ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਕੀਤਾ ਗਿਆ ਮੁਫ਼ਤ ਇਲਾਜ
ਮਾਨਸਾ (ਸਮਾਜ ਵੀਕਲੀ) ਚਾਨਣ ਦੀਪ ਸਿੰਘ ਔਲਖ: ਸਿਹਤ ਬਲਾਕ ਖਿਆਲਾ ਕਲਾਂ ਵੱਲੋ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਜਮਾਂਦਰੂ ਦਿਲ ਦੀ ਬਿਮਾਰੀ (ਦਿਲ ਵਿੱਚ ਸੁਰਾਖ)ਤੋਂ ਪੀੜਤ 4 ਬੱਚਿਆਂ ਦੀ ਸਫਲ ਸਰਜਰੀ ਬਿਲਕੁਲ ਮੁਫ਼ਤ ਕਰਵਾਈ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾਕਟਰ ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਖਿਆਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਬੱਚਿਆਂ ਦੀ ਚੰਗੀ ਸਿਹਤ ਲਈ ਵਚਨਬੱਧ ਹੁੰਦਿਆਂ ਜਮਾਂਦਰੂ ਪੀੜਤ ਬੱਚਿਆਂ ਦੀ ਭਾਲ ਕਰਕੇ ਬਿਲਕੁਲ ਮੁਫ਼ਤ ਇਲਾਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦਿਲ ਦੀ ਜਮਾਂਦਰੂ ਬੀਮਾਰੀ ਤੋਂ ਪੀੜਤ ਬੱਚਾ ਏਕਮਜੋਤ ਸਿੰਘ ਪਿੰਡ ਭੁਪਾਲ ਅਤੇ ਹੈਵਨਪ੍ਰੀਤ ਸਿੰਘ ਪਿੰਡ ਬੱਪੀਆਣਾ ਦਾ ਇਲਾਜ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਸਫਲ ਆਪ੍ਰੇਸ਼ਨ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮੇ ਬੱਚੇ, ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਰੈਫ਼ਰ ਕੀਤੇ ਗਏ ਬੱਚਿਆਂ ਦੀ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਸੂਚੀਬੱਧ ਪੀ.ਜੀ.ਆਈ. ਚੰਡੀਗੜ , ਡੀ.ਐਮ.ਸੀ./ਸੀ.ਐਮ.ਸੀ. ਲੁਧਿਆਣਾ, ਫੋਰਟਿਸ ਅਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਇਸ ਸਕੀਮ ਅਧੀਨ ਬੱਚਿਆਂ ਦੇ ਕੀਤੇ ਜਾਂਦੇ ਚੈਕਅੱਪ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਜਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦਾ ਇਲਾਜ ਕੀਤਾ ਜਾ ਸਕੇ । ਇਸ ਸਾਲ ਹੁਣ ਤੱਕ ਸਿਹਤ ਟੀਮ ਵੱਲੋਂ ਦਿਲ ਦੀ ਜਮਾਂਦਰੂ ਬੀਮਾਰੀ ਤੋਂ ਪੀੜਤ 21 ਬੱਚਿਆਂ ਦੀ ਪਹਿਚਾਣ ਕਰਕੇ ਦਿਲ ਦੀ ਸਰਜਰੀ ਮੁਫ਼ਤ ਕਰਵਾਉਣ ਦਾ ਉਪਰਾਲਾ ਜਾਰੀ ਹੈ। ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਇਲਾਜ ਕਰਵਾਉਣ ਵਾਲੀ ਬੱਚੀ ਸੰਦੀਪ ਕੌਰ ਦੇ ਪਿਤਾ ਬਿਟੂ ਸਿੰਘ ਪਿੰਡ ਮੂਸਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਦਿਲ ਦੀ ਸਰਜਰੀ ਫੋਰਟਿਸ ਹਸਪਤਾਲ ਵਿੱਚ ਦੋ-ਤਿੰਨ ਲੱਖ ਰੁਪਏ ਵਾਲੀ ਸਰਜਰੀ ਮੁਫ਼ਤ ਕਰਵਾਉਣ ਨਾਲ ਉਹਨਾਂ ਦੇ ਬੱਚੇ ਨੂੰ ਇਕ ਨਵੀ ਜਿੰਦਗੀ ਮਿਲੀ ਹੈ , ਜਿਸ ਲਈ ਉਹ ਸਿਹਤ ਵਿਭਾਗ ਦਾ ਧੰਨਵਾਦ ਕਰਦੇ ਹਨ ।
ਸਫਲ ਸਰਜਰੀ ਕਰਵਾਉਣ ਵਾਲੇ ਪਿੰਡ ਦਲੇਲ ਸਿੰਘ ਵਾਲਾ ਦੇ ਬੱਚੇ ਰਣਬੀਰ ਦੇ ਮਾਤਾ ਪਿਤਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਨੇੜੇ ਤੇੜੇ ਕੋਈ ਅਜਿਹਾ ਲੋੜਵੰਦ ਬੱਚਾ ਜਿਸਦੇ ਬੱਚੇ ਦੇ ਦਿਲ ਵਿੱਚ ਜਨਮ ਤੋਂ ਸੁਰਾਖ ਹੋਵੇ , ਉਸ ਦਾ ਇਲਾਜ ਬਿਲਕੁਲ ਮੁਫ਼ਤ ਕਰਵਾ ਸਕਦਾ ਹੈ। ਇਸ ਮੌਕੇ ਮਾਪਿਆਂ ਵੱਲੋਂ ਸਿਹਤ ਟੀਮ ਦੇ ਡਾਕਟਰ ਅਮਨਿੰਦਰ ਸ਼ਾਰਦਾ, ਜੁਗਰਾਜ ਸਿੰਘ ਅਤੇ ਕੁਲਵਿੰਦਰ ਕੌਰ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly