HOME ਨਰੇਗਾ ਯੂਨੀਅਨ ਵੱਲੋਂ ਟੈਕਨੀਕਲ ਅਸਿਸਟੈਂਟ ਦੀ ਨਵੀਂ ਭਰਤੀ ਦਾ ਸਖ਼ਤ ਵਿਰੋਧ; ਸਰਕਾਰ...

ਨਰੇਗਾ ਯੂਨੀਅਨ ਵੱਲੋਂ ਟੈਕਨੀਕਲ ਅਸਿਸਟੈਂਟ ਦੀ ਨਵੀਂ ਭਰਤੀ ਦਾ ਸਖ਼ਤ ਵਿਰੋਧ; ਸਰਕਾਰ ਖ਼ਿਲਾਫ਼ ਪੱਕੇ ਧਰਨੇ ਲਾਉਣ ਦੀ ਚੇਤਾਵਨੀ

7
ਨਵਾਂਸ਼ਹਿਰ,  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਨਵਾਂਸ਼ਹਿਰ ਵਿਖੇ ਨਰੇਗਾ ਯੂਨੀਅਨ ਵੱਲੋਂ ਟੈਕਨੀਕਲ ਅਸਿਸਟੈਂਟ ਦੀ ਕੀਤੀ ਜਾ ਰਹੀ ਨਵੀਂ ਭਰਤੀ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਧਰਨੇ ‘ਤੇ ਬੈਠੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 51 ਦਿਨਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ, ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕ ਰਹੀ।ਆਗੂਆਂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ 18 ਸਾਲਾਂ ਤੋਂ ਨਰੇਗਾ ਕਰਮਚਾਰੀ ਨਿਗੂਣੀਆਂ ਤਨਖ਼ਾਹਾਂ ‘ਤੇ ਕੰਮ ਕਰ ਰਹੇ ਹਨ ਅਤੇ ਇਸ ਵੇਲੇ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਪਿਛਲੇ 6 ਤੋਂ 8 ਮਹੀਨਿਆਂ ਦੀਆਂ ਤਨਖ਼ਾਹਾਂ ਰੋਕੀਆਂ ਹੋਈਆਂ ਹਨ। ਜਦੋਂ ਵੀ ਇਸ ਬਾਰੇ ਅਫ਼ਸਰਸ਼ਾਹੀ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ-ਨੁੱਕਰ ਕਰ ਦਿੱਤੀ ਜਾਂਦੀ ਹੈ।ਯੂਨੀਅਨ ਨੇ ਦੋਸ਼ ਲਾਇਆ ਕਿ ਖੰਨਾ ਵਿਖੇ ਹੋਏ ਧਰਨੇ ਦੌਰਾਨ ਨਰੇਗਾ ਕਰਮਚਾਰੀਆਂ ‘ਤੇ ‘ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ, ਜਿਸ ਵਿੱਚ ਕਈਆਂ ਦੀਆਂ ਲੱਤਾਂ-ਬਾਹਾਂ ਤੱਕ ਟੁੱਟ ਗਈਆਂ। ਉਨ੍ਹਾਂ ਕਿਹਾ ਕਿ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹਰ ਮੀਟਿੰਗ ਵਿੱਚ ਝੂਠੇ ਭਰੋਸੇ ਦਿੰਦੇ ਹਨ, ਪਰ ਹੁਣ ਤੱਕ ਹੋਈਆਂ ਵੱਖ-ਵੱਖ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ।ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੁਰਾਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਜਦਕਿ ਦੂਜੇ ਪਾਸੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ ਟੈਕਨੀਕਲ ਅਸਿਸਟੈਂਟਾਂ ਦੀ ਭਰਤੀ ਕੀਤੀ ਜਾ ਰਹੀ ਹੈ।ਸਰਕਾਰ ਅਰਬਾਂ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਕਰਜ਼ਾਈ ਕਰ ਰਹੀ ਹੈ, ਪਰ ਜਦੋਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਹਰ ਵਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਰੋਣਾ ਰੋਇਆ ਜਾਂਦਾ ਹੈ। ਯੂਨੀਅਨ ਦੇ ਅਹੁਦੇਦਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਜ਼ਿਲ੍ਹਾ ਅਤੇ ਪੰਜਾਬ ਪੱਧਰ ‘ਤੇ ਲੇਬਰ ਨੂੰ ਨਾਲ ਲੈ ਕੇ ਵੱਡੇ ਪੱਧਰ ‘ਤੇ ਪੱਕੇ ਧਰਨੇ ਲਗਾਏ ਜਾਣਗੇ। ਇਸ ਦੇ ਨਾਲ ਹੀ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਨਾਕਾਮੀਆਂ ਅਤੇ ਪੋਲਾਂ ਖੋਲ੍ਹੀਆਂ ਜਾਣਗੀਆਂ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਵਿਦਿਆਰਥੀਆਂ ਦਾ ਭਵਿੱਖ ਬਰਬਾਦ ਨਹੀਂ ਹੋਵੇਗਾ”…ਪ੍ਰਧਾਨ ਮੰਤਰੀ ਮੋਦੀ ਨੇ NEET ‘ਤੇ ਕਿਹਾ
Next articleਬਾਲੀਵੁੱਡ ਦੇ “ਐਕਸ਼ਨ ਕਿੰਗ” ਜੌਨ ਅਬ੍ਰਾਹਮ ਨੇ ਬਾਂਦਰਾ ਵਿੱਚ ₹84 ਕਰੋੜ ਦਾ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ, ਜਿਸ ਵਿੱਚ ਸਿਰਫ਼ ₹5 ਕਰੋੜ ਸਟੈਂਪ ਡਿਊਟੀ ਦੇ ਕੇ ਖਰਚ ਕੀਤੇ ਗਏ ਹਨ।