
(ਸਮਾਜ ਵੀਕਲੀ) ਵਾਤਾਵਰਣ ਨੂੰ ਬਚਾਉਣ ਅਤੇ ਮਨੁੱਖ ਨੂੰ ਮੁੜ ਕੁਦਰਤ ਨਾਲ ਜੋੜਨ ਦੇ ਉਦੇਸ਼ ਨਾਲ ਹਰ ਸਾਲ 28 ਜੁਲਾਈ ਨੂੰ ਸੰਸਾਰ ਭਰ ਵਿੱਚ ‘ਵਿਸ਼ਵ ਕੁਦਰਤ ਸੰਭਾਲ ਦਿਵਸ’ ਮਨਾਇਆ ਜਾਂਦਾ ਹੈ। ਜੋਕਿ ਸਾਰੀ ਮਨੁੱਖਤਾ ਲਈ ਇੱਕ ਚੇਤਾਵਨੀ ਅਤੇ ਸੰਦੇਸ਼ ਵਜੋਂ ਮਨਾਇਆ ਹੈ ਕਿ ਜੇਕਰ ਅਸੀਂ ਅੱਜ ਵੀ ਕੁਦਰਤ ਦੀ ਅਣਦੇਖੀ ਕਰਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਉਣਾ ਬਹੁਤ ਔਖਾ ਹੋ ਜਾਵੇਗਾ। ਕਿਉਂਕਿ ਮਨੁੱਖ ਆਪਣੇ ਛੋਟੇ-ਵੱਡੇ ਲਾਭਾਂ ਲਈ ਵਾਤਾਵਰਨ ਦੀ ਅਣਦੇਖੀ ਕਰਦਾ ਹੋਇਆ ਕੁਦਰਤੀ ਸਰੋਤਾਂ ਦੀ ਬਹੁਤ ਬੇਰਹਿਮੀ ਨਾਲ ਵਰਤੋਂ ਕਰ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਅਤੇ ਮੰਦਭਾਗੀ ਗੱਲ ਹੈ। ਕੁਦਰਤ ਦੀ ਰੱਖਿਆ ਲਈ ਅਸੀਂ ਆਪਣਾ ਫਰਜ਼ ਕਿੰਨਾ ਕੁ ਨਿਭਾ ਰਹੇ ਹਾਂ, ਇਸ ਦਾ ਜਵਾਬ ਸ਼ਾਇਦ ਨਾ ਦੇ ਬਰਾਬਰ ਹੀ ਹੋਵੇਗਾ।
ਵਾਤਾਵਰਣ ਕੋਈ ਰੁੱਖ, ਪਾਣੀ, ਹਵਾ ਜਾਂ ਮਿੱਟੀ ਦਾ ਨਾਮ ਨਹੀਂ। ਇਹ ਤਾਂ ਸਾਡੀ ਜ਼ਿੰਦਗੀ ਲਈ ਉਹ ਅਮੋਲਕ ਦਾਤ ਹੈ ਜਿਸ ਨਾਲ ਸਾਡਾ ਹਰ ਸਾਹ ਜੁੜਿਆ ਹੋਇਆ ਹੈ। ਅਸੀਂ ਜੋ ਹਵਾ ਲੈਂਦੇ ਹਾਂ, ਜੋ ਪਾਣੀ ਪੀਂਦੇ ਹਾਂ ਅਤੇ ਜਿਸ ਧਰਤੀ ‘ਤੇ ਤੁਰਦੇ ਹਾਂ — ਇਹ ਸਭ ਕੁਦਰਤ ਦੀਆਂ ਅਨਮੋਲ ਨੇਮਤਾਂ ਹਨ। ਪਰ ਦੁੱਖ ਦੀ ਗੱਲ ਹੈ ਕਿ ਆਧੁਨਿਕਤਾ ਅਤੇ ਵਿਕਾਸ ਦੀ ਅੰਨੀ ਦੌੜ ਵਿੱਚ ਮਨੁੱਖ ਨੇ ਆਪਣੇ ਹੀ ਜੀਵਨ ਦੇ ਆਧਾਰ ਭਾਵ, ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਹੈ।
ਅੱਜ ਵਿਗਿਆਨ ਅਤੇ ਟੈਕਨੋਲੋਜੀ ਨੇ ਮਨੁੱਖੀ ਜੀਵਨ ਨੂੰ ਬੇਹੱਦ ਆਸਾਨ ਤਾਂ ਬਣਾਇਆ ਹੈ, ਪਰ ਇਸ ਵਿਕਾਸ ਦੀ ਕੀਮਤ ਕੁਦਰਤ ਅਦਾ ਕਰ ਰਹੀ ਹੈ। ਵੱਡੇ-ਵੱਡੇ ਕਾਰਖ਼ਾਨਿਆਂ ਦਾ ਧੂੰਆਂ ਹਵਾ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਪਲਾਸਟਿਕ ਨੇ ਨਦੀਆਂ, ਦਰਿਆਵਾਂ ਅਤੇ ਸਮੁੰਦਰਾਂ ਨੂੰ ਪ੍ਰਦੂਸ਼ਿਤ ਕੀਤਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨਾਲ ਧਰਤੀ ਦਾ ਸੰਤੁਲਨ ਬਿਗੜ ਰਿਹਾ ਹੈ ਜਿਸ ਨਾਲ ‘ਗਲੋਬਲ ਵਾਰਮਿੰਗ’ ਲਗਾਤਾਰ ਵਧ ਰਹੀ ਹੈ। ਅੱਜ ਭਿਆਨਕ ਗਰਮੀ, ਬੇਮੌਸਮੀ ਬਾਰਸ਼ਾਂ, ਹੜ੍ਹ, ਸੁੱਕਾ ਅਤੇ ਕੁਦਰਤੀ ਆਫ਼ਤਾਂ ਮਨੁੱਖ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ। ਇਹ ਸਭ ਕੁਦਰਤ ਵੱਲੋਂ ਮਿਲ ਰਹੇ ਚੇਤਾਵਨੀ ਭਰੇ ਸੰਕੇਤ ਹਨ ਕਿ ਹੁਣ ਵੀ ਸਮਾਂ ਹੈ — ਸੰਭਲ ਜਾਓ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਹੀ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਸੀ। ਉਹਨਾਂ ਆਪਣੀ ਬਾਣੀ ਵਿੱਚ ਫ਼ਰਮਾਇਆ ਹੈ —
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।”
ਇਨ੍ਹਾਂ ਪਵਿੱਤਰ ਸ਼ਬਦਾਂ ਵਿੱਚ ਡੂੰਘਾ ਜੀਵਨ ਦਰਸ਼ਨ ਲੁਕਿਆ ਹੋਇਆ ਹੈ। ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ। ਅਰਥਾਤ ਇਨ੍ਹਾਂ ਸਭਨਾਂ ਦਾ ਸਤਿਕਾਰ ਕਰਨਾ ਮਨੁੱਖ ਦਾ ਸਭ ਤੋਂ ਪਹਿਲਾ ਧਰਮ ਹੈ। ਪਰ ਅੱਜ ਮਨੁੱਖ ਆਪਣੇ ਸਵਾਰਥਾਂ ਲਈ ਕੁਦਰਤੀ ਸਾਧਨਾਂ ਦਾ ਬੇਹਿਸਾਬ ਦੁਰਉਪਯੋਗ ਕਰ ਰਿਹਾ ਹੈ।
ਜੇ ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਵਾਤਾਵਰਣ ਪ੍ਰਦੂਸ਼ਣ ਦੇ ਕਈ ਖ਼ਤਰਨਾਕ ਰੂਪ ਸਾਡੇ ਸਾਹਮਣੇ ਆਉਂਦੇ ਹਨ। ਫੈਕਟਰੀਆਂ, ਗਡੀਆਂ ਅਤੇ ਪਰਾਲੀ ਨੂੰ ਲਈ ਅੱਗ ਤੋਂ ਨਿਕਲਦੇ ਧੂੰਏ ਕਾਰਨ ਹਵਾ ‘ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਇਹ ਪ੍ਰਦੂਸ਼ਿਤ ਹਵਾ ਮਨੁੱਖ ਨੂੰ ਦਮਾ, ਦਿਲ ਦੇ ਰੋਗ ਅਤੇ ਸਾਹ ਸੰਬੰਧੀ ਕਈ ਬਿਮਾਰੀਆਂ ਵੱਲ ਧੱਕ ਰਹੀ ਹੈ। ਇੱਥੇ ਇਹ ਗਲ ਦਸਣਯੋਗ ਹੈ ਕਿ ‘ਗਲੋਬਲ ਵਾਰਮਿੰਗ’ ਦੇ ਕਾਰਨ ਦੁਨੀਆ ਦੇ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ‘ਚ ਸਭ ਤੋਂ ਜ਼ਿਆਦਾ ਇਕੱਲੇ ਭਾਰਤ ਦੇ ਹੀ ਹਨ।
ਇਸੇ ਤਰ੍ਹਾਂ ਪਾਣੀ ਦਾ ਪ੍ਰਦੂਸ਼ਣ ਵੀ ਗੰਭੀਰ ਰੂਪ ਧਾਰ ਚੁੱਕਿਆ ਹੈ। ਕਾਰਖ਼ਾਨਿਆਂ ਦਾ ਗੰਦਾ ਪਾਣੀ ,ਪਲਾਸਟਿਕ ਅਤੇ ਕੂੜਾ ਦਰਿਆਵਾਂ ਅਤੇ ਝੀਲਾਂ ਵਿੱਚ ਸੁੱਟਿਆ ਜਾ ਰਿਹਾ ਹੈ। ਨਤੀਜੇ ਵਜੋਂ ਪੀਣ ਵਾਲਾ ਪਾਣੀ ਵੀ ਸ਼ੁੱਧ ਨਹੀਂ ਰਿਹਾ ਅਤੇ ਜਿਸ ਨਾਲ ਬਿਮਾਰੀਆਂ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ ਪ੍ਰਦੂਸ਼ਿਤ ਪਾਣੀਆਂ ਕਾਰਨ ਹੀ ਕੁਦਰਤੀ ਜਲ ਸਰੋਤਾਂ ਦੇ ਕੰਢੇ ਵਸਦੇ ਲੋਕ ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਧਰਤੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪਲਾਸਟਿਕ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਲਾਸਟਿਕ ਨਾ ਸੜਦਾ ਹੈ, ਨਾ ਮਿੱਟੀ ਵਿੱਚ ਮਿਲਦਾ ਹੈ ਅਤੇ ਨਾ ਹੀ ਇਹ ਵਾਤਾਵਰਣ ਲਈ ਲਾਭਦਾਇਕ ਹੈ। ਇਹ ਸਿਰਫ਼ ਧਰਤੀ ਹੀ ਨਹੀਂ, ਸਗੋਂ ਮਨੁੱਖੀ ਜੀਵਨ ਲਈ ਵੀ ਖ਼ਤਰਾ ਬਣ ਚੁੱਕਿਆ ਹੈ।
ਇਸ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਵੀ ਅੱਜ ਇੱਕ ਵੱਡੀ ਸਮੱਸਿਆ ਹੈ। ਲਾਊਡ-ਸਪੀਕਰਾਂ, ਮਸ਼ੀਨਾਂ, ਟ੍ਰੈਫਿਕ ਅਤੇ ਉੱਚੀ ਆਵਾਜ਼ ਵਾਲੇ ਹਾਰਨ ਦਾ ਸ਼ੋਰ-ਸ਼ਰਾਬਾ ਮਨੁੱਖੀ ਮਨ ਦੀ ਸ਼ਾਂਤੀ ਨੂੰ ਖੋਹ ਰਿਹਾ ਹੈ। ਇਸ ਨਾਲ ਤਣਾਅ, ਚਿੜਚਿੜਾਪਣ, ਨੀਂਦ ਦੀ ਘਾਟ ਅਤੇ ਸੁਣਨ ਦੀ ਸਮਰੱਥਾ ਘਟਣ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਪਸ਼ੂ-ਪੰਛੀ ਵੀ ਇਸ ਪ੍ਰਦੂਸ਼ਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਕੁਦਰਤ ਦੀ ਰੱਖਿਆ ਲਈ ਕੀ ਕੁੱਝ ਕਰ ਸਕਦੇ ਹਾਂ?
ਇਸ ਦਾ ਜਵਾਬ ਬਹੁਤ ਸੌਖਾ ਹੈ — ਜੇ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਲਵੇ ਤਾਂ ਵਾਤਾਵਰਣ ਸੰਬਧੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਪਲਾਸਟਿਕ ਦੀ ਵਰਤੋਂ ਘਟਾ ਕੇ ਕਪੜੇ ਜਾਂ ਕਾਗਜ਼ ਦੇ ਥੈਲਿਆਂ ਨੂੰ ਅਪਣਾਉਣਾ ਚਾਹੀਦਾ ਹੈ। ਪਾਣੀ ਅਤੇ ਬਿਜਲੀ ਦੀ ਫ਼ਜ਼ੂਲ ਖਪਤ ਤੋਂ ਬਚਣਾ ਚਾਹੀਦਾ ਹੈ। ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਅਤੇ ਕੂੜਾ-ਕਰਕਟ ਇੱਧਰ-ਉੱਧਰ ਨਾ ਸੁੱਟਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ।
ਸਕੂਲਾਂ ਅਤੇ ਕਾਲਜਾਂ ਵਿੱਚ ਵੀ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕੁਦਰਤ ਨਾਲ ਪਿਆਰ ਅਤੇ ਵਾਤਾਵਰਣ ਦੀ ਮਹੱਤਤਾ ਬਾਰੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਸਰਕਾਰਾਂ ਅਤੇ ਵੱਖ-ਵੱਖ ਵਾਤਾਵਰਣ ਪ੍ਰੇਮੀਆ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਤਦੋਂ ਹੀ ਸਫ਼ਲ ਹੋ ਸਕਦੀਆਂ ਹਨ ਜਦੋਂ ਹਰ ਨਾਗਰਿਕ ਆਪਣੇ ਫਰਜ਼ ਨੂੰ ਸਮਝੇਗਾ।
ਧਰਤੀ ਹੀ ਸਾਡਾ ਅਸਲ ਘਰ ਹੈ। ਜੇ ਅਸੀਂ ਇਸ ਦੀ ਸੰਭਾਲ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚਾਰ-ਚੁਫੇਰਿਓਂ ਸਾਫ਼ ਹਵਾ, ਸ਼ੁੱਧ ਪਾਣੀ ਅਤੇ ਸੁਖਮਈ ਜੀਵਨ ਨਹੀਂ ਮਿਲ ਸਕੇਗਾ। ਸਮੇਂ ਦੀ ਮੰਗ ਹੈ ਕਿ ਅਸੀਂ ਕੁਦਰਤ ਨਾਲ ਮੁੜ ਆਪਣਾ ਰਿਸ਼ਤਾ ਮਜ਼ਬੂਤ ਬਨਾਉਂਦੇ ਹੋਏ ਇਨ੍ਹਾਂ ਵਾਤਾਵਰਣ ਸੰਬਧੀ ਰੱਬੀ ਅਨਮੋਲ ਦਾਤਾਂ ਦਾ ਆਨੰਦ ਮਾਣੀਏ।
ਸੋ ਆਓ, ਇਸ ‘ਵਿਸ਼ਵ ਕੁਦਰਤ ਸੰਭਾਲ ਦਿਵਸ’ ਮੌਕੇ ਅਸੀਂ ਸਭ ਮਿਲ ਕੇ ਇਹ ਦ੍ਰਿੜ ਸੰਕਲਪ ਕਰੀਏ ਕਿ ਧਰਤੀ ਨੂੰ ਹਰਾ-ਭਰਾ, ਸੁੰਦਰ ਅਤੇ ਸੁਰੱਖਿਅਤ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵਾਂਗੇ। ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਾਂਗੇ, ਪਾਣੀ ਦੀ ਇੱਕ-ਇੱਕ ਬੂੰਦ ਦੀ ਕਦਰ ਕਰਦਿਆਂ ਉਸਦੀ ਸੰਭਾਲ ਕਰਾਂਗੇ ਅਤੇ ਪਲਾਸਟਿਕ ਵਰਗੀਆਂ ਵਾਤਾਵਰਨ ਲਈ ਘਾਤਕ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਾਂਗੇ।
ਅਸੀਂ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਾਂਗੇ, ਪ੍ਰਦੂਸ਼ਣ ਘਟਾਉਣ ਲਈ ਯਤਨ ਕਰਾਂਗੇ ਅਤੇ ਲੋਕਾਂ ਨੂੰ ਵੀ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕਰਾਂਗੇ। ਕਿਉਂਕਿ ਸਾਫ਼ ਹਵਾ, ਸ਼ੁੱਧ ਪਾਣੀ ਅਤੇ ਹਰਿਆਵਲ ਹੀ ਸਿਹਤਮੰਦ ਜੀਵਨ ਦੀ ਅਸਲ ਨੀਂਹ ਹਨ। ਜੇ ਅਸੀਂ ਅੱਜ ਤੋਂ ਹੀ ਕੁਦਰਤ ਦੀ ਰੱਖਿਆ ਲਈ ਸੱਚੇ ਦਿਲੋਂ ਯਤਨ ਕਰਾਂਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁੰਦਰ, ਸੁਰੱਖਿਅਤ ਅਤੇ ਰਹਿਣ ਯੋਗ ਧਰਤੀ ਦੇ ਸਕਾਂਗੇ।
ਪਲਕਪ੍ਰੀਤ ਕੌਰ ਬੇਦੀ, ਲਾਇਲਪੁਰ ਖ਼ਾਲਸਾ ਕਾਲਜ ਪੱਤਰਕਾਰਤਾ ਵਿਭਾਗ ਜਲੰਧਰ





