(ਸਮਾਜ ਵੀਕਲੀ) ਭਾਰਤ ਇੱਕ ਮਹਾਨ ਦੇਸ਼ ਹੈ। ਸਾਡਾ ਦੇਸ਼ ਮਹਾਨ ਵਿਚਾਰਕਾਂ , ਸੰਤਾਂ , ਗੁਰੂਆਂ – ਪੀਰਾਂ , ਪੈਗੰਬਰਾਂ , ਰਿਸ਼ੀਆਂ – ਮੁਨੀਆਂ ਤੇ ਮਹਾਨ ਵਿਦਵਾਨਾਂ ਦੀ ਧਰਤੀ ਹੈ। ਇਹਨਾਂ ਸਾਰੇ ਮਹਾਨ ਵਿਦਵਾਨਾਂ ਨੇ ਸਾਨੂੰ ਹਮੇਸ਼ਾ ਸਹੀ ਰਾਹ ਦਿਖਾਇਆ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਤੇ ਉਹਨਾਂ ਦੀ ਦੂਰਅੰਦੇਸ਼ੀ ਸਿੱਖਿਆ ਦਾ ਪੂਰੇ ਭਾਰਤ ਵਿੱਚ ਹੀ ਨਹੀਂ ; ਸਗੋਂ ਪੂਰੇ ਵਿਸ਼ਵ ਵਿੱਚ ਵੀ ਲੋਹਾ ਮੰਨਿਆ ਜਾਂਦਾ ਹੈ। ਇਹਨਾਂ ਮਹਾਨ ਸੰਤਾਂ ਵਿਦਵਾਨਾਂ ਵਿੱਚੋਂ ਪਿੰਗਲਵਾੜਾ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਭਗਤ ਪੂਰਨ ਸਿੰਘ ਜੀ ਨੇ ਮਨੁੱਖ ਨੂੰ ਵਾਰ – ਵਾਰ ਤੇ ਹਰ ਵਾਰ ਸਾਦਾ ਜੀਵਨ ਜਿਉਣ , ਸਾਦਾ ਖਾਣ – ਪਹਿਨਣ , ਜੀਵ – ਜੰਤੂਆਂ ਤੇ ਪੰਛੀ – ਪਰਿੰਦਿਆਂ ਦੀ ਸੇਵਾ ਸੰਭਾਲ ਕਰਨ , ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਹਨਾਂ ਦੀ ਸੰਭਾਲ ਕਰਨ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਨੂੰ ਘੱਟ ਕਰਨ ਆਦਿ ਬਾਰੇ ਸਿੱਖਿਆ ਦਿੱਤੀ। ਉਹਨਾਂ ਨੇ ਵਾਰ – ਵਾਰ ਮਨੁੱਖ ਨੂੰ ਚਿਤਾਇਆ ਕਿ ਜੇਕਰ ਮਨੁੱਖ ਨੇ ਇਹਨਾਂ ਗੱਲਾਂ ‘ਤੇ ਅਮਲ ਨਾ ਕਰਦੇ ਹੋਏ ਉਪਭੋਗਤਾਵਾਦੀ ਪ੍ਰਵਿਰਤੀ ਨੂੰ ਜਾਰੀ ਰੱਖਿਆ ਅਤੇ ਹੋਰ ਵਧਾ ਲਿਆ ਤਾਂ ਆਉਣ ਵਾਲਾ ਸਮਾਂ ਕੁਦਰਤ , ਧਰਤੀ , ਵਾਤਾਵਰਨ , ਜੀਵ – ਜੰਤੂਆਂ , ਪੰਛੀ – ਪਰਿੰਦਿਆਂ ਅਤੇ ਖੁਦ ਮੌਜੂਦਾ ਸਮੇਂ ਦੇ ਮਨੁੱਖ ਤੇ ਉਸ ਦੀ ਆਉਣ ਵਾਲੀ ਪੀੜੀ ਲਈ ਬਹੁਤ ਜਿਆਦਾ ਕਸ਼ਟਮਈ ਹੋ ਸਕਦਾ ਹੈ। ਦਹਾਕਿਆਂ ਪਹਿਲਾਂ ਉਹਨਾਂ ਵੱਲੋਂ ਦੱਸੀਆਂ ਗਈਆਂ ਸਿੱਖਿਆਵਾਂ ਅੱਜ ਸਮੁੱਚੇ ਵਿਸ਼ਵ ਵਿੱਚ ਮੰਨੀਆਂ ਜਾ ਰਹੀਆਂ ਨੇ ; ਕਿਉਂਕਿ ਮਨੁੱਖ ਦੀ ਆਉਣ ਵਾਲੀ ਪੀੜੀ ਦੀ ਤਾਂ ਗੱਲ ਛੱਡੋ ; ਸਗੋਂ ਮਨੁੱਖ ਆਪਣੇ ਆਪ ਲਈ ਤੇ ਆਪਣੇ ਇਸੇ ਜੀਵਨ ਲਈ ਵੀ ਨਹੀਂ ਸੋਚ ਰਿਹਾ। ਕੇਵਲ ਤੇ ਕੇਵਲ ਇੱਕੋ ਉਪਭੋਗਤਾਵਾਦੀ ਸੋਚ ਤੇ ਪ੍ਰਵਿਰਤੀ ਤੇ ਭੌਤਿਕ ਇੱਛਾਵਾਂ ਨੂੰ ਵਧਾਉਂਦਾ ਹੀ ਜਾ ਰਿਹਾ ਹੈ , ਜਿਸ ਕਰਕੇ ਭਿਆਨਕ ਸਮੱਸਿਆਵਾਂ ਮਨੁੱਖ ਦੇ ਸਾਹਮਣੇ ਵਿਕਰਾਲ ਰੂਪ ਧਾਰ ਕੇ ਵਾਰੋ – ਵਾਰੀ ਸਾਹਮਣੇ ਆ ਰਹੀਆਂ ਨੇ। ਹਰ ਮਨੁੱਖ ਨੂੰ ਆਪਣੇ ਪੱਧਰ ‘ਤੇ ਕੁਦਰਤ ਦੀ ਭਲਾਈ ਲਈ ਛੋਟੀ – ਛੋਟੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ; ਕਿਉਂਕਿ ਸੱਚੇ ਮਨ ਤੋਂ ਕੀਤੀ ਕੁਦਰਤ ਭਲਾਈ ਦੀ ਨਿਸ਼ਕਾਮ ਸੇਵਾ ਦੀ ਸੱਚੀ ਕੋਸ਼ਿਸ਼ ਜ਼ਰੂਰ ਰੰਗਤ ਲਿਆਉਂਦੀ ਹੈ ਤੇ ਹਰ ਛੋਟੀ ਕੋਸ਼ਿਸ਼ ਵੱਡੇ ਸਾਰਥਕ ਨਤੀਜੇ ਲਿਆਉਂਦੀ ਹੈ।
https://play.google.com/store/apps/details?id=in.yourhost.samajweekly





