ਦਿਨਾਂ ਵਿੱਚ ਖੱਡਾਂ ਵਿੱਚ ਪਾਣੀ ਆ ਜਾਣ ਕਾਰਨ ਅਕਸਰ ਵਾਹਨ ਖੜ੍ਹੇ ਰਹਿ ਜਾਂਦੇ ਸਨ ਅਤੇ ਲੋਕਾਂ ਨੂੰ ਗੱਡੀਆਂ ਲੰਘਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਦੋਵਾਂ ਪੁਲਾਂ ਦੇ ਬਣਨ ਨਾਲ ਇਲਾਕੇ ਦੀ ਇਹ ਚਿਰੋਕਣੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਬਰਸਾਤਾਂ ਵਿੱਚ ਵੀ ਆਵਾਜਾਈ ਪੂਰੀ ਤਰ੍ਹਾਂ ਨਿਰਵਿਘਨ ਜਾਰੀ ਰਹੇਗੀ। ਇਸ ਸੜਕ ਅਤੇ ਪੁਲਾਂ ਦੇ ਨਿਰਮਾਣ ਨਾਲ ਨੂਰਪੁਰ ਬੇਦੀ, ਸਿੰਘਪੁਰ ਅਤੇ ਬਲਾਚੌਰ ਦੇ ਆਸ-ਪਾਸ ਦੇ ਘੱਟੋ-ਘੱਟ 60 ਤੋਂ 70 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਅਤੇ ਵੱਡਾ ਲਾਭ ਮਿਲੇਗਾ। ਇਸ ਮਾਰਗ ਤੋਂ ਰੋਜ਼ਾਨਾ ਆਪਣੇ ਕੰਮ-ਧੰਧੇ ਲਈ ਜਾਣ ਵਾਲੇ ਸਕੂਲੀ ਵਿਦਿਆਰਥੀਆਂ, ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ, ਅਤੇ ਚੰਡੀਗੜ੍ਹ ਜਾਂ ਹੋਰ ਥਾਵਾਂ ਲਈ ਦੁੱਧ ਅਤੇ ਹੋਰ ਸਮੱਗਰੀ ਲੈ ਕੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਹਿਸੂਸ ਹੋਵੇਗੀ। ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਭਗਵੰਤ ਮਾਨ ਸਰਕਾਰ ਦਾ ਇਸ ਅਹਿਮ ਭਲਾਈ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਵਿੱਚ ਆਵਾਜਾਈ ਸੁਖਾਵੀਂ ਹੋਵੇਗੀ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵਾਂ ਹੁਲਾਰਾ ਮਿਲੇਗਾ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






