HOME 23 ਸਾਲ ਪੁਰਾਣੇ ਬਲਾਤਕਾਰ ਮਾਮਲੇ ਵਿਚ ਅਸਲ ਦੋਸ਼ੀ ਨੂੰ ਸਜ਼ਾ, ਬੇਕਸੂਰ ਵਿਅਕਤੀ...

23 ਸਾਲ ਪੁਰਾਣੇ ਬਲਾਤਕਾਰ ਮਾਮਲੇ ਵਿਚ ਅਸਲ ਦੋਸ਼ੀ ਨੂੰ ਸਜ਼ਾ, ਬੇਕਸੂਰ ਵਿਅਕਤੀ ਨੇ ਕੱਟੇ ਸਨ 17 ਸਾਲ ਜੇਲ੍ਹ ਵਿਚ

10
ਕੈਪਸਨ:- 2003 ਦੇ ਬਲਾਤਕਾਰ ਮਾਮਲੇ ਵਿਚ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਏ ਗਏ ਐਂਡਰਿਊ ਮਾਲਕਿਨਸਨ (ਸੱਜੇ) ਅਤੇ ਅਸਲ ਦੋਸ਼ੀ ਪਾਲ ਕੁਇਨ ਦੀਆਂ ਤਸਵੀਰਾਂ। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੇ ਸਭ ਤੋਂ ਚਰਚਿਤ ਨਿਆਂਕ ਮਾਮਲਿਆਂ ਵਿਚੋਂ ਇੱਕ ਵਿਚ 23 ਸਾਲ ਪਹਿਲਾਂ ਸਾਲ 2003 ਦੌਰਾਨ ਸੈਲਫੋਰਡ ਖੇਤਰ ਵਿਚ ਇਕ ਨੌਜਵਾਨ ਮਾਂ ਨਾਲ ਬਲਾਤਕਾਰ, ਗੰਭੀਰ ਸਰੀਰਕ ਹਮਲੇ ਅਤੇ ਗਲਾ ਘੁੱਟਣ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਏ ਗਏ 52 ਸਾਲਾ ਪਾਲ ਕੁਇਨ ਨੂੰ ਅੱਜ ਮੈਨਚੈਸਟਰ ਕਰਾਊਨ ਕੋਰਟ ਵੱਲੋਂ ਸਜ਼ਾ ਸੁਣਾਈ ਜਾ ਰਹੀ ਹੈ। ਇਸ ਮਾਮਲੇ ਵਿਚ ਐਂਡਰਿਊ ਮਾਲਕਿਨਸਨ ਨਾਂ ਦੇ ਇਕ ਬੇਕਸੂਰ ਵਿਅਕਤੀ ਨੂੰ ਗਲਤ ਪਛਾਣ ਦੇ ਆਧਾਰ ‘ਤੇ ਦੋਸ਼ੀ ਕਰਾਰ ਦੇ ਕੇ 17 ਸਾਲ ਜੇਲ੍ਹ ਵਿਚ ਰੱਖਿਆ ਗਿਆ ਸੀ। ਮਾਲਕਿਨਸਨ ਨੂੰ 2004 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਹਮੇਸ਼ਾ ਆਪਣੀ ਬੇਗੁਨਾਹੀ ਦਾ ਦਾਅਵਾ ਕਰਦਾ ਰਿਹਾ। ਆਖ਼ਰਕਾਰ ਡੀ.ਐਨ.ਏ. ਤਕਨਾਲੋਜੀ ਵਿਚ ਹੋਈ ਤਰੱਕੀ ਕਾਰਨ ਪੀੜਤਾ ਦੇ ਕੱਪੜਿਆਂ ਤੋਂ ਮਿਲੇ ਲਾਰ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਨਾਲ 2022 ਵਿਚ ਪਾਲ ਕੁਇਨ ਦੀ ਡੀ.ਐਨ.ਏ. ਪ੍ਰੋਫਾਈਲ ਦਾ ਇੱਕ ਅਰਬ ਵਿਚੋਂ ਇੱਕ ਮੇਲ ਮਿਲਿਆ ਅਤੇ ਉਹ ਅਸਲ ਦੋਸ਼ੀ ਵਜੋਂ ਸਾਹਮਣੇ ਆਇਆ। ਮਾਲਕਿਨਸਨ ਦੀ ਸਜ਼ਾ 2023 ਵਿਚ ਰੱਦ ਕਰ ਦਿੱਤੀ ਗਈ ਸੀ। ਅਦਾਲਤ ਵਿਚ ਪੜ੍ਹੇ ਗਏ ਪੀੜਤਾ ਦੇ ਬਿਆਨ ਵਿਚ ਉਸ ਨੇ ਕਿਹਾ ਕਿ ਹਮਲੇ ਦੀਆਂ ਯਾਦਾਂ ਅੱਜ ਵੀ ਉਸ ਦਾ ਪਿੱਛਾ ਕਰਦੀਆਂ ਹਨ ਅਤੇ ਉਹ ਹਰ ਰੋਜ਼ ਡਰ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੀ ਹੈ। ਇਸ ਮਾਮਲੇ ਤੋਂ ਬਾਅਦ ਗ੍ਰੇਟਰ ਮੈਨਚੈਸਟਰ ਪੁਲਿਸ ਦੀ ਜਾਂਚ ਪ੍ਰਕਿਰਿਆ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ ਅਤੇ ਛੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸੁਤੰਤਰ ਜਾਂਚ ਚੱਲ ਰਹੀ ਹੈ। ਮਾਲਕਿਨਸਨ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਆਖ਼ਰਕਾਰ ਅਸਲ ਦੋਸ਼ੀ ਸਜ਼ਾ ਤੱਕ ਪਹੁੰਚਿਆ ਹੈ, ਪਰ ਜੇਕਰ ਪੁਲਿਸ ਨੇ ਸ਼ੁਰੂ ਵਿਚ ਸਹੀ ਤਰੀਕੇ ਨਾਲ ਕੰਮ ਕੀਤਾ ਹੁੰਦਾ ਤਾਂ ਉਸ ਨੂੰ 17 ਸਾਲ ਜੇਲ੍ਹ ਵਿਚ ਨਾ ਕੱਟਣੇ ਪੈਂਦੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਸ਼ਵ ਵਾਤਾਵਰਣ ਦਿਵਸ ਮੌਕੇ ਆਸਰਾ ਫਾਊਡੇਸ਼ਨ ਅਤੇ ਅਲਾਇੰਸ ਕਲੱਬ ਨੇ ਲਗਾਏ ਫਲਦਾਂਰ ਤੇ ਛਾਂਦਾਰ ਪੌਦੇ
Next articleਗ੍ਰਾਮ ਪੰਚਾਇਤ ਸੀਚੇਵਾਲ ਨੂੰ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ-2026 ਨਾਲ ਕੀਤਾ ਗਿਆ ਸਨਮਾਨਿਤ