ਉਹ ਇਕ ਪਲ ਜੋ ਮੇਰਾ ਸੀ

(ਸਮਾਜ ਵੀਕਲੀ)

ਤੂੰ ਇਕ ਦਿਨ
ਆਖਿਆ ਸੀ ਮੈਨੂੰ :
“ਧੁੱਪ ਤਿੱਖੀ ਏ
ਆਪਣੇ ਨਾਲ ਈ ਰੱਖੀਂ
ਆਪਣਾ ਪਰਛਾਵਾਂ।”

ਜਿੰਨੇ ਤੀਰ
ਸਮੇ ਦੇ ਭੱਥੇ ਅੰਦਰ ਹੈਸਣ
ਵਰੵ ਪਏ ਸਾਰੇ ।
ਪੀਲੀ ਹਵਾ ਦੇ
ਚੱਲੇ ਇਉਂ ਪਥਰੀਲੇ ਬੁੱਲੇ
ਘਾਇਲ ਹੋ ਗਿਆ
ਤਨ ਦਾ ਪੰਛੀ ।

ਧੁੱਪ ਦਾ ਜੰਗਲ,
ਪਿਆਸ ਦਾ ਦਰਿਆ
ਐਸੇ ਪੈਂਡੇ ਅੰਦਰ ਬੰਦਾ
ਅੱਥਰੂ ਦੀ
ਇਕ ਬੂੰਦ ਨੂੰ ਤਰਸੇ ।

ਤੂੰ ਇਹ ਵੀ ਸੀ ਆਖਿਆ ਮੈਨੂੰ
ਸਮੇ ਦੀ ਵਹਿੰਦੀ ਨੈਂਅ ਵਿਚ
ਵਗਦੇ ਪਲ ਦੀ
ਪਛਾਣ ਬਣਾਈ ਰੱਖੀਂ ।

ਮੇਰੇ ਦਿਲ ਵਿਚ
ਝਾਤੀ ਮਾਰੀਂ :
ਸੱਤ ਰੰਗਾਂ ਦਾ
ਫੁੱਲ ਖਿੜਿਆ ਏ ।
ਉਹ ਇਕ ਪਲ
ਜੋ ਮੇਰਾ ਹੈਸੀ
ਉਹ ਇਕ ਪਲ
ਅੱਜ ਵੀ ਮੇਰਾ ਹੈ ।
ਸਮੇ ਦੇ ਤੀਰਾਂ ਸੰਗ
ਪਰੁੱਚਿਆ ਤਨ ਹੈ ਭਾਵੇਂ
ਫਿਰ ਵੀ ਹਿੱਕ ਨਾਲ
ਲਾ ਕੇ ਰੱਖਿਆ
ਵੇਖ –
ਉਸ ਪਲ ਦੇ ਨਾਲ
ਅਸਾਡਾ
ਕਿੰਨਾ ਗਹਿਰਾ ਰਿਸ਼ਤਾ ਹੈ ।
—-

— ਮੂਲ ਉਰਦੂ ਰਚਨਾ : ਅਦਾ ਜਾਫ਼ਰੀ

ਪੰਜਾਬੀ ਅਨੁਵਾਦ : ਜਸਪਾਲ ਘਈ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋੜੀ
Next articleਜ਼ਖ਼ਮਾਂ ਲਈ‌ ਦਵਾ ਵੀ ਰੱਖ