(ਸਮਾਜ ਵੀਕਲੀ) ਅੱਜ ਦੁਪਹਿਰ 12 ਕੁ ਵਜੇ ਦਾ ਸਮਾਂ ਸੀ। ਧੁੱਪ ਆਪਣੇ ਪੂਰੇ ਸਿਖਰ ਤੇ ਸੀ। ਤਿੰਨ ਬਜ਼ੁਰਗ ਇਕ ਭੋਗ ਤੇ ਜਾਣ ਲਈ ਘਰੋਂ ਬਾਹਰ ਨਿਕਲੇ। ਇੱਕ ਮੇਰੇ ਪਿਤਾ ਜੀ, ਜਿਨ੍ਹਾਂ ਦੀ ਉਮਰ ਲਗਭਗ 75 ਸਾਲ ਹੈ ਅਤੇ ਅਕਸਰ ਬਿਮਾਰ ਵੀ ਰਹਿੰਦੇ ਹਨ। ਦੂਜੇ ਤਾਇਆ ਜੀ, ਜਿਨ੍ਹਾਂ ਦੀ ਉਮਰ 92 ਸਾਲ ਹੈ। ਤੀਜੇ ਸੱਜਣ ਵੀ ਕਰੀਬ 75 ਸਾਲ ਦੇ ਹਨ। ਇੱਕ ਨੇ ਸਲਾਹ ਦਿੱਤੀ ਕਿ ਐਕਟਿਵਾ ਤੇ ਚੱਲੀਏ, ਕਿਉਂਕਿ ਧੁੱਪ ਬਹੁਤ ਤੇਜ਼ ਸੀ ਅਤੇ ਸੜਕ ਰਾਹੀਂ ਤਕਰੀਬਨ ਤਿੰਨ ਕਿਲੋਮੀਟਰ ਦਾ ਸਫ਼ਰ ਸੀ। ਪਰ 92 ਸਾਲਾਂ ਦੇ ਤਾਇਆ ਜੀ ਨੇ ਹੱਸ ਕੇ ਕਿਹਾ, “ਗੋਲੀ ਮਾਰ ਐਕਟਿਵਾ ਨੂੰ, ਆ ਸਿੱਧੇ ਖੇਤਾਂ ਵਿਚੋਂ ਤੁਰਦੇ ਆਂ, ਇੱਕ ਕਿਲੋਮੀਟਰ ਤੋਂ ਵੀ ਘੱਟ ਪੈਂਦਾ।” ਅਤੇ ਫਿਰ ਤਿੰਨੇ ਬਜ਼ੁਰਗ ਧੁੱਪ ਦੀ ਪਰਵਾਹ ਕੀਤੇ ਬਿਨਾਂ ਖੇਤਾਂ ਦੇ ਰਾਹ ਪੈਦਲ ਹੀ ਤੁਰ ਪਏ। ਉਹਨਾਂ ਨੂੰ ਦੇਖ ਕੇ ਮਨ ਅੰਦਰ ਕਈ ਸਵਾਲ ਉੱਠੇ। “ਇਹ ਕਿਹੜੀ ਖੁਰਾਕ ਸੀ?” “ਕਿਹੜਾ ਜੀਵਨ ਸੀ?” “ਕਿਹੜੀ ਮਿੱਟੀ ਸੀ ਜਿਸ ਨੇ 92 ਸਾਲ ਦੀ ਉਮਰ ਵਿੱਚ ਵੀ ਇੰਨੀ ਮਜ਼ਬੂਤ ਇੱਛਾ-ਸ਼ਕਤੀ ਅਤੇ ਸਰੀਰ ਦਿੱਤਾ?” ਅੱਜ ਜਿੱਥੇ ਨੌਜਵਾਨ ਛੋਟੇ ਜਿਹੇ ਕੰਮ ਲਈ ਵੀ ਸਹੂਲਤ ਲੱਭਦੇ ਹਨ, ਉੱਥੇ ਇਹ ਬਜ਼ੁਰਗ ਅਜੇ ਵੀ ਆਪਣੇ ਪੈਰਾਂ ਨਾਲ ਮੰਜ਼ਿਲ ਤੱਕ ਪਹੁੰਚਣ ਨੂੰ ਤਰਜੀਹ ਦਿੰਦੇ ਹਨ। ਅਸਲ ਵਿੱਚ ਇਹ ਤਾਕਤ ਕੇਵਲ ਖੁਰਾਕ ਦੀ ਨਹੀਂ, ਜੀਵਨ ਜੀਊਣ ਦੇ ਢੰਗ ਦੀ ਸੀ। ਉਹਨਾਂ ਦੀ ਜ਼ਿੰਦਗੀ ਵਿੱਚ ਮਿਹਨਤ ਸੀ, ਸਬਰ ਸੀ, ਸਾਦਗੀ ਸੀ ਅਤੇ ਕੁਦਰਤ ਨਾਲ ਨਜ਼ਦੀਕੀ ਸੀ। ਉਹਨਾਂ ਨੇ ਸਾਈਕਲ ਚਲਾਏ, ਖੇਤਾਂ ਵਿੱਚ ਕੰਮ ਕੀਤਾ ਅਤੇ ਪੈਦਲ ਤੁਰਨਾ ਆਪਣੀ ਰੋਜ਼ਾਨਾ ਦੀ ਆਦਤ ਬਣਾਇਆ। ਉਹਨਾਂ ਦੇ ਦਿਨ ਮੋਬਾਈਲਾਂ ਅਤੇ ਸਕਰੀਨਾਂ ਤੇ ਨਹੀਂ, ਖੁੱਲ੍ਹੇ ਆਸਮਾਨ ਹੇਠ ਲੰਘਦੇ ਸਨ। ਅੱਜ ਅਸੀਂ ਸਹੂਲਤਾਂ ਦੇ ਯੁੱਗ ਵਿੱਚ ਰਹਿ ਰਹੇ ਹਾਂ। ਦੂਰ ਦੀ ਗੱਲ ਛੱਡੋ, ਕਈ ਵਾਰੀ ਕੁਝ ਸੌ ਕਦਮ ਵੀ ਤੁਰਨਾ ਔਖਾ ਲੱਗਦਾ ਹੈ। ਸੈਰ ਕਰਨਾ ਇੱਕ ਫੈਸ਼ਨ ਬਣ ਗਿਆ ਹੈ, ਪਰ ਕੰਮ ਲਈ ਪੈਦਲ ਜਾਣਾ ਹੁਣ ਘੱਟ ਲੋਕਾਂ ਨੂੰ ਚੰਗਾ ਲੱਗਦਾ ਹੈ। ਸਰੀਰ ਸੁਵਿਧਾਵਾਂ ਨਾਲ ਆਰਾਮ ਤਾਂ ਲੈ ਰਿਹਾ ਹੈ, ਪਰ ਹੌਲੇ-ਹੌਲੇ ਕਮਜ਼ੋਰ ਵੀ ਹੁੰਦਾ ਜਾ ਰਿਹਾ ਹੈ। ਇਹ ਤਿੰਨ ਬਜ਼ੁਰਗ ਸਿਰਫ਼ ਖੇਤਾਂ ਵਿੱਚ ਤੁਰ ਨਹੀਂ ਰਹੇ ਸਨ, ਸਗੋਂ ਉਹ ਅੱਜ ਦੀ ਪੀੜ੍ਹੀ ਨੂੰ ਇੱਕ ਸੁਨੇਹਾ ਵੀ ਦੇ ਰਹੇ ਸਨ— ਕਿ ਮਨੁੱਖ ਦੀ ਅਸਲੀ ਤਾਕਤ ਮਸ਼ੀਨਾਂ ਵਿੱਚ ਨਹੀਂ, ਉਸਦੀ ਇੱਛਾ-ਸ਼ਕਤੀ ਅਤੇ ਮਿਹਨਤੀ ਜੀਵਨ ਵਿੱਚ ਹੁੰਦੀ ਹੈ। ਸ਼ਾਇਦ ਸਾਡੀ ਨਵੀਂ ਪੀੜ੍ਹੀ ਨੂੰ ਦੁਬਾਰਾ ਉਸੇ ਮਿੱਟੀ, ਉਸੇ ਸਾਦਗੀ ਅਤੇ ਉਸੇ ਤੁਰਨ ਵਾਲੇ ਜੀਵਨ ਵੱਲ ਮੁੜਣ ਦੀ ਲੋੜ ਹੈ, ਜਿੱਥੇ ਸਰੀਰ ਵੀ ਮਜ਼ਬੂਤ ਹੋਵੇ ਅਤੇ ਮਨ ਵੀ।
ਪਵਨ ਕੁਮਾਰ ਅੱਤਰੀ, ਕਪੂਰਥਲਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






