HOME ਬੁੱਢਾ ਦਲ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਦਿਹਾੜਾ ਕਿਲਾ...

ਬੁੱਢਾ ਦਲ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਦਿਹਾੜਾ ਕਿਲਾ ਰਾਏਪੁਰ ਵਿਖੇ ਮਨਾਇਆ

4
ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬਾਬਾ ਨਿੱਕਾ ਸਿੰਘ ਸਮੇਤ ਇਲਾਕ਼ੇ ਦੇ ਜਥੇਦਾਰਾਂ ਨੂੰ ਕੀਤਾ ਸਨਮਾਨਿਤ 
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ 
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਨਿਹੰਗ ਸਿੰਘਾ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਕਿਲ੍ਹਾ ਰਾਏਪੁਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਨਿੱਕਾ ਸਿੰਘ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਪੰਥ ਬੁੱਢਾ ਦਲ ਵੱਲੋਂ ਇਸ ਅਸਥਾਨ ਤੇ ਮਨਾਇਆ ਜਾਂਦਾ ਹੈ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਅਤੇ ਪ੍ਰਸਿੱਧ ਰਾਗੀ ਭਾਈ ਸੁਖਚੈਨ ਸਿੰਘ ਖਮਾਣੋ, ਬੀਬੀ ਬੇਅੰਤ ਕੌਰ ਸਮਾਣਾ, ਭਾਈ ਰਵਿੰਦਰ ਸਿੰਘ ਮਾਛੀਵਾੜਾ, ਬੀਬੀ ਮਨਿੰਦਰ ਕੌਰ ਕਿਲ੍ਹਾ ਰਾਏਪੁਰ ਅਤੇ ਕਵੀਸ਼ਰ ਜਥਿਆਂ ਨੇ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ-ਰੇਖ ਹੇਠ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਅਤੇ ਦਵਾਈਆਂ ਦਾ ਫਰੀ ਲੰਗਰ ਲਗਾਇਆ ਗਿਆ। ਬੁੱਢਾ ਦਲ ਦੇ ਮੁੱਖ ਜਥੇਦਾਰ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਸ਼ਸਤਰਧਾਰੀ ਨਿਹੰਗ ਸਿੰਘ ਫ਼ੌਜਾਂ ਸਮੇਤ ਇਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਦਾ ਸਥਾਨਕ ਸਿੱਖ ਸੰਗਤਾਂ, ਇਲਾਕਾ ਦੇ ਨਿਹੰਗ ਸਿੰਘਾਂ ਸਮੇਤ ਬਾਬਾ ਨਿੱਕਾ ਸਿੰਘ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਸਿੱਖ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਚਾਨਣ ਪਾਉਂਦਿਆਂ ਬਾਬਾ ਬਲਬੀਰ ਸਿੰਘ ਅਕਾਲੀ ਨੇ ਦੱਸਿਆ ਕਿ ਨਿਹੰਗ ਸਿੰਘ ਦਲਾਂ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਹਨ ਜਿਨ੍ਹਾਂ ਨੇ ਘੋੜ ਸਵਾਰ ਫੌਜ ਰੱਖਣੀ ਸ਼ੁਰੂ ਕੀਤੀ, ਸ਼ਸਤਰਾਂ ਦੀ ਬਖ਼ਸ਼ਿਸ਼ ਕੀਤੀ ਅਤੇ ਜੰਗਾਂ ਯੁੱਧਾਂ ਦੀ ਤਿਆਰੀ ਕਰਨ ਲਈ ਅਭਿਆਸ ਆਰੰਭ ਕਰ ਦਿੱਤਾ। ਗੁਰੂ ਸਾਹਿਬਾਨ ਦੀ ਦੱਸੀ ਹੋਈ ਰਹਿਤ ਦੇ ਉੱਤੇ ਅੱਜ ਵੀ ਨਿਹੰਗ ਸਿੰਘ ਫ਼ੌਜਾਂ ਸ਼ਸਤਰਧਾਰੀ ਹੋ ਕੇ ਪੂਰੀ ਦ੍ਰਿੜ੍ਹਤਾ ਨਾਲ ਪਹਿਰਾ ਦੇ ਰਹੇ ਹਨ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਨਿੱਕਾ ਸਿੰਘ ਕਿਲ੍ਹਾ ਰਾਇਪੁਰ, ਲੁਧਿਆਣਾ ਜ਼ਿਲ੍ਹਾ ਦੇ ਜਥੇਦਾਰ, ਸਰਕਲ ਜਥੇਦਾਰ ਤੇ ਪਿੰਡਾਂ ਦੇ ਜਥੇਦਾਰਾਂ ਦਾ ਮਾਨ ਸਨਮਾਨ ਕੀਤਾ। ਸਥਾਨ ਦੇ ਮੁੱਖ ਸੇਵਾਦਾਰ ਬਾਬਾ ਨਿੱਕਾ ਸਿੰਘ ਨੇ ਵੀ ਜਥੇਦਾਰ ਬਾਬਾ ਬਲਬੀਰ ਸਿੰਘ ਦਾ ਸਿਰੋਪਾਉ ਤੇ ਲੋਈ ਦੇ ਕੇ ਮਾਨ ਸਨਮਾਨ ਕੀਤਾ ਅਤੇ ਨਾਲ ਹੀ ਆਈਆਂ ਹੋਈਆਂ ਨਿਹੰਗ ਸਿੰਘ ਫੌਜਾਂ, ਸੰਤਾਂ, ਮਹੰਤਾਂ ਇਲਾਕੇ ਦੇ ਮੁਹਤਬਰ ਗੁਰਸਿੱਖਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਇਹਨਾਂ ਸਮਾਗਮਾਂ ਵਿਚ ਜਥੇਦਾਰ ਬਾਬਾ ਜਗਤਾਰ ਸਿੰਘ ਖਮਾਣੋ, ਭਾਈ ਚਤਰ ਸਿੰਘ ਗੁਰਮਾ, ਮਹੰਤ ਲਵਪ੍ਰੀਤ ਸਿੰਘ ਕੰਗਣਵਾਲ, ਭਾਈ ਹਰਜਿੰਦਰ ਸਿੰਘ ਚਮਿੰਡਾ, ਜਥੇਦਾਰ ਮਨੋਹਰ ਸਿੰਘ, ਭਾਈ ਗੁਰਮੁਖ ਸਿੰਘ ਸੇਵਾਦਾਰ, ਭਾਈ ਮਲੂਕ ਸਿੰਘ ਨਿਰਮੋਹਗੜ੍ਹ ਸਾਹਿਬ, ਜਥੇਦਾਰ ਸੁਖਦੇਵ ਸਿੰਘ ਸੰਗਰੇੜੀ, ਭਾਈ ਇੰਦਰਜੀਤ ਸਿੰਘ ਸਮਾਣਾ, ਭਾਈ ਲਛਮਣ ਸਿੰਘ, ਬੀਬੀ ਜਸਵਿੰਦਰ ਕੌਰ, ਭਾਈ ਜਸਬੀਰ ਸਿੰਘ ਚੈਨੇਵਾਲਾ, ਗੁਰਮੁਖ ਸਿੰਘ ਹਜ਼ੂਰੀ ਸੇਵਕ ਆਦਿ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article* “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਬਾ ਜਸਪਾਲ ਸਿੰਘ (ਅਮਰੀਕਾ ਵਾਲੇ) ਅਤੇ ਉੱਘੇ ਸਮਾਜ ਸੇਵੀ ਭੁਪਿੰਦਰ ਸਿੰਘ ਨੂੰ ਫਾਊਂਡੇਸ਼ਨ ਵੱਲੋਂ ਸੰਤ ਸੁਖਬੀਰ ਸਿੰਘ, ਬਾਵਾ ਅਤੇ ਨਿਮਾਣਾ ਨੇ ਭੇਂਟ ਕੀਤੀ*
Next articleਨੀਟ ਅਤੇ ਯੂਜੀਸੀ-ਨੈੱਟ ਪ੍ਰੀਖਿਆ ਘੁਟਾਲੇ ਨੂੰ ਲੈ ਕੇ ‘ਬੇਗਮਪੁਰਾ ਟਾਈਗਰ ਫੋਰਸ’ ਨੇ ਮੰਤਰੀ ਧਰਮਿੰਦਰ ਦੇ ਅਸਤੀਫ਼ੇ ਦੀ ਕੀਤੀ ਮੰਗ