HOME ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ...

ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

9

28 ਜੂਨ ਤੋਂ ਸ਼ੁਰੂ ਹੋਵੇਗੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਪੋਲੀਓ ਵਰਗੀ ਗੰਭੀਰ ਬਿਮਾਰੀ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 28 ਤੋਂ 30 ਜੂਨ 2026 ਤੱਕ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਪੂਰੀ ਤਨਦੇਹੀ ਨਾਲ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 0 ਤੋਂ 5 ਸਾਲ ਉਮਰ ਵਰਗ ਦੇ 56,421 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲਸ ਪੋਲੀਓ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਸਿਹਤ ਵਿਭਾਗ ਅਤੇ ਹੋਰ ਸਾਰੇ ਭਾਈਵਾਲ ਵਿਭਾਗਾਂ ਨੂੰ ਮੁਹਿੰਮ ਦੀ ਸਫ਼ਲਤਾ ਲਈ ਆਪਸੀ ਤਾਲਮੇਲ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲੀਓ ਖ਼ਿਲਾਫ਼ ਜੰਗ ਵਿੱਚ ਕੋਈ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਵਿਭਾਗ ਸਾਂਝੇ ਤੌਰ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਤਾਂ ਜੋ ਹਰ ਮਾਪੇ ਆਪਣੇ ਬੱਚੇ ਨੂੰ ਪੋਲੀਓ ਬੂਥ ਤੱਕ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਜ਼ਿਲ੍ਹੇ ਭਰ ਵਿੱਚ 226 ਪੋਲੀਓ ਬੂਥਾਂ ’ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਤੋਂ ਬਾਅਦ 29 ਅਤੇ 30 ਜੂਨ ਨੂੰ 451 ਘਰ-ਘਰ ਜਾਣ ਵਾਲੀਆਂ ਟੀਮਾਂ ਉਨ੍ਹਾਂ ਬੱਚਿਆਂ ਤੱਕ ਪਹੁੰਚਣਗੀਆਂ ਜੋ ਪਹਿਲੇ ਦਿਨ ਬੂਥਾਂ ’ਤੇ ਨਹੀਂ ਆ ਸਕੇ। ਇਸ ਤੋਂ ਇਲਾਵਾ 16 ਟ੍ਰਾਂਜ਼ਿਟ ਟੀਮਾਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ, ਜਦਕਿ 7 ਮੋਬਾਈਲ ਟੀਮਾਂ ਝੁੱਗੀ-ਝੌਂਪੜੀਆਂ, ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਹੋਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਸੇਵਾਵਾਂ ਦੇਣਗੀਆਂ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਹਿੰਮ ਦੀ ਨਿਗਰਾਨੀ ਲਈ 45 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ 1,38,015 ਘਰਾਂ, 18 ਅਨਾਜ ਮੰਡੀਆਂ, 13 ਫੈਕਟਰੀਆਂ, 55 ਇੱਟਾਂ ਦੇ ਭੱਠਿਆਂ ਅਤੇ 81 ਉੱਚ ਜੋਖਮ ਵਾਲੇ ਖੇਤਰਾਂ ਨੂੰ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਪਿਛਲੇ 15 ਸਾਲਾਂ ਤੋਂ ਪੋਲੀਓ ਮੁਕਤ ਹੈ, ਪਰ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਪੋਲੀਓ ਵਾਇਰਸ ਦੀ ਮੌਜੂਦਗੀ ਕਾਰਨ ਸਾਵਧਾਨੀ ਅਤੇ ਨਿਯਮਿਤ ਟੀਕਾਕਰਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਗਰ ਨਿਗਮ ਚੋਣਾਂ ਵਾਰਡ ਨੰਬਰ 26 ਤੋਂ ‘ਆਪ’ ਉਮੀਦਵਾਰ ਅਜੇ ਕੁਮਾਰ ਨੇ ਵਿੱਢੀ ਚੋਣ ਮੁਹਿੰਮ, ਘਰ-ਘਰ ਜਾ ਕੇ ਮੰਗੀਆਂ ਵੋਟਾਂ
Next articleਵੋਟਰ ਸੂਚੀ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ—2026—ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ