HOME ਬਿਸਤ ਦੁਆਬ ਨਹਿਰ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ, ਲਾਸ਼ ਦੀ ਭਾਲ...

ਬਿਸਤ ਦੁਆਬ ਨਹਿਰ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ, ਲਾਸ਼ ਦੀ ਭਾਲ ਜਾਰੀ

4

ਮੋਬਾਈਲ ‘ਤੇ ਗੱਲ ਕਰਦੇ ਸਮੇਂ ਚੱਕਰ ਆਉਣ ਕਾਰਨ ਨਹਿਰ ਵਿੱਚ ਡਿੱਗਿਆ ਨਿਖਿਲ, ਇਲਾਕੇ ਵਿੱਚ ਸੋਗ ਦੀ ਲਹਿਰ

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਬਿਸਤ ਦੁਆਬ ਨਹਿਰ ਦੇ ਕਿਨਾਰੇ ਖੜ੍ਹੇ ਤਿੰਨ ਨੌਜਵਾਨਾਂ ਵਿੱਚੋਂ ਇੱਕ ਦੀ ਨਹਿਰ ਵਿੱਚ ਡਿੱਗ ਜਾਣ ਕਾਰਨ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਬੇਹੱਦ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਪਾਣੀ ਦੇ ਤੇਜ਼ ਵਹਾਅ ਵਿੱਚ ਨੌਜਵਾਨ ਦੀ ਲਾਸ਼ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਅਤੇ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਕਾਠਗੜ੍ਹ ਪੁਲਿਸ ਕੋਲ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ, ਤਿੰਨ ਨੌਜਵਾਨ ਨਿਖਿਲ ਪੁੱਤਰ ਗੁਰਮੀਤ ਉਰਫ਼ ਛਿੰਦਾ ਵਾਸੀ ਚਾਹਲਾਂ , ਵਿਨੇ ਅਤੇ ਹਰਮਨ ਪਿੰਡ ਚਾਹਲਾਂ  ਤੋਂ ਬਲਾਚੌਰ ਵਿਖੇ ਮੋਬਾਈਲ ਦਾ ਕਵਰ ਲੈਣ ਲਈ ਜਾ ਰਹੇ ਸਨ। ਜਦੋਂ ਉਹ ਪਿੰਡ ਸੁੱਧਾ ਮਾਜਰਾ ਦੇ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋ ਗਿਆ । ਜਿਸ ਕਾਰਨ ਉਨ੍ਹਾਂ ਨੇ ਆਪਣੇ ਇੱਕ ਹੋਰ ਸਾਥੀ ਨੂੰ ਪੈਟਰੋਲ ਲਿਆਉਣ ਲਈ ਭੇਜ ਦਿੱਤਾ। ਉਹ ਨੌਜਵਾਨ ਪੈਟਰੋਲ ਲੈਣ ਗਿਆ ਹੋਇਆ ਸੀ, ਉਸੇ ਦੌਰਾਨ ਨਿਖਿਲ ਨੂੰ ਕਿਸੇ ਦਾ ਫ਼ੋਨ ਆ ਗਿਆ। ਉਹ ਫ਼ੋਨ ਸੁਣਦਾ-ਸੁਣਦਾ ਨਹਿਰ ਦੇ ਪੁਲ ਵੱਲ ਥੋੜ੍ਹਾ ਦੂਰ ਚਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫ਼ੋਨ ‘ਤੇ ਗੱਲ ਕਰਨ ਦੌਰਾਨ ਅਚਾਨਕ ਉਸ ਨੂੰ ਚੱਕਰ ਆ ਗਿਆ, ਜਿਸ ਕਾਰਨ ਉਹ ਸੰਤੁਲਨ ਵਿਗੜਨ ਕਰਕੇ ਨਹਿਰ ਦੇ ਤੇਜ਼ ਪਾਣੀ ਵਿੱਚ ਜਾ ਡਿੱਗਿਆ। ਉਸ ਦੇ ਨਾਲ ਖੜ੍ਹੇ ਸਾਥੀ ਨੌਜਵਾਨਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਬਚਾਉਣ ਦਾ ਕਾਫ਼ੀ ਯਤਨ ਕੀਤਾ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਿਖਿਲ ਦੇਖਦੇ ਹੀ ਦੇਖਦੇ ਪਾਣੀ ਵਿੱਚ ਡੁੱਬ ਗਿਆ।ਜਦੋਂ ਇਸ ਮੰਦਭਾਗੀ ਘਟਨਾ ਸਬੰਧੀ ਐਸ ਐਚ ਓ ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਦੇ ਪਾਣੀ ਵਿੱਚੋਂ ਲਾਸ਼ ਨੂੰ ਬਾਹਰ ਕੱਢਣ ਲਈ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨੁੱਖ ਨੂੰ ਲੈ ਡੁੱਬੇਗੀ ਉਸਦੀ ਉਪਭੋਗਤਾਵਾਦੀ ਪ੍ਰਵਿਰਤੀ….
Next articleThe Bilo Rani Show: Hot Air, Empty Seats, and Broken Promises