18 ਮਈ ਨੂੰ ਡੀ.ਸੀ. ਦਫ਼ਤਰ ਅਤੇ ਸਿਵਲ ਸਰਜਨ ਦੇ ਦਫ਼ਤਰ ਅੱਗੇ ਦੁੱਧ ਰੋੜ੍ਹ ਕੇ ਜਤਾਇਆ ਜਾਵੇਗਾ ਰੋਸ : ਕਰਮਜੀਤ ਨੰਗਲੀ
ਅੰਮ੍ਰਿਤਸਰ, (ਸਮਾਜ ਵੀਕਲੀ) ( ਲਖਵਿੰਦਰ ਸਿੰਘ ਗਿੱਲ )-ਜ਼ਿਲ੍ਹੇ ਵਿੱਚ ਚੱਲ ਰਹੇ ਨਕਲੀ ਦੁੱਧ, ਪਨੀਰ ਅਤੇ ਖੋਏ ਦੇ ਕਾਲੇ ਕਾਰੋਬਾਰ ਨੇ ਇਨਸਾਨੀ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਅੱਖਾਂ ਮੀਟ ਕੇ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਇਸ ਗੁੰਡਾਗਰਦੀ ਅਤੇ ਪ੍ਰਸ਼ਾਸਨਿਕ ਢਿੱਲਮੱਠ ਵਿਰੁੱਧ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪਸ਼ੂ ਪਾਲਕਾਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਸਨ ਦੀ ਸ਼ੱਕੀ ਚੁੱਪ ‘ਤੇ ਸਵਾਲ ਚੁਕਦਿਆਂ ਹੋਏ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਪ੍ਰਸ਼ਾਸਨ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਨਾਮੀ ਡੇਅਰੀਆਂ ਅਤੇ ਫੈਕਟਰੀਆਂ ਸ਼ਰੇਆਮ ਜ਼ਹਿਰ ਪਰੋਸ ਰਹੀਆਂ ਹਨ। ਉਨ੍ਹਾਂ ਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਮਤੀਰਥ ਰੋਡ ਸਥਿਤ ਗਿੱਲ ਡੇਅਰੀ, ਲੋਹਗੜ੍ਹ ਦੀ ਮਿੱਠੂ ਡੇਅਰੀ, ਹਕੀਮਾਂ ਵਾਲਾ ਗੇਟ ਦੀ ਚੰਨ ਡੇਅਰੀ ਅਤੇ ਮੀਰਾਂ ਕੋਟ ਚੌਂਕ ਸਮੇਤ ਪਿੰਡ ਮੂਧਲ ਦੀਆਂ ਫੈਕਟਰੀਆਂ ਆਦਿ ਵਿੱਚ ਕਥਿਤ ਤੌਰ ਉੱਤੇ ਨਕਲੀ ਦੁੱਧ ਤੇ ਪਨੀਰ ਦਾ ਉਤਪਾਦਨ ਧੜੱਲੇ ਨਾਲ ਜਾਰੀ ਹੈ। ਨੰਗਲੀ ਨੇ ਸਵਾਲ ਚੁੱਕਿਆ ਕਿ ਕੀ ਸਿਵਲ ਸਰਜਨ ਅੰਮ੍ਰਿਤਸਰ ਦੀ ਮਿਲੀਭੁਗਤ ਤੋਂ ਬਿਨਾਂ ਇਹ ਖੇਡ ਸੰਭਵ ਹੈ? ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਭੂਮਿਕਾ ਬੇਹੱਦ ਸ਼ੱਕੀ ਹੈ, ਜੋ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਮੌਤ ਦੇ ਸੌਦਾਗਰਾਂ ਨੂੰ ਕਥਿਤ ਤੌਰ ਉੱਤੇ ਪਨਾਹ ਦੇ ਰਿਹਾ ਹੈ। ਜਦੋਂ ਅਸਲੀ ਦੁੱਧ ਪੈਦਾ ਕਰਨ ਵਾਲਾ ਕਿਸਾਨ ਰੁਲ ਰਿਹਾ ਹੈ, ਤਾਂ ਇਹ ਨਕਲੀ ਫੈਕਟਰੀਆਂ ਪ੍ਰਸ਼ਾਸਨ ਦੀ ਨੱਕ ਹੇਠ ਕਿਵੇਂ ਵਧ-ਫੁੱਲ ਰਹੀਆਂ ਹਨ? ਇਹ ਸਿਵਲ ਸਰਜਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ। ਪ੍ਰਸ਼ਾਸਨਿਕ ਅਣਗਹਿਲੀ ਦੇ ਵਿਰੋਧ ਵਿੱਚ ਸਮੂਹ ਪਸ਼ੂ ਪਾਲਕ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਲੋਕ 18 ਮਈ, ਦਿਨ ਸੋਮਵਾਰ ਨੂੰ ਵੱਡਾ ਰੋਸ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਕਿਸਾਨ ਆਪਣੇ ਪਸ਼ੂਆਂ ਦਾ ਸ਼ੁੱਧ ਦੁੱਧ ਲੈ ਕੇ ਡੀ.ਸੀ. ਦਫ਼ਤਰ ਪਹੁੰਚਣਗੇ ਅਤੇ ਪ੍ਰਸ਼ਾਸਨਿਕ ਬੋਲ਼ੇਪਣ ਖ਼ਿਲਾਫ਼ ਦੁੱਧ ਰੋੜ੍ਹ ਕੇ ਰੋਸ ਜ਼ਾਹਰ ਕਰਨਗੇ ਅਤੇ ਉਪਰੰਤ ਪ੍ਰਦਰਸ਼ਨਕਾਰੀ ਸਾਰੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਿਵਲ ਸਰਜਨ ਦੇ ਦਫ਼ਤਰ ਅੱਗੇ ਵੀ ਦੁੱਧ ਰੋੜ੍ਹ ਕੇ ਇਹ ਸਾਬਤ ਕਰਨਗੇ ਕਿ ਜੇਕਰ ਵਿਭਾਗ ਨਕਲੀ ਦੁੱਧ ਨਹੀਂ ਰੋਕ ਸਕਦਾ, ਤਾਂ ਅਸਲੀ ਦੁੱਧ ਦੀ ਕਦਰ ਵੀ ਉਨ੍ਹਾਂ ਦੇ ਬੂਹੇ ‘ਤੇ ਨਹੀਂ ਹੋਵੇਗੀ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਨ੍ਹਾਂ ਨਕਲੀ ਫੈਕਟਰੀਆਂ ਨੂੰ ਤੁਰੰਤ ਸੀਲ ਨਾ ਕੀਤਾ ਗਿਆ ਅਤੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ, ਤਾਂ ਇਹ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਚੰਡ ਰੂਪ ਧਾਰਨ ਕਰੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਚਿਤਾਵਨੀ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਆਪਣੀ ਗੂੜ੍ਹੀ ਨੀਂਦ ਤੋਂ ਜਾਗਦਾ ਹੈ ਜਾਂ ਫਿਰ ਲੋਕਾਂ ਦੀ ਸਿਹਤ ਨਾਲ ਹੁੰਦੇ ਇਸ ਖਿਲਵਾੜ ਨੂੰ ਅਣਗੌਲਿਆ ਕਰਨਾ ਜਾਰੀ ਰੱਖਦਾ ਹੈ। ਇਸ ਸਬੰਧੀ ਅਸਿਸਟੈਂਟ ਫੂਡ ਕਮਿਸ਼ਨਰ ਅੰਮ੍ਰਿਤਸਰ ਦਾ ਪੱਖ ਜਾਣਨ ਲਈ ਫੋਨ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



