ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)-ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੇ 122ਵੇਂ ਜਨਮ-ਦਿਨ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਸ਼ੁਰੂਆਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ(ਰਜਿ:) ਅੰਮ੍ਰਿਤਸਰ ਦੇ ਵਿਹੜੇ ਵਿੱਚ ਹੋਈ ਪ੍ਰੋਗਰਾਮ ਦੀ ਆਰੰਭਤਾ ਗੁਰਬਾਣੀ ਦੇ ਰਸ-ਭਿੰਨੇ ਸ਼ਬਦ ਬਲਹਾਰੀ ਕੁਦਰਤਿ ਵਸਿਆ ਨਾਲ ਹੋਈ। ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ ਵਾਤਾਵਰਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ “ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ” ਵਿਸ਼ੇ ਤੇ ਸੈਮੀਨਾਰ ਕੀਤਾ ਗਿਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਨੇ ਆਏ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਇੱਕ ਐਸੀ ਮਹਾਨ ਸਖ਼ਸ਼ੀਅਤ ਸਨ, ਜਿਹੜੇ ਪੂਰੀ ਦੁਨੀਆਂ ਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਿੰਤਤ ਸਨ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ 100 ਸਾਲ ਪਹਿਲਾਂ ਹੀ ਦੁਨੀਆਂ ਨੂੰ ਖਰਾਬ ਹੋਣ ਵਾਲੇ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸੈਮੀਨਾਰ ਵਿੱਚ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਸਾਂਝ ਉੱਘੇ ਵਿਦਵਾਨ ਤੇ ਡੀਨ ਖਾਲਸਾ ਕਾਲਜ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਸਰੋਤਿਆਂ ਨਾਲ ਪਾਈ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਦੁਨੀਆਂ ਅਤੇ ਵਾਤਾਵਰਨ ਦੇ ਸੱਚੇ ਪਹਿਰੇਦਾਰ ਸਨ, ਉਹਨਾਂ ਕਿਹਾ ਕਿ ਅੱਜ ਉਹਨਾਂ ਦੇ 122ਵੇਂ ਜਨਮ ਦਿਨ ਮੌਕੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਹੈ ਉਹਨਾਂ ਪ੍ਰਤੀ ਸੱਚੀ-ਸੁੱਚੀ ਸ਼ਰਧਾਂਜਲੀ ਹੈ, ਉਹਨਾਂ ਕਿਹਾ ਕਿ ਗੰਦਲੇ ਹੋ ਰਹੇ ਵਾਤਾਵਰਨ ਕਾਰਨ, ਮਨੁੱਖਾਂ ਦੀ ਹੋਂਦ ਤੇ ਜੀਵ-ਜੰਤੂਆਂ ਦੀ ਹੋਂਦ ਖਤਰੇ ਵਿੱਚ ਪੈ ਰਹੀ ਹੈ, ਲੋੜ ਹੈ ਮਨੁੱਖ ਨੂੰ ਜਾਗਰੂਕ ਹੋਣ ਦੀ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਵਾਸਤੇ ਗੁਰਬਾਣੀ ਵਿੱਚ ਵੀ ਬੜਾ ਜ਼ੋਰ ਦਿੱਤਾ ਗਿਆ ਹੈ। ਇਸ ਉਪਰੰਤ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ 1927 ਈਸਵੀਂ ਤੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹਨਾਂ ਵੱਲੋਂ ਪ੍ਰਗਟਾਈ ਗਏ ਉਸ ਵੇਲੇ ਦੀ ਫ਼ਿਕਰ ਅੱਜ ਸੱਚ ਸਾਬਤ ਹੋ ਰਹੀ ਹੈ, ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਆਪਣੇ ਨਾਂ ਅਨੁਸਾਰ ਸਹੀ ਸ਼ਬਦਾਂ ਵਿੱਚ ਭਗਤ ਪੂਰਨ ਸਨ, ਉਹਨਾਂ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਅਨੁਸਾਰ ਜੀਵਿਆ। ਅੱਜ ਲੋੜ ਹੈ ਦੁਨੀਆਂ ਨੂੰ ਭਗਤ ਪੂਰਨ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਲੀਤ ਹੋ ਰਹੇ ਪਾਣੀ ਕਾਰਨ ਸਾਨੂੰ ਬੰਦ ਬੋਤਲਾਂ ਦਾ ਪਾਣੀ ਪੀਣਾ ਪੈ ਰਿਹਾ ਹੈ। ਇਸ ਮੌਕੇ ਵਾਤਾਵਰਨ ਤੇ ਕੰਮ ਕਰਨ ਵਾਲੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਨੁਮਾਇੰਦੇ ਵਜੋਂ ਪੁੱਜੇ ਸੂਬੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਮਨੁੱਖ ਆਪਣੇ ਐਸ਼ੋ-ਅਰਾਮ ਲਈ ਆਪ ਹੀ ਵਾਤਾਵਰਨ ਨੂੰ ਪਲੀਤ ਕਰਕੇ ਆਪਣੇ ਜੀਵਨ ਨੂੰ ਕਈ ਖਤਰਿਆਂ ਵਿੱਚ ਪਾ ਰਿਹਾ ਹੈ। ਜੇਕਰ ਮਨੁੱਖ ਪਵਣ, ਪਾਣੀ ਅਤੇ ਧਰਤੀ ਵਰਗੇ ਕੁਦਰਤੀ ਸੋਮਿਆਂ ਨੂੰ ਬਰਬਾਦ ਕਰੇਗਾ ਤਾਂ ਉਸਦਾ ਜੀਵਨ ਬੜਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਇੱਕ ਮਨੁੱਖ ਆਪਣੇ ਜੀਵਨ ਵਿੱਚ ਘੱਟੋ-ਘੱਟ 20 ਬੂਟੇ ਲਗਾਏ। ਇਸ ਮੌਕੇ ਡਾ: ਸਰਬਜੀਤ ਸਿੰਘ ਛੀਨਾ, ਉੱਘੇ ਖੇਤੀ ਆਰਥਿਕ ਮਾਮਲਿਆਂ ਤੇ ਕਲਮ ਨਵੀਸ਼ ਨੇ ਕਿਹਾ ਕਿ ਸਰਕਾਰਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਾਵੇਂ ਵਾਤਾਵਰਨ ਦਾ ਵਿਸ਼ਾ ਪੜ੍ਹਾ ਕੇ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ, ਪਰੰਤੂ ਅਫਸੋਸ ਕਿ ਵਾਤਾਵਰਨ ਤੇ ਪ੍ਰੈਕਟੀਕਲ ਉਹਨਾਂ ਕੰਮ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਸਰਕਾਰਾਂ ਤੇ ਲੋਕ ਵਾਤਾਵਰਨ ਦੀ ਹੋ ਰਹੀ ਖਰਾਬ ਹਾਲਤ ਦੀ ਚਿੰਤਾ ਕਰਨ। ਇਸ ਸੈਮੀਨਾਰ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਕਲਪਨਾ ਰੁੱਖਾਂ ਬਿਨਾਂ ਨਹੀਂ ਕੀਤੀ ਜਾ ਸਕਦੀ। ਇਸ ਲਈ ਸਾਨੂੰ ਸਭ ਨੂੰ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਬਾਜ਼ਾਰਾਂ ਵਿੱਚ ਮਿਲ ਰਹੇ ਜ਼ਹਿਰੀ ਫਲਾਂ, ਸਬਜ਼ੀਆਂ ਨੂੰ ਛੱਡ ਕੇ ਆਪਣੀਆਂ ਛੱਤਾਂ, ਘਰਾਂ ਤੇ ਫ਼ਲ- ਸਬਜ਼ੀਆਂ ਬੀਜਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਨਰੋਆ ਜੀਵਨ ਜਿਊਣ ਲਈ ਨਰੋਈ ਖ਼ੁਰਾਕ ਜ਼ਰੂਰੀ ਹੈ। ਰੁੱਖ ਮਨੁੱਖ ਦੇ ਸਭ ਤੋਂ ਵੱਡੇ ਮਿੱਤਰ ਹਨ। ਅਖੀਰ ਵਿੱਚ ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ ਐੱਮ.ਐੱਲ.ਏ ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਜੀ ਵਾਂਗ ਡਾ: ਇੰਦਰਜੀਤ ਕੌਰ, ਮੁੱਖ ਸੇਵਾਦਾਰ ਕੁਦਰਤੀ ਸੋਮਿਆਂ ਦੀ ਖਰਾਬੀ ਨੂੰ ਲੈ ਕੇ ਅਤੇ ਬਚਾਉਣ ਲਈ ਬਹੁਤ ਚਿੰਤਤ ਹਨ। ਇਸ ਕਾਰਨ ਸਮੇਂ-ਸਮੇਂ ਤੇ ਸਮਾਜ ਨੂੰ ਜਾਗਰੂਕ ਕਰਨ ਲਈ ਡਾ: ਇੰਦਰਜੀਤ ਕੌਰ ਕਈ ਰੈਲੀਆਂ, ਸੈਮੀਨਾਰ ਕਰਵਾਉਂਦੇ ਰਹਿੰਦੇ ਹਨ, ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਪ੍ਰੈਕਟੀਕਲ ਜੀਵਨ ਜੀ ਕੇ ਮਨੁੱਖਤਾ ਨੂੰ ਨਵੀਂ ਸੇਧ ਦਿੱਤੀ। ਆਧੁਨਿਕ ਸ਼ਹਿਰੀਕਰਨ ਦੀ ਭੇਂਟ ਵਾਤਾਵਰਨ ਚੜ੍ਹ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਪਾਣੀ, ਹਵਾ ਆਦਿ ਕੁਦਰਤ ਦੀਆਂ ਅਨਮੋਲ ਦਾਤਾਂ ਹਨ, ਜਿਸ ਦੀ ਸੰਭਾਲ ਅਤੀ ਜ਼ਰੂਰੀ ਹੈ, ਆਉਂਦੇ ਸਮੇਂ ਵਿੱਚ ਜ਼ਮੀਨੀ ਪਾਣੀ ਮਨੁੱਖ ਨੂੰ ਵਰਤੋਂ ਲਈ ਮਿਲਣਾ ਮੁਸ਼ਕਿਲ ਹੋ ਜਾਵੇਗਾ। ਦਿਨੋਂ-ਦਿਨ ਵੱਧ ਰਿਹਾ ਧਰਤੀ ਦਾ ਤਾਪਮਾਨ ਮਨੁੱਖਾਂ ਤੇ ਜੀਵ-ਜੰਤੂਆਂ, ਪੌਦਿਆਂ, ਫ਼ਸਲਾਂ ਆਦਿ ਦੀ ਹੋਂਦ ਖਤਰੇ ਵਿੱਚ ਪਾ ਰਿਹਾ ਹੈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਹੁੰਦੇ ਰਹਿਣਗੇ ਅਤੇ ਪਿੰਗਲਵਾੜਾ ਸੰਸਥਾ ਵੱਲੋਂ ਮਨੁੱਖਤਾ ਨੂੰ ਜਾਗਰੂਕ ਕਰਨ ਲਈ ਉਪਰਾਲੇ ਨਿਰੰਤਰ ਚੱਲਦੇ ਰਹਿਣਗੇ। ਇਸ ਮੌਕੇ ਬੱਚਿਆਂ ਵੱਲੋਂ ਕਵਿਤਾ ਫ਼ਲ, ਬੂਟੇ ਲਾਈਏ ਵੀ ਪੇਸ਼ ਕੀਤੀ ਗਈ। ਕਮਲਜੀਤ ਸਿੰਘ ਨੀਲੋਂ ਵੱਲੋਂ ਵੀ ਕਵਿਤਾਵਾਂ ਸੁਣਾ ਕੇ ਬੈਠੇ ਸਰੋਤਿਆਂ ਨੂੰ ਤਾੜ੍ਹੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ। ਇਸ ਸੈਮੀਨਾਰ ਦਾ ਮੰਚ ਸੰਚਾਲਨ ਸ੍ਰ. ਅਮਰਜੀਤ ਸਿੰਘ ਜੀ ਨੇ ਬਾਖੂਬੀ ਨਿਭਾਇਆ। ਇਸ ਸੈਮੀਨਾਰ ਵਿੱਚ ਆਏ ਵਿਦਵਾਨਾਂ, ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਚੱਲਦਾ ਰਿਹਾ। ਇਸ ਮੌਕੇ ਡਾ: ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਸ੍ਰ: ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ੍ਰ: ਰਾਜਬੀਰ ਸਿੰਘ ਜੀ ਮੈਂਬਰ ਪਿੰਗਲਵਾੜਾ, ਸ੍ਰ: ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਡਾ: ਨਿਰਮਲ ਸਿੰਘ ਮੈਂਬਰਪਿੰਗਲਵਾੜਾ ਸੋਸਾਇਟੀ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ: ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ: ਗੁਰਨਾਇਬ ਸਿੰਘ, ਸ੍ਰ: ਨਰਿੰਦਰ ਸਿੰਘ ਸੋਹਲ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਸ਼੍ਰੀ ਪਵਨ ਸ਼ਰਮਾ, ਸ੍ਰ: ਮਨਮੋਹਨ ਸਿੰਘ, ਸ੍ਰ: ਕੁਲਵੰਤ ਸਿੰਘ ਅੰਮ੍ਰਿਤਸਰ ਵਿਕਾਸ ਮੰਚ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ, ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਅੰਮ੍ਰਿਤਸਰ ਦੇ ਵਿਦਿਆਰਥੀ ਅਤੇ ਅਧਿਆਪਕ, ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਦੇ ਅਧਿਆਪਕ ਅਤੇ ਵਿਦਿਆਰਥੀ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰਕਲਾਂ ਦੇ ਅਧਿਆਪਕ ਅਤੇ ਸੀਨੀਅਰ ਵਿਦਿਆਰਥੀ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰ. ਦਲਜੀਤ ਕੌਰ, ਪ੍ਰਿੰ. ਲਖਵਿੰਦਰ ਕੌਰ, ਪ੍ਰਿੰ. ਅਨੀਤਾ ਬੱਤਰਾ, ਵਾਰਡਾਂ ਅਤੇ ਹੋਸਟਲ ਇੰਚਾਰਜ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



