HOME ਭਾਰਤ ਦੀਆਂ ਜੇਲ੍ਹਾਂ ਵਿੱਚੋਂ ਵਿਦੇਸ਼ਾਂ ਵਿੱਚ ਕਾਰੇ ਕਰਵਾ ਰਹੇ ਗੈਂਗਸਟਰਾਂ ਬਾਰੇ ਐਫ...

ਭਾਰਤ ਦੀਆਂ ਜੇਲ੍ਹਾਂ ਵਿੱਚੋਂ ਵਿਦੇਸ਼ਾਂ ਵਿੱਚ ਕਾਰੇ ਕਰਵਾ ਰਹੇ ਗੈਂਗਸਟਰਾਂ ਬਾਰੇ ਐਫ ਬੀ ਆਈ ਦੇ ਖੁਲਾਸੇ ਤੇ ਭਾਰਤ ਸਰਕਾਰ ਆਪਣਾ ਰਵੱਈਆ ਸਪਸ਼ਟ ਕਰੇ,- ਸੀਪੀਆਈ

2

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੀ ਐਫ ਬੀ ਆਈ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਬਾਰੇ ਦਿੱਤੇ ਗਏ ਖੁਲਾਸੇ ਨੇ ਬੜੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਦੇ ਮੁਤਾਬਿਕ ਇਹ ਗੈਂਗਸਟਰ ਜ਼ੇਲ੍ਹਾਂ ਵਿੱਚੋਂ ਰਹਿ ਕੇ  ਸੈਟੇਲਾਈਟ ਫੋਨ ਦਾ ਪ੍ਰਯੋਗ ਕਰਕੇ ਤੇ ਦੂਜੇ ਹੋਰ ਤਰੀਕਿਆਂ ਦਾ ਪ੍ਰਯੋਗ ਕਰਕੇ ਅਮਰੀਕਾ ਤੇ ਕਨੇਡਾ ਵਿੱਚ ਵੀ ਫਿਰੌਤੀਆਂ ਪ੍ਰਾਪਤ ਕਰ ਰਹੇ ਹਨ। ਫਿਰੌਤੀਆਂ ਨਾ ਦੇਣ ਦੀ ਸਥਿਤੀ ਦੇ ਵਿੱਚ ਉਹ ਧਮਕੀਆਂ ਦਿੰਦੇ ਹਨ ਕਿ ਉਹਨਾਂ ਦੇ ਜੋ ਪੰਜਾਬ ਵਿੱਚ ਰਹਿਣ ਵਾਲੇ ਰਿਸ਼ਤੇਦਾਰ ਹਨ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣਗੀਆਂ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਟਾਂਡਾ ਦੇ ਐਸ ਐਚ ਓ ਗੁਰਿੰਦਰਜੀਤ ਸਿੰਘ ਟਾਂਡਾ ਤੇ ਚਾਰ ਲੱਖ ਡਾਲਰ ਦੀ ਫਿਰੋਤੀ ਦਾ ਦੋਸ਼ ਲੱਗਿਆ ਹੈ। ਇਹ ਵੀ ਖ਼ਬਰ ਆ ਰਹੀ ਹੈ ਕਿ ਅਮਰੀਕਾ ਇਹਨਾਂ ਗੈਂਗਸਟਰਾਂ ਨੂੰ ਅਮਰੀਕਾ ਬੁਲਾਉਣ ਦੇ ਲਈ ਭਾਰਤ ਸਰਕਾਰ ਨੂੰ ਆਖੇਗਾ। ਜਿਹੜੇ ਪ੍ਰਮੁੱਖ ਦੋਸ਼ੀਆਂ ਦੀਆਂ ਗੱਲਾਂ ਹਨ ਉਹ ਗੁਜਰਾਤ, ਦਿੱਲੀ ਤੇ ਯੂਪੀ ਦੀਆਂ ਜ਼ੇਲ੍ਹਾਂ ਵਿੱਚ ਹਨ ਤੇ ਉਥੋਂ ਹੀ ਉਹ ਬੈਠੇ ਇਸ ਕਿਸਮ ਦੇ ਕਾਰੇ ਕਰ ਰਹੇ ਹਨ। ਇਹਨਾਂ ਤਿੰਨਾਂ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ।  ਇਹ ਜ਼ੇਲ੍ਹਾਂ ਦੇ ਪ੍ਰਸ਼ਾਸਨ ਤੇ ਪ੍ਰਸ਼ਨ ਚਿੰਨ ਖੜੇ ਕਰਦਾ ਹੈ ਕਿ ਇਹ ਸੰਭਵ ਹੀ ਨਹੀਂ ਕਿ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ। ਦੂਜੇ ਪਾਸੇ ਇਹ ਵੀ ਪ੍ਰਸ਼ਨ ਹੈ ਕਿ ਕੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਇਸ ਕਿਸਮ ਦੀ ਕਮਜ਼ੋਰੀ ਜੇਲ੍ਹ ਪ੍ਰਸ਼ਾਸਨ ਦਿਖਾ ਸਕਦਾ ਹੈ ? ਐਫ ਬੀ ਆਈ ਵੱਲੋਂ ਇਸ ਖੁਲਾਸੇ ਨੇ ਸਾਡੇ ਦੇਸ਼ ਦੀ ਸ਼ਾਖ ਤੇ ਬਹੁਤ ਵੱਡੀ ਸੱਟ ਮਾਰੀ ਹੈ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ 24 ਘੰਟੇ ਦੇ ਬਾਅਦ ਵੀ ਨਾ ਤਾਂ ਭਾਰਤ ਸਰਕਾਰ, ਨਾ ਭਾਰਤ ਸਰਕਾਰ ਦੀ ਕੋਈ ਏਜੰਸੀ, ਸੀ ਬੀ ਆਈ ਜਾਂ ਐਨ ਆਈ ਏ ਜਾਂ ਐਨ ਐਸ ਏ ਨੇ ਇਸ ਬਾਬਤ ਕੋਈ ਬਿਆਨ ਦਿੱਤਾ ਹੈ। ਅਮਿਤ ਸ਼ਾਹ ਜੋ ਕਿ ਗ੍ਰਹਿ ਮੰਤਰੀ ਹਨ ਉਹਨਾਂ ਤੇ ਸਿੱਧਾ ਸਵਾਲ ਆਉਂਦਾ ਹੈ ਕਿਉਂਕਿ ਲਾਰੰਸ ਬਿਸ਼ਨੋਈ ਗੁਜਰਾਤ ਦੀ ਜ਼ੇਲ੍ਹ ਵਿੱਚ ਹੈ ਜਿੱਥੋਂ ਕਿ ਅਮਿਤ ਸ਼ਾਹ ਆਉਂਦੇ ਹਨ ਤੇ ਦੂਸਰਾ ਹੁਣ ਇਸ ਮਾਮਲੇ ਨੇ ਅੰਤਰਰਾਸ਼ਟਰੀ ਤੂਲ ਪਕੜ ਲਈ ਹੈ ਜੋ ਕਿ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ। ਇਹ ਵੀ ਪ੍ਰਸ਼ਨ ਹੁਣ ਸੋਚਣ ਵਾਲੇ ਹਨ ਕਿ ਕੀ ਸਾਡੇ ਦੇਸ਼ ਵਿੱਚ ਜ਼ੇਲ੍ਹ  ਨਿਯਮ ਸੁਧਾਰ, ਪੁਲਿਸ ਨਿਯਮ ਸੁਧਾਰ ਅਤੇ ਨਿਆਂਪਾਲਿਕਾ ਦੇ ਸੁਧਾਰ ਕਰਨਾ ਜ਼ਰੂਰੀ ਹੋ ਗਿਆ ਹੈ। ਪੁਲਿਸ ਦੇ ਕੰਮਾਂ ਵਿੱਚ ਪਾਰਦਰਸ਼ਤਾ ਨਾ ਹੋਣ ਕਾਰਨ ਅੱਜ ਮੋਦੀ ਸਰਕਾਰ ਸਾਰੇ ਦੇਸ਼ ਨੂੰ ਪੁਲਿਸ ਰਾਜ ਵਜੋਂ ਵਰਤਨਾ ਚਾਹੁੰਦੀ ਹੈ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਕੁਝ ਚੋਣਵੇ ਦੋਸ਼ੀਆਂ ਦੇ ਘਰਾਂ ਤੇ ਬੁਲਡੋਜਰ ਫੇਰ ਰਹੀ ਹੈ ਜਦੋਂ ਕਿ ਦੂਸਰੇ ਦੋਸ਼ੀਆਂ ਤੇ ਕੋਈ ਕਾਰਵਾਈ ਤੱਕ ਨਹੀਂ ਹੁੰਦੀ। ਇਸ ਲਈ ਪੁਲਿਸ ਦੀ ਜਵਾਬਦੇਹੀ ਤੇ ਪਾਰਦਰਸ਼ਤਾ ਵਰਗੇ ਕਾਨੂੰਨ ਮਾਹਿਰਾਂ ਦੀ ਰਾਏ ਦੇ ਮੁਤਾਬਕ ਬਣਾਉਣੇ ਅਤੀ ਜ਼ਰੂਰੀ ਹੋ ਗਏ ਹਨ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਕਾਮਰੇਡ ਡੀ.ਪੀ.ਮੌੜ- ਜ਼ਿਲ੍ਹਾ ਸਕੱਤਰ, ਐਮ.ਐਸ. ਭਾਟੀਆ, ਚਮਕੌਰ ਸਿੰਘ, ਡਾ: ਰਜਿੰਦਰ ਪਾਲ ਔਲਖ (ਸਾਰੇ ਸਹਾਇਕ ਸਕੱਤਰ),  ਡਾ: ਅਰੁਣ ਮਿੱਤਰਾ, ਰਮੇਸ਼ ਰਤਨ, ਕੇਵਲ ਸਿੰਘ ਬਨਵੈਤ ਅਤੇ ਵਿਜੇ ਕੁਮਾਰ ਸ਼ਾਮਿਲ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਐਗਮਾਰਕ: ਖੇਤੀਬਾੜੀ ਵਸਤੂਆਂ ਲਈ ਸ਼ੁੱਧਤਾ ਅਤੇ ਗੁਣਵੱਤਾ ਦਾ ਪ੍ਰਤੀਕ
Next articleਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਨਾਲ ਮੱਤਭੇਦ ਕਰਨਾ ਨਿੰਦਣਯੋਗ : ਆਜਾਦ ਰਤਨ