ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) : ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਇਲਾਕੇ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਆਗੂਆਂ ਵਿੱਚ ਇੱਕ ਵੱਡੀ ਰੇਸ ਦੇਖਣ ਨੂੰ ਮਿਲ ਰਹੀ ਹੈ। ਇਸ ਸਿਆਸੀ ਮਾਹੌਲ ਦਰਮਿਆਨ ਹਲਕੇ ਦੇ ਨਾਮਵਰ ਆਗੂ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਕਾਠਗੜ੍ਹ ਦੇ ਪੱਖ ਵਿੱਚ ਆਮ ਲੋਕਾਂ ਦਾ ਹੁੰਗਾਰਾ ਅਤੇ ਰੁਝਾਨ ਦਿਨ-ਬ-ਦਿਨ ਇੱਕ ਵੱਡੀ ਲਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਮ ਪਬਲਿਕ ਅਤੇ ਵੱਖ-ਵੱਖ ਪਿੰਡਾਂ ਵਿੱਚ ਕੀਤੇ ਗਏ ਇੱਕ ਨਿਰਪੱਖ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਹਾਈਕਮਾਂਡ ਇਸ ਵਾਰ ਇਸ ਜ਼ਮੀਨੀ ਪੱਧਰ ਦੇ ਪਰਿਵਾਰ ’ਤੇ ਦਾਅ ਖੇਡਦੀ ਹੈ, ਤਾਂ ਇਹ ਸੀਟ ਪਾਰਟੀ ਦੀ ਝੋਲੀ ਵਿੱਚ ਪੈਣੀ ਬਿਲਕੁਲ ਤੈਅ ਹੈ। ਜਸਵਿੰਦਰ ਕੁਮਾਰ ਵਿੱਕੀ ਚੌਧਰੀ ਦਾ ਪਰਿਵਾਰ ਇਲਾਕੇ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਸ ਪਰਿਵਾਰ ਦਾ ਇੱਕ ਵੱਡਾ ਅਤੇ ਸੁਨਹਿਰੀ ਸਿਆਸੀ ਇਤਿਹਾਸ ਰਿਹਾ ਹੈ। ਵਿੱਕੀ ਚੌਧਰੀ ਦੇ ਦਾਦਾ ਜੀ ਮਾਸਟਰ ਦਲੀਪ ਚੰਦ ਦੋ ਵਾਰ ਇਲਾਕੇ ਦੇ ਐਮ.ਐਲ.ਏ. ਰਹਿ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਵਾਰ ਉਹ ਆਜ਼ਾਦ ਅਤੇ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ ਸਨ। ਐਨੇ ਵੱਡੇ ਸਿਆਸੀ ਰੁਤਬੇ ਦੇ ਬਾਵਜੂਦ ਇਸ ਪਰਿਵਾਰ ਦਾ ਅਕਸ ਹਮੇਸ਼ਾ ਬੇਹੱਦ ਸਾਊ, ਨਿਮਰ ਅਤੇ ਸ਼ਰੀਫ਼ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੇ ਕਦੇ ਵੀ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਕੀਤਾ ਅਤੇ ਨਾ ਹੀ ਕਦੇ ਕਿਸੇ ’ਤੇ ਆਪਣੀ ਸਿਆਸੀ ਧੌਂਸ ਜਮਾਈ ਹੈ। ਮਾਸਟਰ ਜੀ ਦੇ ਬੱਚੇ ਹੋਣ ਨਾਤੇ ਪਰਿਵਾਰ ਦੇ ਸਾਰੇ ਮੈਂਬਰ ਪੜ੍ਹੇ-ਲਿਖੇ ਅਤੇ ਸਰਕਾਰੀ ਨੌਕਰੀਆਂ ਵਾਲੇ ਸੱਭਿਅਕ ਇਨਸਾਨ ਹਨ, ਜੋ ਹਮੇਸ਼ਾ ਇੱਕ ਆਮ ਮੁਲਾਜ਼ਮ ਵਾਂਗ ਨਿਮਰਤਾ ਨਾਲ ਰਹਿੰਦੇ ਹਨ ਅਤੇ ਹਰ ਵਰਗ ਦੇ ਸੁਖ-ਦੁਖ ਵਿੱਚ ਮੋਹਰੀ ਹੋ ਕੇ ਸ਼ਾਮਲ ਹੁੰਦੇ ਹਨ। ਸਿਆਸੀ ਪਿਛੋਕੜ ਦੀ ਗੱਲ ਕਰੀਏ ਤਾਂ ਸਾਲ 1985 ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇਸ ਪਰਿਵਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦੇ ਕੇ ਨਹੀਂ ਨਿਵਾਜਿਆ ਗਿਆ, ਜਦਕਿ ਇਹ ਪਰਿਵਾਰ ਬਿਨਾਂ ਕਿਸੇ ਲਾਲਚ ਦੇ ਲਗਾਤਾਰ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਕੰਮ ਕਰਦਾ ਆ ਰਿਹਾ ਹੈ। ਚਾਹੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ (ਐਮ.ਪੀ.) ਦੀਆਂ ਚੋਣਾਂ, ਇਸ ਪਰਿਵਾਰ ਨੇ ਹਮੇਸ਼ਾ ਅੱਗੇ ਹੋ ਕੇ ਹਰ ਪਿੰਡ-ਪਿੰਡ ਵਿੱਚ ਕਾਂਗਰਸ ਦਾ ਪ੍ਰਚਾਰ ਕੀਤਾ ਅਤੇ ਪਾਰਟੀ ਦੇ ਵੋਟ ਬੈਂਕ ਨੂੰ ਮਜ਼ਬੂਤ ਰੱਖਿਆ। ਸਥਾਨਕ ਚੋਣਾਂ ਵਿੱਚ ਵੀ ਇਸ ਪਰਿਵਾਰ ਦਾ ਦਬਦਬਾ ਸਾਫ਼ ਦੇਖਣ ਨੂੰ ਮਿਲਿਆ ਹੈ। ਵਿੱਕੀ ਚੌਧਰੀ ਨੇ ਸਾਲ 2013 ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਅਤੇ 2018 ਵਿੱਚ ਬਲਾਕ ਸੰਮਤੀ ਚੋਣ ਬਹੁਤ ਹੀ ਸ਼ਾਨਦਾਰ ਅਤੇ ਵੱਡੇ ਮਾਰਜਨ ਨਾਲ ਜਿੱਤ ਕੇ ਆਪਣੀ ਲੋਕਪ੍ਰਿਯਤਾ ਸਾਬਤ ਕੀਤੀ ਸੀ। ਪਰ ਅਫ਼ਸੋਸ ਦੀ ਗੱਲ ਇਹ ਰਹੀ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਵੀ ਇਸ ਪਰਿਵਾਰ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਐਨੀ ਵੱਡੀ ਲੋਕ-ਸਮਰੱਥਾ ਹੋਣ ਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਜਾਂ ਚੇਅਰਮੈਨੀ ਵਰਗਾ ਮਾਣ-ਤਾਣ ਨਹੀਂ ਦਿੱਤਾ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਪਾਰਟੀ ਪ੍ਰਤੀ ਹਲਕਾ ਰੋਸ ਵੀ ਪਾਇਆ ਜਾਂਦਾ ਹੈ।
ਹੁਣ ਜਦੋਂ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਾਂ ਆਮ ਲੋਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਪਿੰਡਾਂ ਦੇ ਹਰ ਵਰਗ ਦੇ ਵੋਟਰਾਂ ਦਾ ਕਹਿਣਾ ਹੈ ਕਿ ਵਿੱਕੀ ਚੌਧਰੀ ਕੋਈ ਬਹੁਤ ਵੱਡੇ ਅਮੀਰ ਘਰਾਣੇ ਨਾਲ ਸਬੰਧ ਨਹੀਂ ਰੱਖਦੇ, ਬਲਕਿ ਉਹ ਇੱਕ ਆਮ ਅਤੇ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਚੌਧਰੀ ਬਰਾਦਰੀ ਸਮੇਤ ਹਰ ਛੋਟੇ-ਵੱਡੇ ਪੱਧਰ ਦੇ ਲੋਕਾਂ ਵਿੱਚ ਉਨ੍ਹਾਂ ਦੀ ਪੂਰੀ ਗੱਲਬਾਤ ਅਤੇ ਬਹੁਤ ਵੱਡਾ ਪ੍ਰਭਾਵ ਹੈ। ਹਰ ਪਿੰਡ ਵਿੱਚ ਇਸ ਪਰਿਵਾਰ ਦੀ ਪੁਰਾਣੀ ਰਿਸ਼ਤੇਦਾਰੀ ਅਤੇ ਨਿੱਜੀ ਸਾਂਝ ਹੈ। ਆਮ ਜਨਤਾ ਦੀ ਰਾਏ ਅਨੁਸਾਰ, ਜੇਕਰ ਹਾਈਕਮਾਂਡ ਇਸ ਵਾਰ ਕਿਸੇ ਬਾਹਰੀ ਜਾਂ ਰਵਾਇਤੀ ਚਿਹਰੇ ਦੀ ਬਜਾਏ ਇਸ ਜ਼ਮੀਨੀ ਪੱਧਰ ਦੇ ਮਿਹਨਤੀ ਆਗੂ ’ਤੇ ਵਿਸ਼ਵਾਸ ਜਤਾਉਂਦੀ ਹੈ ਅਤੇ ਟਿਕਟ ਦੇ ਕੇ ਮੌਕਾ ਦਿੰਦੀ ਹੈ, ਤਾਂ ਦੂਜੀਆਂ ਪਾਰਟੀਆਂ ਦੇ ਵੋਟਰ ਵੀ ਪ੍ਰੈਸ਼ਰ ਵੋਟ ਦੇ ਤੌਰ ’ਤੇ ਵਿੱਕੀ ਚੌਧਰੀ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਹਨ। ਇਲਾਕੇ ਅੰਦਰ ਉੱਠ ਰਿਹਾ ਇਹ ਲੋਕ-ਰੁਝਾਨ ਸਾਫ਼ ਇਸ਼ਾਰਾ ਕਰਦਾ ਹੈ ਕਿ ਵਿੱਕੀ ਚੌਧਰੀ ਇਸ ਸੀਟ ਨੂੰ ਵੱਡੇ ਬਹੁਮਤ ਨਾਲ ਕੱਢ ਕੇ ਪਾਰਟੀ ਦੀ ਝੋਲੀ ਪਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



