ਐਸ ਐਲ ਵਿਰਦੀ ਐਡਵੋਕੇਟ

(ਸਮਾਜ ਵੀਕਲੀ) ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਦੀ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਤੇ ਸਭਿਆਚਾਰਕ ਵਿਵਸਥਾ ਪਰ ਜਦ ਨਜ਼ਰ ਮਾਰਦੇ ਹਾਂ ਤਾਂ ਇਕ ਗੱਲ ਸਪੱਸ਼ਟ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਵਰਣ ਵਿਵਸਥਾ ਅਧਾਰਤ ਸਮਾਜ ਸੀ, ਸਾਮੰਤਾਂ ਪਾਸ ਜ਼ਮੀਨ ਤੇ ਸਰਮਾਇਆ ਸੀ। ਰਾਜਨੀਤਕ ਨਜ਼ਰੀਏ ਤੋਂ ਸਮੁੱਚਾ ਦੇਸ਼ 563 ਛੋਟੀਆਂ-ਛੋਟੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ, ਰਿਆਸਤਾਂ ਦੇ ਆਪਣੇ ਆਪਣੇ ਰੀਤੀ-ਰਿਵਾਜ, ਵਿਸ਼ਵਾਸ਼ ਤੇ ਕਾਨੂੰਨ ਸਨ। ਹਰ ਰਿਆਸਤ ਦਾ ਰਾਜਾ ਖੁਦ ਹੀ ਕਾਨੂੰਨ ਹੁੰਦਾ ਸੀ। ਉਹ ਇਸ ਤਰ੍ਹਾਂ ਰਾਜ ਚਲਾਉਦਾ ਸੀ ਜਿਵੇਂ ਉਹ ਸਭ ਕਾਨੂੰਨਾ ਤੋਂ ਉਪਰ ਹੋਵੇ ਜਾਂ ਦੈਵੀ ਪ੍ਰਾਣੀ, ਜਿਸ ਨੂੰ ਰਾਜ ਕਰਨ ਲਈ ਹੀ ਭੇਜਿਆ ਗਿਆ ਹੋਵੇ। ਕਾਨੂੰਨ ਦੀ ਵਿਆਖਿਆ ਉਸ ਦੀ ਇੱਛਾ ਤੇ ਭਾਵਨਾ ਅਨੁਸਾਰ ਹੀ ਕੀਤੀ ਜਾਂਦੀ ਸੀ।
ਮਜ਼ਦੂਰ-ਮੁੁਜ਼ਾਰੇ, ਅਛੂਤ-ਦਲਿਤ ਖੂੰਨ ਪਸੀਨਾ ਵਹਾ ਕੇ ਅੰਨ ਪੈਦਾ ਕਰਦੇ, ਸਭ ਨੂੰ ਰੋਟੀ ਦਿੰਦੇ, ਪਰ ਆਪ ਢਿੱਡੋਂ ਭੁੱਖੇ ਰਹਿੰਦੇ ਸਨ। ਉਹ ਸਮਾਜ ਦੀਆਂ ਸਭ ਜਰੂਰਤਾਂ ਪੂਰੀਆਂ ਕਰਦੇ, ਪਰ ਆਪ ਤੰਗੀਆਂ ਤੁੁਰਸੀਆਂ ਵਿੱਚ ਵਿਲਕਦੇ ਰਹਿੰਦੇ। ਇਕ ਪਾਸੇ ਸਰਕਾਰੀ ਟੈਕਸ ਭਰਦੇ, ਦੂਜੇ ਪਾਸੇ ਸਮੰਤ ਜ਼ਿਮੀਦਾਰਾਂ ਦੇ ਨਜ਼ਰਾਨੇ/ਵਗਾਰਾਂ ਉਨ੍ਹਾਂ ਦੀ ਜਾਨ ਦਾ ਖੌਅ ਬਣੇ ਰਹਿੰਦੇ ਤੇ ਰਹਿੰਦਾ ਖੂੰਹਦਾ ਖੂੰਨ ਪ੍ਰੋਹਿਤ ਚੂਸ ਲੈਦੇ। ਮੇਹਨਤਕਸ਼ ਲੋਕ ਅੱਤ ਦੀ ਗਰੀਬੀ ਵਿਚ ਦਿਨ ਕਟੀ ਕਰਦੇ ਸਨ।
ਮਿੱਲਾਂ ਵਿਚ ਮਜ਼ਦੂਰ ਕਰੋੜਾਂ ਮੀਟਰ ਰੇਸ਼ਮੀ, ਊਨੀ, ਟੈਰੀਕਾਟ ਕੱਪੜਾ ਬੁੁਣਦੇ ਪਰ ਉਸ ਦੇ ਆਪਣੇ ਤਨ ਉਤੇ ਲੀਰਾਂ ਲਟਕਦੀਆਂ ਸਨ। ਉਹ ਬੰਗਲੇ, ਕੋਠੀਆਂ, ਬਣਾਉਦੇ ਪਰ ਆਪ ਘਾਹ ਫੂਸ ਦੀਆਂ ਕੁੁੱਲੀਆਂ ਵਿਚ ਦਿਨ ਕਟੀ ਕਰਦੇ, ਉਹ ਸੈਂਡਲ, ਬੂਟ ਬਣਾੳਂੁਦੇ ਪਰ ਆਪ ਜੇਠ ਹਾੜ੍ਹ ਦੀਆਂ ਧੁੱਪਾਂ ਤੇ ਪੋਹ ਮਾਘ ਦੀਆਂ ਠੰਡਾਂ ਵਿਚ ਨੰਗੇ ਪੈਰੀਂ ਚੱਲਦੇ। ਉਹ ਕਾਰਾਂ, ਮੋਟਰ, ਗੱਡੀਆਂ, ਜ਼ਹਾਜ਼ ਬਣਾੳਂੁਦੇ, ਪਰ ਆਪ ਉਹਨਾਂ ਨੂੰ ਪੈਦਲ ਚੱਲਣਾ ਪੈਂਦਾ ਸੀ। ਉਹ ਅਨੇਕਾਂ ਦਵਾਈਆਂ ਬਣਾਉਂਦੇ ਪਰ ਆਪ ਦਵਾਈ ਖੁਣੋਂ ਮਰ ਜਾਂਦੇ। ਮਾਡਲ ਟਾਊਨ, ਡੀਫੈਂਸ ਕਲੋਨੀਆਂ ਬਣਾਉਂਦੇ ਪਰ ਆਪ ਸਲੱਮ ਬਸਤੀਆਂ ਵਿਚ ਰਹਿੰਦੇ, ਉਹ ਖੂਹ, ਡਿੱਗੀਆਂ, ਮੰਦਰ, ਗੁਰਦੁਆਰੇ, ਮਸੀਤਾਂ ਬਣਾਉਦੇ, ਪਰ ਬਣਨ ਉਪਰੰਤ ਉਹ ਆਪ ਉਨ੍ਹਾਂ ’ਚ ਪੈਰ ਨਾ ਪਾ ਸਕਦੇ।
ਔਰਤ ਦੇ ਜਨਮ ਲੈਣ ਤੇ ਸਭ ਦੇ ਚਿਹਰੇ ਮੁਰਝਾ ਜਾਂਦੇ। ਉਹ ਪਰਾਇਆ ਧੰਨ ਸਮਝ ਕੇ ਪਾਲੀ ਜਾਂਦੀ। ਉਹ ਸਮਾਜ ਦੀ ਚਾਰਦੀਵਾਰੀ ਵਿਚ ਕੈਦ ਰਹਿੰਦੀ ਸੀ। ਉਹ ਸਤਾ, ਸੰਪਤੀ ਤੇ ਸਿਖਿਆ ਤੋਂ ਵੰਚਿਤ ਸੀ। ਸਮਾਜ ਵਿਚ ਉਸ ਦਾ ਸਥਾਨ ਬੇ-ਅਕਲੀ ਤੇ ਬੇ-ਵਫ਼ਾ ਸੀ। ਉਹ ਜਨਮ ਤੋਂ ਮਰਨ ਤੱਕ ਸ਼ੱਕ ਦੇ ਘੇਰੇ ’ਚ ਰਹਿੰਦੀ। ਉਸ ਨੂੰ ਅਣ ਦੇਖੇ, ਅਣਚਾਹੇ ਪਤੀ ਨਾਲ ਬੰਨ੍ਹ ਦਿੱਤਾ ਜਾਂਦਾ। ਉਹ ਆਪਣੇ ਪਤੀ ਦੇ ਮਰਨ ਉਪਰੰਤ ਵੀ ਦੁਆਰਾ ਸ਼ਾਦੀ ਨਹੀਂ ਕਰ ਸਕਦੀ ਸੀ ਬਲਕਿ ਉੁਸ ਨੂੰ ਜਿਉਂਦੇ ਜੀਅ ਪਤੀ ਦੀ ਚਿਖਾ ’ਚ ਸਾਥ ਸੜਣਾ ਪੈਦਾ ਸੀ। ਔਰਤ ਦੇ ਪੜ੍ਹਨ ਨੂੰ ਪਤੀ ਦੇ ਪਤਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਸਮਾਜ ਵਿਚ ਸਹੁਰੇ ਘਰ ਇਹ ਵਹਿਮ ਸੀ ਕਿ ਜੇ ਉਹਨਾਂ ਦੇ ਘਰ ਪੜ੍ਹੀ ਲਿਖੀ ਨੂੰਹ ਆ ਘਈ ਤਾਂ ਉਹਨਾਂ ਦਾ ਪੁੱਤਰ ਜਲਦੀ ਮਰ ਜਾਵੇਗਾ। ਪੇਕੇ ਘਰ ਇਹ ਵਹਿਮ ਸੀ ਕਿ ਜੇ ਉਹਨਾਂ ਦੀ ਲੜਕੀ ਪੜ੍ਹ-ਲਿਖ ਗਈ ਤਾਂ ਉਹ ਜਲਦੀ ਵਿਧਵਾ ਹੋ ਜਾਵੇਗਾ। ਇਸ ਕਰਕੇ ਔਰਤ ਦਾ ਪੜ੍ਹਨਾਂ ਵਰਜਿਤ ਸੀ। ਉਸ ਨੂੰ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਪੈਦਾ ਸੀ।
ਉਪਰੋਕਤ ਵਰਣ ਅਧਾਰਤ ਵਿਵਸਥਾ ਵਿਚ ਕਾਨੂੰਨੀ, ਪ੍ਰਸ਼ਾਸ਼ਨਿਕ ਅਤੇ ਆਰਥਿਕ ਦੋਸ਼ਾਂ ਤੋਂ ਇਲਾਵਾਂ ਛੂਆ-ਛਾਤ ਤੇ ਜਾਤ-ਪਾਤ ਦੇ ਬੰਧਨਾਂ ਨੇ ਲੋਕਾਂ ਦੇ ਸਮਾਜਿਕ ਜੀਵਨ ਨੂੰ ਜ਼ੰਜ਼ੀਰਾਂ ਵਿਚ ਜਕੜ ਕੇ ਬੇ-ਅਰਥ ਬਣਾਇਆ ਹੋਇਆ ਸੀ। ਸਮਾਜ ਹਜ਼ਾਰਾਂ ਜਾਤਾਂ-ਪਾਤਾਂ ਵਿਚ ਵੰਡਿਆ ਹੋਇਆ ਸੀ। ਮਨੁੱਖ ਦੀ ਜਾਤ ਉਸ ਦੇ ਜਨਮ ਤੋਂ ਪਹਿਲਾਂ ਹੀ ਨਿਰਧਾਰਤ ਹੁੰਦੀ ਸੀ।
ਸਮਾਜ ਵਿਚ ਉਸ ਦੀ ਸਥਿਤੀ ਉਸ ਦੇ ਗੁਣਾਂ, ਔਗੁਣਾਂ ਅਨੁੁਸਾਰ ਨਹੀਂ ਬਲਕਿ ਜਾਤ ਅਨੁੁਸਾਰ ਸੀ। ਅਖੌਤਾ ਉੱਚੀ ਜਾਤ ਵਿਚ ਜਨਮ ਲੈਣ ਵਾਲਾ ਬੇਸ਼ਕ ਲੁਟੇਰਾ, ਬੇਈਮਾਨ, ਅਸੱਭਿਆ, ਚਰਿੱਤਰ ਹੀਣ, ਵਿਭਚਾਰੀ ਹੀ ਕਿਉਂ ਨਾ ਹੋਵੇ ਉਸ ਦਾ ਸਮਾਜ ਵਿਚ ਸਥਾਨ ਸਨਮਾਨ ਜਨਕ ਸੀ। ਨੀਵੀਂ ਜਾਤ ਵਿਚ ਪੈਦਾ ਹੋਣ ਵਾਲਾ ਬੇਸ਼ਕ ਕਿੰਨਾ ਹੀ ਗੁਣਵਾਨ, ਗਿਆਨੀ, ਸਿਆਣਾ, ਬੁੱਧੀਵਾਨ, ਚਰਿੱਤਰਵਾਨ ਤੇ ਸ਼ਕਤੀਮਾਨ ਕਿਉਂ ਨਾ ਹੋਵੇ ਉਸ ਦਾ ਸਥਾਨ ਸਮਾਜ ਵਿਚ ਅਪਮਾਨ ਜਨਕ ਸੀ।
ਮਜੂਦਾ ਸੰਵਿਧਾਨ ਤੋਂ ਪਹਿਲਾਂ ਦਲਿਤ ਲੋਕਾਂ ਦੀ ਦਾਸਤਾਨ
ਸਮਾਜ ਵਿਚ ਇਕ ਗੈਰ-ਅਮਾਨਵੀ, ਅਸਮਾਨਤਾ ਪਰ ਅਧਾਰਤ ਦੁੱਖਮਈ ਵਰਣ ਵਿਵਸਥਾ ਦਾ ਬੋਲ ਬਾਲਾ ਸੀ। ਜਿਸ ਵਿਚ ਮੁੱਠੀ ਭਰ ਉਚ ਜਾਤੀ ਦੇ ਲੋਕਾਂ ਦੀ ਸੱਤਾ, ਸੰਪਤੀ ਅਤੇ ਸਮਾਜ ਤੇ ਸਰਦਾਰੀ ਸੀ। ਸਮੁੱਚੇ ਐਸ਼ ਅਰਾਮ ਤੇ ਸੁੱਖ ਉਨ੍ਹਾਂ ਲਈ ਰਿਜ਼ਰਬ ਅਤੇ ਸੁਰੱਖਿਅਤ ਸਨ। ਬੱਸ!ਜਨਮ ਲੈਣਾ, ਬਿਨਾਂ ਡੰਕਾ ਦੋਹਰਾ ਕੀਤਿਆ, ਰੱਜਕੇ ਖਾਣਾ, ਮਖਮਲ ਦੇ ਗਦੇਲਿਆ ਉਤੇ ਸੌਣਾਂ, ਕੁੁਵੇਲੇ ਉਠਣਾ, ਘਰੇ ਟੱਟੀ ਪਿਸ਼ਾਬ ਕਰਨਾ, ਭੰਗੀਆਂ ਤੋਂ ਮੁਫ਼ਤ ਚੁੱਕਵਾਉਣਾ ਮਜੂਦਾ ਸੰਵਿਧਾਨ ਤੋਂ ਪਹਿਲਾਂ ਉਸ ਸਮੇਂ ਦਾ ਦਸਤੂਰ ਸੀ, ਚੁੱਕਣ ਤੋਂ ਇਨਕਾਰ ਕਰਨਾ ਸਜਾ ਜਾਫ਼ਤਾ ਸੀ।
ਇਸ ਚਾਰ ਪੋੜੀ-ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ ਰੂਪੀ ਸਮਾਜ ਵਿਵਸਥਾ ’ਚੋ ਥੱਲਿਓ ਉਪਰ ਨੂੰ ਜਾਈਏ ਤਾਂ ਅਧਿਕਾਰ ਵੱਧਦੇ ਹੀ ਵੱਧਦੇ ਜਾਂਦੇ ਹਨ ਅਤੇ ਉਪਰੋਂ ਥੱਲੇ ਨੂੰ ਆਈਏ ਤਾਂ ਅਧਿਕਾਰ ਘੱਟਦੇ ਘੱਟਦੇ ਕਰਤੱਵ ਬਣ ਜਾਂਦੇ ਹਨ। ਇਸੇ ਤਰ੍ਹਾਂ ਉਪਰੋਂ ਥੱਲੇ ਨੂੰ ਆਈਏ ਤਾਂ ਅਧਿਕਾਰ ਘੱਟਦੇ ਹੀ ਘੱਟਦੇ ਜਾਂਦੇ ਹਨ ਅਤੇ ਕਰਤੱਵ ਵੱਧਦੇ ਹੀ ਵੱਧਦੇ ਜਾਂਦੇ ਹਨ। ਬੁਹਸੰਖਿਅਕ ਲੋਕ ਸੱਤਾ, ਸੰਪਤੀ, ਸੁੱਖ, ਸੁਵਿਧਾ ਤੋਂ ਵਾਂਝੇ, ਗੁਲਾਮ, ਜਾਨਵਰਾਂ ਤੋਂ ਵੀ ਬਦਤਰ ਜੀਵਨ ਢੋਂਹਦੇ ਸਨ। ਉਹ ਨੀਚ, ਅਛੂਤ, ਮਜ਼ਦੂਰ, ਮੁਜ਼ਾਰੇ, ਗੁਲਾਮ ਜਨਮਦੇ ਹਨ, ਨੀਚ, ਅਛੂੂਤ, ਮਜ਼ਦੂਰ, ਮੁਜ਼ਾਰੇ ਗੁਲਾਮ ਰਹਿ ਕੇ ਵੱਡੇ ਹੁੰਦੇ ਅਤੇ ਨੀਚ, ਅਛੂੂਤ, ਮਜ਼ਦੂਰ, ਮੁਜ਼ਾਰੇ ਗੁਲਾਮ ਹੀ ਮਰ ਜਾਂਦੇ ਹਨ।
ਸ਼੍ਰੀ ਅੱਬੇ ਜੇ.ਏ. ਡੂਬਿਅਸ ਜੋ 31 ਸਾਲ ਭਾਰਤ ਰਿਹਾ ਉਸਨੇ ਜੋ ਦੇਖਿਆ, ਪੜਿ੍ਹਆ, ਸੁਣਿਆ ਅਤੇ ਅਨੁੁਭਵ ਕੀਤਾ, ਉਸ ਦੇ ਅਧਾਰ ਤੇ ਅਛੂੂਤਾਂ ਦੀ ਗੁਲਾਮੀ ਬਾਰੇ ਉਸ ਨੇ ਇਉਂ ਲਿਖਿਆ ਹੈ, ‘‘ਅਛੂੂਤ ਗੁਲਾਮਾਂ ਦੀ ਸੰਤਾਨ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਜਨਮ ਤੋਂ ਹੀ ਗੁਲਾਮ ਹੈ। ਉਨ੍ਹਾਂ ਦਾ ਮਾਲਕ, ਮਾਤਾ ਪਿਤਾ ਅਤੇ ਉਨ੍ਹਾਂ ਦੀ ਔਲਾਦ ਨੂੰ ਜਦ ਚਾਹੇ ਖ੍ਰੀਦਣ ਤੇ ਵੇਚਣ ਦਾ ਅਧਿਕਾਰ ਰੱਖਦਾ ਹੈ। ਜੇਕਰ ਕੋਈ ਅਛੂਤ ਭੱਜ ਜਾਵੇ ਅਤੇ ਹੋਰ ਥਾਂ ਕੰਮ ਕਰਨ ਲੱਗ ਜਾਵੇ ਤਾਂ ਉਸ ਦਾ ਪਹਿਲਾਂ ਮਾਲਕ ਉਸ ਨੂੰ ਦੂਜੀ ਥਾਂ ਤੋਂ ਆਪਣੀ ਨਿੱਜੀ ਮਲਕੀਅਤ ਦੀ ਤਰ੍ਹਾਂ ਹਾਸਲ ਕਰ ਸਕਦਾ ਹੈ । ਜੇਕਰ ਮਾਲਕ ਕੋਲ ਆਪਣੀ ਖੇਤੀ ਦੀਆਂ ਲੋੜਾਂ ਤੋਂ ਵੱਧ(ਅਛੂੂਤ) ਮਜਦੂਰ ਹੋਣ ਤਾਂ ਉਹ ਕਿਸੇ ਹੋਰ ਜ਼ਿਮੀਦਾਰ ਕੋਲ ਉਨ੍ਹਾਂ ਨੂੰ ਵੇਚ ਸਕਦਾ ਹੈ।’’
‘‘ਅਜਿਹੀਆਂ ਵਾਰਦਾਤਾਂ ਦੀ ਵੀ ਘਾਟ ਨਹੀਂ ਕਿ ਜੇਕਰ ਕਿਸੇ ਮਾਲਕ ਕੋਲ ਆਪਣਾ ਕਰਜ ਚੁਕਾਉਣ ਵਾਸਤੇ ਕਾਫੀ ਰਕਮ ਨਹੀਂ ਸੀ ਹੁੰਦੀ ਤਾਂ ਉਹ ਆਪਣਾ ਕਰਜ ਚੁਕਾਉਣ ਵਾਸਤੇ ਆਪਣੇ(ਅਛੂੂਤ) ਮਜ਼ਦੂਰਾਂ ਨੂੰ ਸ਼ਾਹੂਕਾਰ ਨੂੰ ਦੇ ਕੇ ਸ਼ੰਤੁੁਸ਼ਟ ਕਰ ਸਕਦਾ ਹੈ। ਇਨ੍ਹਾਂ ਦਾ ਮੁੱਲ ਵੀ ਕੋਈ ਜਿਆਦਾ ਨਹੀ ਸੀ ਹੁੰਦਾ। ਇਕ(ਅਛੂੂਤ) ਮਰਦ ਮਜ਼ਦੂਰ ਦਾ ਮੁੱਲ ਜੋ ਕੰਮ ਕਰਨ ਯੋਗ ਹੁੰਦਾ ਸੀ, ਤੀਹ ਰੁਪਏ ਅਤੇ ਇਕ ਸੌ ਸੇਰ ਚਾਵਲ ਹੁੰਦਾ ਹੈ। ਇਹ ਮੁੱਲ ਇਕ ਬਲਦ ਦੇ ਬਰਾਬਰ ਹੁੰਦਾ ਹੈ।’’
ਦੇਸ਼ ਵਿੱਚ ਜਨਮ ਲੈਣ ਵਾਲੇ ਸਾਰੇ ਅਛੂੂਤ ਪਿਤਾ ਤੋਂ ਪੁੱਤਰ ਤੱਕ ਖੇਤੀਹਰ ਮਜ਼ਦੂਰ ਹਨ। ਉਹ ਉਸ ਭੌਂ ਦੇ ਮਾਲਕ ਨਹੀ ਹਨ, ਜਿਸ ਤੇ ਉਨ੍ਹਾਂ ਦਾ ਜਨਮ ਹੋਇਆ, ਜਿਮੀਦਾਰ ਜਦ ਚਾਹੇ ਤੇ ਜਿਵੇਂ ਚਾਹੇ ਉਨ੍ਹਾਂ ਨੂੰ ਵੇਚ ਸਕਦਾ ਹੈ।’’ 1
ਪਿੰਡ ਦੇ ਚੜ੍ਹਦੇ ਪਾਸੇ ਉੱਚ ਜਾਤੀ ਜ਼ਿਮੀਦਾਰਾਂ ਦੇ ਘਰ ਤੇ ਹਵੇਲੀਆਂ ਹਨ, ਪਿੰਡ ਦੇ ਗੱਭੇ ਸਵਰਨ ਹਿੰਦੂ ਅਤੇ ਪਿੰਡ ਦੇ ਲਹਿੰਦੇ ਪੱਛਮ ਦੱਖਣ ਪਾਸੇ ਗੰਦੇ ਨਾਲਿਆਂ, ਸ਼ਮਸ਼ਾਨਘਾਟਾਂ, ਛੱਪੜਾਂ ਦੇ ਆਲੇ ਦੁਆਲੇ ਵਾਲਮੀਕ, ਆਦਿਧਰਮੀ, ਬਾਜੀਗਰ, ਨਾਈ, ਛੀਂਬੇ, ਮਹਾਸ਼ਾ, ਮੱਝ੍ਹਬੀ ਦਲਿਤਾਂ ਦੇ ਕੱਚੇ ਕੋਠੇ ਅਤੇ ਢਾਰੇ ਹਨ। ਦਲਿਤਾਂ ਦੀਆਂ ਬਸਤੀਆਂ ਨੂੰ ਚਮਾਰਾਂ ਚੂਹੜਿ੍ਹਆਂ ਰਵਿਦਾਸੀਆਂ ਦੀਆਂ ਬਸਤੀਆਂ ਕਿਹਾ ਜਾਂਦਾ ਹੈ। ਉਚ ਜਾਤੀਆਂ ਦੇ ਮਹਾਜਨ ਮਹੱਲੇ ਹਨ। ਪਿੰਡ ਦੇ ਲੋਕਾਂ ਦੇ ਪੱਤੀਆਂ-ਮਹੱਲੇ-ਗਲੀਆਂ ਹੀ ਅਲੱਗ ਅਲੱਗ ਨਹੀਂ, ਉਨ੍ਹਾਂ ਦੇ ਸ਼ਮਸ਼ਾਨ ਘਾਟ ਘਾਟ ਵੀ ਅਲੱਗ ਅਲੱਗ ਹਨ। ਸ਼ਮਸ਼ਾਨ ਘਾਟਾਂ, ਛੱਪੜਾਂ, ਪਿੱਪਲਾਂ, ਬੋਹੜਾਂ, ਕਿੱਕਰਾਂ ਦੇ ਵੀ ਅੱਗੋਂ ਨਾਮ ਜਾਤੀ ਅਧਾਰਤ ਨਾਮ ਹਨ।
ਸਮਾਜੀ ਜੀਵਨ ਨਿਰਬਾਹ ਲਈ ਉੱਚ ਜਾਤੀਆਂ ਪਾਸ ਜ਼ਮੀਨ, ਉਦਯੋਗ, ਵਂਪਾਰ, ਨੌਕਰੀ, ਦਸਤਕਾਰੀ ਪੇਸ਼ੇ ਹਨ ਜਿ੍ਹਨਾਂ ਰਾਹੀਂ ਉਹ ਆਪਣੀ ਜੀਵਕਾ ਚਲਾਉਦੇ ਹਨ। ਪ੍ਰੰਤੂੂ ਦਲਿਤਾਂ ਪਾਸ ਆਰਥਿਕ ਸਾਧਨ ਨਹੀਂ ਹਨ। ਦਲਿਤਾਂ ਦਾ ਆਰਥਿਕ ਜੀਵਨ ਹੀ ਇ੍ਹਨਾਂ ਜ਼ਿਮੀਂਦਾਰਾਂ-ਮਹਾਜਨਾਂ, ਧਨਾਡਾਂ-ਸਮੰਤਾਂ ’ਤੇ ਨਿਰਭਰ ਹੈ। ਉਹ ਮੱਝ ਗਾਂ ਬੱਕਰੀ ਪਾਲ ਕੇ ਹੀ ਆਪਣੀ ਰੋਜ਼ ਮੱਰਾ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਸੱਚ ਤਾਂ ਇਹ ਹੈ ਕਿ ਦਲਿਤਾਂ ਦੀ ਜਿੰਦਗੀ ਹੀ ਉੱਚ ਜਾਤੀਆਂ ਦੀ ਦਯਾ ਪਰ ਹੈ।
ਸਮਾਜਿਕ ਬਾਈਕਾਟ ਦਲਿਤਾਂ ’ਤੇ ਮਾਰਸ਼ਲ ਲਾਅ ਹੈ। ਕਿਉਂਕਿ ਜਦ ਇਹ ਮਾਰਸ਼ਲ ਲਾਅ ਦਲਿਤਾਂ ’ਤੇ ਚੱਲਦਾ ਹੈ ਤਾਂ ਦਲਿਤਾਂ ਅਤੇ ਉਹਨਾਂ ਦੇ ਪਸ਼ੂਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਉਹ ਕੁਦਰਤੀ ਵਹਾ-ਜੰਗਲ-ਪਾਣੀ ਲਈ ਵੀ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਨਹੀਂ ਜਾ ਸਕਦੇ, ਪਸ਼ੂਆਂ ਲਈ ਚਾਰਾ ਲੈਣ ਨਹੀਂ ਜਾ ਸਕਦੇ, ਬੱਚੇ ਆਮ ਥਾਂਵਾਂ ’ਤੇ ਖੇਡ ਨਹੀਂ ਸਕਦੇ, ਪਸ਼ੂ ਸਾਂਝੀਆਂ ਚਰਾਂਦਾ ’ਚ ਨਹੀਂ ਚਰ ਸਕਦੇ, ਦੁਕਾਨਦਾਰ ਉਨ੍ਹਾਂ ਨੂੰ ਸੌਦਾ ਨਹੀਂ ਦਿੰਦੇ, ਸਕੂਲਾਂ ਚੋਂ ਉਨ੍ਹਾਂ ਨੂੰ ਭਜਾ ਦਿੱਤਾ ਜਾਂਦਾ ਹੈ, ਡਾਕਟਰ ਉਨ੍ਹਾਂ ਨੂੰ ਦਵਾਈ ਨਹੀਂ ਦਿੰਦੇ।
ਸਮਾਜ ਵਿਕਾਸ ਅਤੇ ਸੁੱਖ-ਸੁਵਿਧਾ ਦੇ ਸਭ ਅਦਾਰੇ ਚਾਹੇ ਉਹ ਸਰਕਾਰੀ ਸਕੂਲ, ਸਹਿਕਾਰੀ ਬੈਂਕ, ਡਾਕ ਘਰ, ਰਾਸ਼ਨ ਡੀਪੂ, ਗਰਾਊਂਡ, ਡਿਸਪੈਂਸਰੀ, ਅੱਡਾ, ਸੜਕਾਂ, ਪੰਚਾਇਤ ਘਰ ਆਦਿ ਸਭ ਉੱਚ ਜਾਤੀਆਂ ਦੇ ਪਾਸੇ ਹੀ ਹਨ। ਦਲਿਤਾਂ ਵੱਲ੍ਹ ਜੇ ਕੁਝ ਹੈ ਤਾਂ ਉਹ ਸਾਰੇ ਪਿੰਡ ਦੇ ਗੰਦੇ ਪਾਣੀ ਨਾਲ ਭਰੇ ਛੱਪੜ, ਹੱਡਾਰੋੜੀ ਅਤੇ ਸ਼ਮਸ਼ਾਨ ਘਾਟ ਹਨ। ਇਨ੍ਹਾਂ ਦੀ ਸੜ੍ਹਾਂਦ ਤੇ ਸੜਦੇ ਮਾਸ ਦੀ ਭੈੜੀ ਬਦਬੂ ਹਰ ਵਕਤ ਦਲਿਤਾਂ ਦੀ ਬੁੱਧੀ ਨੂੰ ਬÇੇਦਲ ਕਰਦੀ ਰਹਿੰਦੀ ਹੈ। ਪਿੰਡ ਦੇ ਕਿਸੇ ਵੀ ਸਾਂਝੇ ਕੰਮ ਵਿੱਚ ਦਲਿਤਾਂ ਦੀ ਰਾਇ ਲੈਣ ਦੀ ਕੋਈ ਲੋੜ ਹੀ ਨਹੀਂ ਸਮਝੀ ਜਾਂਦੀ ਹੈ। ਸੱਭਿਆਚਾਰ, ਧਰਮ, ਬੋਲੀ, ਰੀਤੀ-ਰਿਵਾਜ਼, ਸਭ ’ਚ ਉੱਚ ਜਾਤੀਆਂ ਦਾ ਬੋਲ-ਬਾਲਾ ਹੈ। ਦਲਿਤ ਪਿੰਡ ਦੀ ਹਰ ਸਰਗਰਮੀ ’ਚ ਜ਼ੀਰੋ ਹਨ।
ਕੁੱਤੇ, ਬਿੱਲੇ, ਜਾਨਵਰ, ਜਨੌਰ ਪਿੰਡ ਦੇ ਵਾਸੀ ਹਨ। ਸਮਾਜ ਦਾ ਹਿੱਸਾ ਹਨ। ਉਹ ਪਿੰਡ ਵਿੱਚ ਪੂਰਨ ਅਜ਼ਾਦੀ ਨਾਲ ਘੁੰਮ-ਫਿਰ ਸਕਦੇ ਹਨ। ਅਖੌਤੀ ਉੱਚ ਜਾਤੀਆਂ ਦੇ ਚੌਕੇ ਚੁੱਲ੍ਹੇ, ਘਰਾਂ, ਕੋਠੀਆ, ਮੰਦਰਾਂ, ਪੂਜਾ ਸਥਾਨਾਂ ’ਚ ਬਿਨਾਂ ਰੋਕ ਟੋਕ ਦੇ ਜਾ ਸਕਦੇ ਹਨ। ਉੱਥੇ ਜੋ ਕਰਨਾ ਚਾਹੁੰਣ ਕਰ ਸਕਦੇ ਹਨ। ਬੱਚੇ ਪੈਦਾ ਕਰ ਸਕਦੇ ਹਨ। ਜੀਵਨ ਦਾ ਅਨੰਦ ਮਾਣ ਸਕਦੇ ਹਨ। ਉ੍ਹਨਾਂ ਦੀ ਗੰਦਗੀ ਤੇ ਵਿਵਹਾਰ ਤੋਂ ਕਿਸੇ ਉੱਚ ਜਾਤੀਏ ਨੂੰ ਕੋਈ ਭਿੱਟ ਨਹੀਂ ਚੜ੍ਹਦੀ? ਪਰ ਅਖੌਤੀ ਉੱਚ ਜਾਤੀਏ ਆਪਣੇ ਵਰਗੇ ਹੀ ਇਨਸਾਨ ‘ਦਲਿਤਾਂ’ ਨੂੰ ਛੂਹਣ ਤੋਂ ਪਰੇ ਪਰੇ ਕਹਿਕੇ ਭੱਜਦੇ ਹਨ।
ਪਿੰਡ ’ਚ ਕੁੱਤੇ-ਬਿੱਲਿਆਂ-ਜਨੌਰਾਂ ਦੀ ਕੋਈ ਹੈਸੀਅਤ ਹੈ। ਉਹ ਪਿਆਰ ਦੇ ਪਾਤਰ ਹਨ। ਕੁੱਤੇ, ਬਿੱਲੇ, ਜਾਨਵਰ, ਜਨੌਰ ਅਖੌਤੀ ਸਵਰਨਾ ਦੀ ਗੋਦੀ ’ਚ ਲੋਰੀਆਂ ਲੈ ਸਕਦੇ ਹਨ। ਕੁੱਤੇ, ਬਿੱਲੇ, ਜਾਨਵਰ, ਜਨੌਰਾਂ ਨਾਲ ਮੇਲ-ਮਿਲਾਪ ਹੁੰਦਾ ਹੈ ਪਰ ਦਲਿਤਾਂ ਤੋਂ ਅਖੌਤੀ ਉੱਚ ਜਾਤੀਆਂ ਨੂੰ ਚਾਰ ਤਰ੍ਹਾਂ ਦੀ ਭਿੱਟ ਚੜ੍ਹਦੀ ਹੈ, ਇੱਕ ਦੇਖਣ ਨਾਲ, ਦੂਜੀ ਗੱਲ-ਬਾਤ ਕਰਨ ਨਾਲ, ਤੀਜੀ ਛੂਹਣ ਨਾਲ ਅਤੇ ਚੌਥੀ ਪਰਛਾਵੇਂ ਤੋਂ ਲੱਗਦੀ ਹੈ। ਇਸ ਕਰਕੇ ਦਲਿਤਾਂ ਨੂੰ ਪਿੰਡ ਤੋਂ ਬਾਹਰ ਜਬਰਨ ਅਤੇ ਕਨੂੰਨਨ ਕੱਢਿਆ ਹੋਇਆ ਹੈ। ਦਲਿਤ ਖੁੱਲ੍ਹੀਆਂ ਜੇਲ੍ਹਾਂ ’ਚ ਜੀਵਨ ਢੋਂਦੇ ਹਨ।
ਅਛੂਤ/ਦਲਿਤ ਗੁਲਾਮਾਂ ਵਿਰੁੱਧ ਕਾਲੇ ਕਨੂੰਨ
ਡਾਕਟਰ ਅੰਬੇਡਕਰ ਅਛੂਤ/ਦਲਿਤ, ਗੁਲਾਮਾਂ ਪ੍ਰਤੀ ਲਿਖਦੇ ਹਨ, ‘‘ਹਿੰਦੋਸਤਾਨੀ ਸਵਰਨਾਂ ਦੇ ਪਿੰੰਡਾਂ ਪਾਸ ਦਲਿਤਾਂ ਨੇ ਕਿਵੇਂ ਰਹਿਣਾਂ ਹੈ, ਉਨ੍ਹਾਂ ਦੇ ਜੀਵਨ ਜਿਉਣ ਸਬੰਧੀ ਸ਼ਰਤਾਂ ਹਨ? ਹਰ ਪਿੰਡ ਵਿਚ ਦਲਿਤਾਂ (ਅਛੂੂਤਾਂ) ਵਾਸਤੇ ਅਜਿਹੇ ਕਨੂੰਨ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਇਹ ਕਨੂੂੰਨ ਇਹ ਤਹਿ ਕਰਦੇ ਹਨ ਕਿ ਅਛੂਤਾਂ ਨੇ ਪਿੰਡ ਪਾਸ ਜੀਵਨ ਕਿਵੇਂ ਜਿਉਣਾ ਹੈ। ਇਨ੍ਹਾਂ ਕਨੂੂੰਨ-ਨਿਯਮਾਂ ਦੀ ਕੁੁਤਾਹੀ ਜਾਂ ਉਲੰਘਣਾ ਨੂੰ ਉਚਜਾਤੀਏ/ਸਵਰਨ ਲੋਕ ਘੋਰ ਅਪਰਾਧ ਮੰਨਣਗੇ। ਜਿਵੇ ਕਿ-
1. ਉਚਜਾਤੀਆਂ ਦੀ ਅਬਾਦੀ ਤੋਂ ਦੂਰ ਅਛੂੂਤਾਂ ਦਾ ਅਲੱਗ ਘਰਾਂ ਵਿਚ ਰਹਿਣਾਂ
ਲਾਜਮੀ ਹੈ। ਵੱਖਰੇਪਣ ਦੇ ਕਾਨੂੰਨ ਨੰੂੰ ਤੋੜਨਾ ਅਛੂੂਤਾਂ ਲਈ ਅਪਰਾਧ ਹੈ।
2. ਅਛੂੂਤਾਂ ਦੇ ਘਰਾਂ ਦਾ ਦੱਖਣ ਵੱਲ ਹੋਣਾ ਲਾਜਮੀ ਹੈ। ਕਿਓਂੁਕਿ ਚੌਹਾਂ ਦਿਸ਼ਾਂਵਾਂ
ਚੋ ਦੱਖਣ ਸਭ ਤੋਂ ਬਦਸ਼ਗਨ ਹੈ। ਇਸਦੀ ਉਲੰਘਣਾਂ ਅਪਰਾਧ ਮੰਨੀ ਜਾਵੇਗੀ।
3. ਭਿੱਟ ਤੇ ਪਰਛਾਵੇਂ ਤੋਂ ਬਚਾਅ ਲਈ ਅਛੂੂਤ, ਸਵਰਨਾ ਤੋਂ ਫਾਸਲੇ ਤੇ ਰਹਿਣਗੇ।
4. ਧੰਨ, ਜਮੀਨ ਅਤੇ ਪਸ਼ੂ ਰੱਖਣਾ ਅਛੂੂਤ ਦਲਿਤਾਂ ਲਈ ਅਪਰਾਧ ਹੈ।
5. ਗਾਰਡਰ, ਟਾਇਲਾਂ ਨਾਲ ਘਰ ਬਣਾਉਣਾਂ ਅਛੂੂਤਾਂ ਲਈ ਅਪਰਾਧ ਹੈ।
6. ਸਾਫ ਕੱਪੜੇ ਪਾਉਣਾਂ, ਜੁੱਤੀ ਪਹਿਨਣਾਂ ਅਛੂੂਤਾਂ ਲਈ ਅਪਰਾਧ ਹੈ।
7. ਬੱਚਿਆਂ ਦੇ ਇੱਜਤਦਾਰ ਜਾਂ ਪ੍ਰਭਾਵਸ਼ਾਲੀ ਨਾਮ ਰੱਖਣਾਂ ਅਛੂੂਤ ਦਲਿਤਾਂ ਲਈ
ਅਪਰਾਧ ਹੈ। ਇਨ੍ਹਾਂ ਦੇ ਬੱਚਿਆਂ ਦੇ ਨਾਂ ਅਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ
ਅਪਮਾਨ ਦਾ ਇਸ਼ਾਰਾ ਮਿਲਦਾ ਹੋਵੇ।
8. ਉਚਜਾਤੀ ਦੀ ਹਾਜਰੀ ਵਿਚ ਇਕ ਅਛੂੂਤ ਦਾ ਕੁੁਰਸੀ ਤੇ ਬੈਠਣਾ ਅਪਰਾਧ ਹੈ।
9. ਇਕ ਅਛੂਤ ਦਾ ਘੋੜ ਸਵਾਰੀ ਕਰਨਾ, ਜਾਂ ਪਿੰਡ ’ਚੀ ਗੁਜਰਨਾਂ ਅਪਰਾਧ ਹੈ।
10. ਅਛੂੂਤਾਂ ਦਾ ਪਿੰਡ ਵਿਚੋਂ ਦੀ ਜਲੂਸ ਕੱਢਣਾਂ/ਪ੍ਰਦਰਸ਼ਨ ਕਰਨਾ ਅਪਰਾਧ ਹੈ।
11. ਅਛੂੂਤ/ਦਲਿਤ ਦਾ ਉਚਜਾਤੀਏ ਨੂੰ ਨਮਸਕਾਰ ਨਾ ਕਰਨਾ ਅਪਰਾਧ ਹੈ।
12. ਅਛੂੂਤ/ਦਲਿਤ ਦਾ ਸੱਭਿਆ ਭਾਸ਼ਾ ਬੋਲਣਾਂ ਅਪਰਾਧ ਹੈ।
13. ਅਛੂਤ ਦਾ ਪਵਿੱਤਰ ਦਿਹਾੜੇ, ਤਿਓਹਾਰ ਸਮੇਂ ਪਿੰਡ ਵਿਚ ਆਉਂਣਾ ਅਪਰਾਧ ਹੈ ਕਿਉਂਕਿ ਅਜਿਹਾ ਕਰਕੇ ਉਹ ਹਵਾ ਨੂੰ ਭਿੱਟੇਗਾ।
14. ਇੱਕ ਅਛੂਤ/ਦਲਿਤ ਦਾ, ਸਵਰਨਾ ਵਾਲਾ ਪਹਿਰਾਵਾ ਪਾਉਣਾਂ ਅਤੇ ਫਿਰ ਸਵਰਨ ਸਮਾਜ ਵਿਚੋਂ ਦੀ ਗੁਜਰਨਾਂ ਅਪਰਾਧ ਹੈ।
15. ਅਛੂਤ ਆਪਣੇ ਸਰੀਰ ਉਤੇ ਅਜਿਹੇ ਨਿਸ਼ਾਨ ਅਪਨਾਏ ਜਿਨ੍ਹਾਂ ਤੋਂ ਉਸ ਦੇ ਅਛੂਤ ਨੀਚ ਹੋਣ ਦੀ ਆਮ ਜਨਤਾ ਨੂੰ ਜਾਣਕਾਰੀ ਹੁੰਦੀ ਰਹੇ।
ਉਪਰੋਕਤ ਸਾਰੇ ਨਿਯਮਾਂ ਦੀ ਉਲੰਘਣਾਂ ਕਰਨਾਂ ਅਛੂਤਾਂ ਲਈ ਅਪਰਾਧ ਹੈ। 2
ਅਛੂਤ/ਦਲਿਤ ਗੁਲਾਮਾਂ ਦੇ ਸਵਰਨਾ ਪ੍ਰਤੀ ਕਰਤੱਵ
1. ਉਚਜਾਤੀਆਂ ਦੇ ਘਰ-ਮਹੱਲਿਆਂ ਦੀ ਰਾਖੀ ਤੇ ਰਾਤਾਂ ਨੂੰ ਪਹਿਰਾ ਦੇਣਾ ਅਛੂੂਤਾਂ ਦਾ ਕਰਤੱਵ ਹੈ, ਬਾਹਰੋਂ ਕੋਈ ਹਮਲਾ ਹੋਵੇ ਤਾਂ ਉਨ੍ਹਾਂ ਨਾਲ ਲੜਨਾ-ਮਰਨਾ ਅਛੂੂਤਾਂ ਦਾ ਕਰਤੱਵ ਹੈ। ਭਾਵੇ ਉਹ ਹਥਿਆਰਬੰਦ ਤੇ ਸ਼ਕਤੀਸ਼ਾਲੀ ਹੋਣ।
2. ਉਚਜਾਤੀਆਂ ਦੇ ਖੇਤ-ਖਲਿਆਣਾਂ ਵਿਚ ਅਛੂੂਤਾਂ ਨੂੰ ਵਗਾਰ ਕਰਨੀ ਹੀ ਪਵੇਗੀ।
3. ਜਦ ਸਵਰਨ ਸਮਾਜ ਹੋਲੀ ਜਾਂ ਦੁਸਹਿਰਾ ਆਦਿ ਤਿਉਹਾਰ ਮਨਾਉਂਦੇ ਹੋਣ ਤਾਂ ਅਛੂੂਤਾਂ ਨੂੰ ਉਨ੍ਹਾਂ ਨੂੰ ਆਕਰਸ਼ਤ ਕਰਨ ਲਈ ਪਾਗਲਾਂ ਵਾਲੇ ਰੋਲ ਕਰਨੇ ਪੈਣਗੇ।
4. ਇਨ੍ਹਾਂ ਤਿਉਹਾਰਾਂ ਮੌਕੇ ਪਿੰਡ ਦੇ ਪਤਵੰਤਿਆਂ ਦੇ ਮਨ ਪਰਚਾਵੇ ਲਈ ਅਛੂੂਤ
ਔਰਤਾਂ ਨੂੰ ਆਪਣੀਆਂ ਛਾਤੀਆਂ ਨੰਗੀਆਂ ਰੱਖਣੀਆਂ ਪੈਣਗੀਆਂ।
5. ਮਰਨ ਤੋਂ ਬਾਅਦ ਵੀ ਇੱਕ ਅਛੂਤ ਦੀ ਕਬਰ ਜਾਂ ਚਿਖਾ ਦੂਜੇ ਉਚਜਾਤੀਆਂ ਦੇ ਅੰਗ-ਸੰਗ ਨਹੀਂ ਹੋ ਸਕਦੀ। 3
ਅਛੂਤਾਂ ਦੀ ਮੰਦਹਾਲੀ ਇੱਥੇ ਹੀ ਬੱਸ ਨਹੀਂ ਹੋਈ। ਸੈਨਾ, ਪੁਲਿਸ ਸਮੇਤ ਸਰਕਾਰੀ ਨੌਕਰੀਆਂ ਤੋਂ ਉਨ੍ਹਾਂ ਨੂੰ ਵਾਂਝੇ ਰੱਖਿਆ ਜਾਂਦਾ। ਇਸ ਲਈ ਉਹ ਪਿਤਾ ਪੁਰਖੀ ਧੰਦੇ ਹੀ ਕਰਨ ਤੇ ਮਜਬੂਰ ਰਹੇ। ਸਮਾਜ ਵਿਚ ਜਿਸ ਵੀ ਕੰਮ ਨੂੰ ਨੀਵਾਂ, ਗੰਦਾ ਅਤੇ ਘਟੀਆ ਸਮਝਿਆ ਗਿਆ, ਉਹ ਅਛੂੂਤਾਂ ਤੋਂ ਕਰਵਾਇਆ ਗਿਆ। ਮਿਸਾਲ ਵਜੋਂ ਮੁਰਦਾਰ ਚੁੱਕਣਾ, ਢੋਰਾਂ ਦੀਆਂ ਖੱਲਾਂ ਲਾਹੁਣਾ, ਸਫਾਈ ਕਰਨਾ, ਬੇਗਾਰ ਦੇਣਾ ਖੇਤਾਂ ਵਿਚ ਮਜਦੂਰੀ ਕਰਨਾ, ਪਿੰਡਾਂ ਦੀ ਚੌਕੀਦਾਰੀ ਕਰਨੀ, ਗੱਲ ਕੀ ਸਖਤ ਤੋਂ ਸਖਤ ਅਤੇ ਕੋਝੱੇ ਤੋਂ ਕੋਝਾ ਕੰਮ ਉਨ੍ਹਾਂ ਨੂੰ ਦਿੱਤਾ ਗਿਆ ਉਸ ਦੇ ਬਦਲੇ ਵਿਚ ਮਜਦੂਰੀ ਅਬਲ ਤਾਂ ਦਿੱਤੀ ਨਹੀਂ ਜਾਂਦੀ ਸੀ, ਜੇਕਰ ਦਿੱਤੀ ਜਾਂਦੀ ਤਾਂ ਨਾ-ਮਾਤਰ ਹੀ ਦਿੱਤੀ ਜਾਂਦੀ ਉਹ ਵੀ ਜੂਠ।
ਸਮਾਜਿਕ, ਧਾਰਮਿਕ ਅਤੇ ਸ਼ਹਿਰੀ ਹੱਕਾਂ ਤੋਂ ਵਾਂਝੇ ਜਿਨ੍ਹਾਂ ਦੇ ਫਰਜ ਹੀ ਹਨ, ਪਰ ਅਧਿਕਾਰ ਕੋਈ ਨਹੀਂ। ਸਦੀਆਂ ਤੋਂ ਅਨਪੜ੍ਹ, ਗੁਲਾਮ-ਪਿਛੜੇ, ਦੱਬੇ ਕੁੁਚਲੇ ਭੁੱਖੇ ਨੰਗੇ, ਘੁਰਨਿਆਂ ਵਿਚ ਘੁਸੇ, ਮਨੁੁੱਖ ਹੁੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਬਤੀਤ ਕਰਦੇ ਅਛੂੂਤ ਦਲਿਤ ਸਦੀਆਂ ਤੋਂ ਰਹਿ ਰਹੇ ਸਨ। ਉਹ ਅਛੂਤ ਪੈਦਾ ਹੁੰਦੇ, ਬਤੌਰ ਅਛੂਤ ਜੀਵਨ ਬਤੀਤ ਕਰਦੇ ਅੰਤ ਨੂੰ ਅਛੂੂਤ ਹੀ ਮਰ ਜਾਂਦੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਅਛੂੂਤ/ਦਲਿਤਾਂ ਨੂੰ ਉਪਰੋਕਤ ਸਾਰੇ ਕਰਤੱਵ ਬਿਨਾਂ ਕਿਸੇ ਮਿਹਨਤਾਨੇ ਦੇ ਨਿਭਾਉਣੇ ਪੈਣਗੇ। ਉਪਰੋਕਤ ਕਿਸੇ ਅਪਰਾਧ ਦੀ ਉਲੰਘਣਾ ਭਾਵੇਂ ਇਕ ਅਛੂੂਤ ਨੇ ਹੀ ਕੀਤੀ ਹੋਵੇ, ਪ੍ਰੰਤੂੂ ਉਸ ਅਪਰਾਧ ਦੀ ਸਜ਼ਾ ਸਿਰਫ ਇਕ ਅਛੂੂਤ ਦਲਿਤ ਨੂੰ ਨਹੀਂ, ਸਮੁੱਚੀ ਅਛੂਤ ਬਸਤੀ ਨੂੰ ਮਿਲੇਗੀ। 4
ਪੱਛਮੀ ਯਾਤਰੀ ਸ੍ਰੀ ਚਿਰੋਲ ਲਿਖਦੇ ਹਨ ਕਿ ਮਰਦਾਸ ਪ੍ਰਾਂਤ ਦੀਆਂ ਅਦਾਲਤਾਂ ਵਿਚ ਇੱਕ ਦਲਿਤ (ਅਛੂੂਤ) ਨੂੰ ਮੈਜਿਸਟਰੇਟ ਸਾਹਮਣੇ ਖੜੇ ਹੋ ਕੇ ਗਵਾਹੀ ਜਾਂ ਸਿਧੇ ਬੋਲਣ ਦੀ ਆਗਿਆ ਨਹੀਂ ਸੀ। ਇੱਕ ਅਛੂੂਤ ਨੂੰ ਅਦਾਲਤ ਤੋਂ ਬਾਹਰ ਖਲੋਕੇ ਆਪਣੀ ਗਲਬਾਤ ਪਹਿਲਾਂ ਇੱਕ ਸ਼ੂਦਰ ਨੂੰ ਦੱਸਣੀ ਪੈਦੀ ਸੀ। ਸ਼ੂਦਰ ਤੋਂ ਸੁਣਕੇ ਵੈਸ਼, ਅਛੂੂਤ ਦੀ ਗੱਲਬਾਤ ਮਨੂੰਵਾਦੀ ਅਧਿਕਾਰੀ ਜੱਜ ਤੱਕ ਪਹੁੰਚਾਉਦਾ ਸੀ। ਇਸ ਤਰ੍ਹਾਂ ਅਛੂਤ ਦੀ ਗੱਲਬਾਤ ਦੋ ਬੰਦਿਆਂ ਵਿਚੋਂ ਲੰਘ ਕੇ ਇੱਕ ਮੈਜਿਸਟਰੇਟ ਤੱਕ ਪੁੱਜਦੀ ਸੀ। ਇੰਨਾਂ ਵਿਆਪਕ ਤੇ ਭਿਆਨਕ ਸੀ ਛੂੂਤ-ਛਾਤ ਦਾ ਰੋਗ। 5
ਦਲਿਤਾਂ ਨੂੰ ਫੌਜ ਵਿੱਚ ਭਰਤੀ ਕਰਨ ਦਾ ਜ਼ਿਮੀਦਾਰਾਂ ਵਲੋਂ੍ਹ ਵਿਰੋਧ
ਪੰਡਿਤ ਭਖਸ਼ੀ ਰਾਮ ਲਿੱਖਦੇ, ‘‘1914 ਦੀ ਪਹਿਲੀ ਸੰਸਾਰ ਜੰਗ ਵਿਚ ਸਾਡੇ ਪਿੰਡ ਤੇ ਸਾਡੀ ਬਰਾਦਰੀ ਵਿਚੋਂ ਚਾਰ ਪੰਜ ਬੰਦੇ ਫੌਜ ਵਿਚ ਭਰਤੀ ਹੋ ਗਏ। ਫੌਜ ਵਿਚ ਭਰਤੀ ਦੋ ਤਰ੍ਹਾਂ ਦੀ ਸੀ, ਇਕ ਉਹ ਲੋਕ ਜੋ ਮਜ੍ਹਬੀ ਸਿੱਖ ਕਹਿਕੇ ਇੰਜੀਨੀਰਿੰਗ ਪਾਨੀਅਰ ਸੈਪਰਮਾਈਨ ਪਲਾਟੂਨ ਵਿਚ ਭਰਤੀ ਕਰ ਲਏ ਜਾਂਦੇ ਸੀ, ਇਨ੍ਹਾਂ ਨੂੰ ਹਥਿਆਰਾਂ ਦੇ ਨਾਲ ਪੁਲਾਂ ਦਾ ਬਨਾਉਣਾ ਤੇ ਤੋੜਨਾ ਸਿਖਾਇਆ ਜਾਂਦਾ ਸੀ, ਇਹ ਇਨ੍ਹਾਂ ਦੇ ਜ਼ੁੰਮੇ ਕੰਮ ਹੁੰਦਾ ਸੀ। ਫਿਰ ਫੌਜੀ ਅਫਸਰਾਂ ਦੀ ਰੀਪੋਰਟ ਉਤੇ ਇਨ੍ਹਾਂ ਮਜ਼ਦੂਰਾਂ ਨੂੰ ਫੌਜ ਵਿਚ ਭਰਤੀ ਕਰਨ ਦਾ ਹੁਕਮ ਹੁੰਦਾ ਸੀ। ਇਹ ਮਜ਼ਦੂਰ ਜਾਤ ਦੇ ਚੂਹੜੇ ਸਨ, ਜਦ ਇਨ੍ਹਾਂ ਨੂੰ ਫੌਜ ਵਿਚ ਭਰਤੀ ਕਰਨ ਲੱਗੇ ਤਾਂ ਜਿਮੀਦਾਰਾਂ ਨੇ ਆਪਣੇ ਵਿਚ ਭਰਤੀ ਕਰਨ ਤੋਂ ਇਨ੍ਹਾਂ ਨੂੰ ਨਾਂਹ ਕਰ ਦਿੱਤੀ, ਤਾਂ ਇਨ੍ਹਾਂ ਨੂੰ ਮਜ੍ਹਬੀ ਸਿੱਖ ਪਾਨੀਅਰ ਨਾਂ ਥੱਲੇ ਭਰਤੀ ਕੀਤਾ ਗਿਆ, ਫਿਰ ਰਵੀਦਾਸੀਏ ਵੀ ਇਸ ਵਿਚ ਭਰਤੀ ਹੋਏ। ਪਰ ਸੂਬੇਦਾਰ ਜਿਮੀਦਾਰਾਂ ਵਿਚੋਂ ਇਨ੍ਹਾਂ ਉਤੇ ਬਣਾਏ ਗਏ। ਬਸਾਖਾ ਸਿੰਘ ਮਜ੍ਹਬੀ ਨੇ ਮਜੀਠੀਏ ਸਰਦਾਰ ਨੂੰ ਇਸ ਕਰਕੇ ਗੋਲੀ ਦਾ ਨਿਸ਼ਾਨਾ ਬਣਾਇਆ ਕਿ ਜਦ ਜਿਮੀਦਾਰ ਸਾਥੋਂ ਨਫਰਤ ਕਰਦੇ ਹਨ, ਤਾਂ ਇਹ ਸਾਡੇ ਉਤੇ ਅਫਸਰ ਕਿਉਂ? ਇਸ ਘਟਨਾ ਤੋਂ ਬਾਅਦ ਜਮਾਂਦਾਰ, ਸੂਬੇਦਾਰ, ਕੈਪਟਨ ਆਦਿ ਮਜ੍ਹਬੀ ਰਵਿਦਾਸੀਆ ਸਿੱਖਾਂ ਵਿਚੋਂ ਬਣਾਏ ਜਾਣ ਲੱਗੇ। 6
ਮਜ਼ੂਦਾ ਸੰਵਿਧਾਨ ਤੋਂ ਪਹਿਲਾਂ ਹਿੰਦੋਸਤਾਨੀ ਸਮਾਜ ਵਿਵਸਥਾ ’ਚ ਸਮੁੱਚੇ ਦਲਿਤ ਸ਼ੋਸ਼ਿਤ ਸਮਾਜ ਦੀ ਸਥਿਤੀ ਜ਼ੀਰੋ ਸੀ। ਆਏ ਹਜਾਰਾਂ ਦੇਵੀ-ਦੇਵਤਿਆਂ, ਪੀਰ-ਪੈਗੰਬਰਾਂ, ਔਲੀਏ-ਅਵਤਾਰਾਂ, ਭੇਖ-ਭਗਵਾਨਾਂ, ਭਗਤਾਂ-ਗੁਰੂਆਂ, ਸਾਧਾਂ-ਸੰਤਾਂ ਤੇ ਸੁਆਮੀ-ਬਾਬਿਆਂ ਦੇ ਤਪ-ਪ੍ਰਤਾਪਾਂ, ਭਗਤੀਆਂ-ਸ਼ਕਤੀਆਂ ਦੇ ਬਾਵਜੂਦ ਵੀ ਦਲਿਤ ਸ਼ੋਸ਼ਿਤ ਸਮਾਜ ਦੀਆ ਹਜਾਰਾਂ ਪੀੜ੍ਹੀਆਂ, ਅਛੂਤ, ਨੀਚ ਤੇ ਗੁਲਾਮ ਪੈਦਾ ਹੋਈਆ, ਅਛੂਤ, ਨੀਚ ਤੇ ਗੁਲਾਮ ਰਹਿਕੇ ਵੱਡੀਆ ਹੋਈਆ ਅਤੇ ਅਛੂਤ, ਨੀਚ ਤੇ ਗੁਲਾਮ ਹੀ ਮਰਦੀਆਂ ਰਹੀਆ। ਦਲਿਤ ਸ਼ੋਸ਼ਿਤ ਦੀ ਸਥਿਤੀ ਹਿੰਦੋਸਤਾਨੀ ਸਮਾਜ ’ਚ ਜ਼ੀਰੋ ਦੀ ਜ਼ੀਰੋ ਹੀ ਰਹੀ।
ਜਦ ਕਿ ਫਰਾਂਸ, ਰੂਸ, ਚੀਨ, ਵੀਅਤਨਾਮ, ਕਿਊਬਾ ਤੇ ਹੋਰ ਬਹੁਤ ਸਾਰੇ ਵਿਦੇਸ਼ਾਂ ਵਿੱਚ ਭੇਡਾਂ ਬੱਕਰੀਆਂ ਚਾਰਨ ਵਾਲੇ ਦਾ ਲੜਕਾ ਖਰੁਸ਼ਚਿਵ, ਚਮਾਰ ਦਾ ਬੇਟਾ ਸਟਾਲਨ, ਕਿਸਾਨ ਦਾ ਬੇਟਾ ਮਾਉ-ਜੇ-ਤੁੰਗ, ਕੋਲੇ ਦੀਆਂ ਖਾਣਾਂ ’ਚ ਮਜ਼ਦੂਰ ਬੇਵਾਨ, ਅਖ਼ਬਾਰਾਂ ਵੇਚਣ ਵਾਲਾ ਮਾਰੀਸਨ, ਮਹਾਨ ਸ਼ਾਸ਼ਕ ਤੇ ਹੀਰੋ ਬਣ ਗਏ। ਪ੍ਰੰਤੂ ਹਜ਼ਾਰਾਂ ਸਾਲਾ ਤੋਂ ਭਾਰਤ ਵਿਚ ਐਸੀ ਕ੍ਰਾਂਤੀ ਕਿਉਂ ਨਹੀਂ ਹੋਈ? ਸੱਤਾ, ਸੰਮਤੀ, ਪੈਦਾਵਾਰ ਦੇ ਸਾਧਨਾਂ ਜ਼ਮਾਨ ਤੇ ਸੁੱਖ-ਸਵਿਧਾ ਦੀ ਵੰਡ ਬਰਾਬਰ ਕਿਉਂ ਨਹੀਂ ਹੋਈ? ਦਲਿਤ ਹੀਰੋ ਤੇ ਸ਼ਾਸ਼ਕ ਕਿਉਂ ਨਹੀਂ ਬਣੇ? ਇਹ ਇਕ ਪ੍ਰਚੰਡ ਸਵਾਲ ਹਰ ਵਕਤ ਮੇਰੇ ਦਿਮਾਗ ਵਿਚ ਖਲਬਲੀ ਮਚਾਈ ਰੱਖਦਾ ਹੈ।
ਸਦੀਆਂ ਦੀ ਗੁਲਾਮੀ ਤੋਂ ਬਾਅਦ ਭਾਰਤ ਆਜ਼ਾਦ ਹੋਇਆ ਤਾਂ ਦੇਸ਼ ਸਾਹਮਣੇ ਭੁੱਖਮਰੀ, ਗਰੀਬੀ, ਅਨਪੜ੍ਹਤਾ, ਬੇਰੁਜਗਾਰੀ, ਜਾਤ-ਪਾਤ, ਫਿਰਕਾਪ੍ਰਸਤੀ, ਕਸ਼ਮੀਰ, ਅਬਾਦੀ, ਕੁਦਰਤੀ ਆਫਤਾਂ, ਮਹਾਂਮਾਰੀ, ਹੜ੍ਹ, ਕਾਲ ਆਦਿ ਅਨੇਕਾਂ ਸਮੱਸਿਆਵਾਂ ਸਨ। ਸੰਵਿਧਾਨ ਘਾੜੇ ਇਨ੍ਹਾਂ ਸਮੱਸਿਆਵਾਂ ਤੋਂ ਭਲੀ ਭਾਂਤੀ ਪ੍ਰਭਾਵਤ ਸਨ, ਜਿਸ ਕਰਕੇ ਉਹ ਦੇਸ਼ ਵਾਸੀਆਂ ਨੂੰ ਇਨਾਂ ਸਮੱਸਿਆਵਾਂ ਤੋਂ ਮੁਕਤ ਕਰਾਉਣਾ ਚਾਹੁੰਦੇ ਸਨ। ਦੇਸ਼ ਵਿਚੋਂ ਭੁੱਖ ਮਰੀ, ਗਰੀਬੀ ਅਤੇ ਨਾਬਰਾਬਰਤਾ ਨੂੰ ਖਤਮ ਕਰਨ ਲਈ ਡਾਕਟਰ ਅੰਬੇਡਕਰ ਸੰਵਿਧਾਨ ਰਾਹੀਂ ਰਾਜਯ ਸਮਾਜਵਾਦ ਸਥਾਪਤ ਕਰਨਾ ਚਾਹੁਦੇ ਸਨ। ਉਨਾਂ ਦਾ ਕਹਿਣਾ ਸੀ ਕਿ ਭੁੱਖ ਮਰੀ, ਗਰੀਬੀ ਅਤੇ ਬੇਰੁਜਗਾਰੀ, ਉਦਯੋਗੀਕਰਨ ਨਾਲ ਹੀ ਖਤਮ ਹੋ ਸਕਦੀ ਹੈ ਤੇ ਉਦਯੋਗੀਕਰਨ ਲਈ ਪੈਦਾਵਾਰ ਦੇ ਸਾਧਨਾਂ ਅਤੇ ਰਾਜਯ ਸਮਾਜਵਾਦ ਜਰੂਰੀ ਹੈ। ਉਦਯੋਗ ਰਾਜ ਦੀ ਮਲਕੀਅਤ ਹੋਣੇ ਚਾਹੀਦੇ ਹਨ ਅਤੇ ਰਾਜ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਹਨ।
ਭਾਰਤੀ ਸੰਵਿਧਾਨ ਦੇ ਕਰਿਸ਼ਮੇ?
ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਨੂੰ ਸੰਵਿਧਾਨਿਕ ਅਸੈਂਬਲੀ ਵਿੱਚ ਇਕ ਪ੍ਰਸਤਾਵ ਪੇਸ਼ ਕਰਦੇ ਹੋਏ ਵਾਇਦਾ ਕੀਤਾ, ‘‘ਭਾਰਤ ਦੇ ਭਾਵੀ ਸੰਵਿਧਾਨ ਵਿਚ ਘੱਟ ਗਿਣਤੀਆਂ, ਪੱਛੜੇ ਵਰਗਾਂ, ਆਦਿ ਵਾਸੀਆਂ ਅਤੇ ਦਲਿਤ ਮਜ਼ਦੂਰਾਂ ਨੂੰ ਯੋਗ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।’’
ਗੋਬਿੰਦ ਬਲਭ ਪੰਤ ਨੇ ਸੰਵਿਧਾਨਿਕ ਅਸੈਂਬਲੀ ਵਿੱਚ ਕਿਹਾ, ‘‘ਜਦ ਤੱਕ ਘੱਟ ਗਿਣਤੀਆਂ ਦੇ ਲੋਕ ਸੰਤੁਸ਼ਟ ਨਹੀਂ ਹੋਣਗੇ, ਤਦ ਤੱਕ ਭਾਰਤੀ ਲੋਕ ਕੋਈ ਤਰੱਕੀ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਅਸੀਂ ਕੋਈ ਅਖੰਡ ਰੂਪ ਵਿੱਚ ਸ਼ਾਂਤੀ ਬਣਾਈ ਰੱਖਣ ਵਿੱਚ ਵੀ ਸਮਰਥ ਨਹੀਂ ਹੋਵਾਂਗੇ।’’
ਇਸੇ ਲਈ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਂ ਵਿੱਚ ਹੀ ਸਮਾਜਿਕ ਨਿਆਂ ਨੂੰ ਮੁੱਖ ਮੁੱਦਾ ਬਣਾਇਆ ਗਿਆ ਹੈ। ਸਮਾਜਿਕ ਨਿਆਂ ਦੀ ਪੂਰਤੀ ਲਈ ਸੰਵਿਧਾਨ ਵਿੱਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੇ ਵਰਗਾਂ ਲਈ ਅਬਾਦੀ ਅਨੁਸਾਰ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ।
ਸੰਵਿਧਾਨ ਅਨੁਸਾਰ ਕੇਂਦਰੀ ਸੇਵਾਵਾਂ ਵਿੱਚ ਸ਼ਡਿਊਲਕਾਸਟਾਂ ਲਈ 15 ਪ੍ਰਤੀਸ਼ਤ, ਸ਼ਡਿਊਲ ਟਰਾਈਬਜ਼ ਲਈ ਸਾਢੇ 7 ਪ੍ਰਤੀਸ਼ਤ ਅਤੇ ਹੋਰ ਪੱਛੜੇ ਵਰਗਾਂ ਲਈ 27 ਪ੍ਰਤੀਸ਼ਤ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਕਿ ਦੇਸ਼ ਦੇ ਇਹ ਬਹੁਜਨ 87 ਪ੍ਰਤੀਸ਼ਤ ਲੋਕ (ਬੀ. ਸੀ, ਸਾਢੇ 52 ਪ੍ਰਤੀਸ਼ਤ, ਐਸ, ਸੀ., ਐਸ. ਟੀ. ਸਾਢੇ 22, ਧਾਰਮਿਕ ਘੱਟ ਗਿਣਤੀਆਂ 11ਪ੍ਰਤੀਸ਼ਤ) ਲੋਕ ਸਮਾਜਿਕ ਅਤੇ ਆਰਥਿਕ ਨਾ ਬਰਾਬਰਤਾ ਦੀ ਜਿਲ੍ਹਣ ਵਿੱਚੋਂ ਨਿਕਲ ਕੇ ਸਮਾਜ ਵਿੱਚ ਬਰਾਬਰ ਆ ਸਕਣ। ਇਸ ਦੀ ਪ੍ਰਾਪਤੀ ਲਈ ਸੰਵਿਧਾਨ ਵਿੱਚ ਹੇਠ ਲਿਖੇ ਅਨੁਸਾਰ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਜਿਵੇ ਕਿ-
ਸੰਵਿਧਾਨ ਦੇ ਆਰਟੀਕਲ 330, 332 ਰਾਹੀਂ ਸੰਸਦ ਅਤੇ ਵਿਧਾਨ ਮੰਡਲਾਂ ਵਿਚ ਸ਼ਡਿਊਲਕਾਸਟ ਅਤੇ ਸ਼ਡਿਊਲ ਟਰਾਈਬਜ਼ ਲਈ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ। 331,333 ਰਾਹੀਂ ਐਗਲੋਂ ਇੰਡੀਅਨਜ ਲਈ ਸੰਸਦ ਅਤੇ ਵਿਧਾਨ ਮੰਡਲਾਂ ’ਚ ਨੁਮਾਇਦਗੀ ਹੈ। ਅਨੁਛੇਦ 334, 336, 337, 338, 339 ਰਾਹੀਂ ਉਪਰੋਕਤ ਦਲਿਤਾਂ ਦੀ ਭਲਾਈ ਅਤੇ ਪ੍ਰਸ਼ਾਸ਼ਨ ਲਈ ਵਿਸ਼ੇਸ਼ ਨਿਯਮਾਂ ਦੀ ਵਿਵਸਥਾ ਕੀਤੀ ਗਈ ਹੈ। ਅਨੁਛੇਦ 335 ਰਾਹੀਂ ਸ਼ਡਿਊਲਕਾਸਟ ਤੇ ਟਰਾਈਬਜ਼ ਲਈ ਨੌਕਰੀਆਂ ਦੀ ਵਿਵਸਥਾ ਕੀਤੀ ਗਈ ਹੈ।
ਦਲਿਤਾਂ ਨੂੰ ਉਪਰ ਉਠਾਉਣ ਲਈ ਸੰਵਿਧਾਨ ਦੇ ਆਰਟੀਕਲ 338,338-ਏ ਦੁਆਰਾ ਪ੍ਰਬੰਧ ਕੀਤਾ ਗਿਆ ਹੈ। ਅਨੁਛੇਦ 340 ਰਾਹੀਂ ਪਛੜੇ ਵਰਗਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕਮਿਸ਼ਨ ਬਿਠਾਉਣ ਦੀ ਵਿਵਸਥਾ ਹੈ। (ਮੰਡਲ ਕਮਿਸ਼ਨ ਇਸੇ ਦਾ ਹੀ ਸਿੱਟਾ ਹੈ)
ਇੱਥੇ ਇਹ ਜਿਕਰਯੋਗ ਹੈ ਕਿ ਅਜ਼ਾਦੀ ਤੋਂ ਪਹਿਲਾਂ 1947 ਤੱਕ ਦੇਸ਼ ਦੇ ਬਹੁਗਿਣਤੀ ਦਲਿਤ ਸ਼ੋਸ਼ਿਤ, ਮਜ਼ਦੂਰ ਕਿਸਾਨਾਂ, ਔਰਤਾਂ ਦੀ ਰਾਜ ਭਾਗ ਵਿੱਚ ਹਿੱਸੇਦਾਰੀ ਨਾਮਾਤਰ ਸੀ। ਸਮੁਚੇ ਭਾਰਤ ਵਿੱਚ ਸਿਰਫ਼ ਕਰੀਬ ਇੱਕ ਹਜ਼ਾਰ ਦਲਿਤ ਸ਼ੋਸ਼ਿਤ, ਮਜ਼ਦੂਰ ਦਸਵੀ ਪਾਸ ਸਨ। ਉਹ ਵੀ ਡਾ. ਅੰਬੇਡਕਰ ਦੇ ਪੂਨਾ-ਪੈਕਟ ਸਮਝੌਤੇ ਕਾਰਨ? ਨਹੀ ਤਾਂ ਪਹਿਲਾਂ ਕੋਈ ਵੀ ਨਹੀ ਸੀ।
ਇਹ ਡਾ. ਬਾਬਾ ਸਾਹਿਬ ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦਾ ਹੀ ਕਰਿਸ਼ਮਾਂ ਹੈ ਕਿ ਜੋ ਪਹਿਲਾਂ ਪਿੰਡਾਂ ਸ਼ਹਿਰਾਂ ਵਿਚੋਂ ਬਾਹਰ ਕੱਢੇ ਹੋਏ ਸਨ ਅੱਜ ਸ਼ਹਿਰਾਂ ਦਾ ਸ਼ਿੰਗਾਰ ਹਨ। ਜੋ ਆਮ ਰਾਹਾਂ ਉਤੇ ਚੱਲ ਨਹੀਂ ਸਕਦੇ ਸਨ ਉਹ ਅੱਜ ਸੜਕਾਂ ਉਤੇ ਕਾਰਾਂ ਘੁਮਾਈ ਫਿਰਦੇ ਹਨ। ਜੋ ਪਹਿਲਾਂ ਸਕੂਲਾਂ ਵਿਚ ਨਹੀਂ ਵੜ ਸਕਦੇ ਸਨ, ਉੁਹ ਅੱਜ ਮਾਸਟਰ ਬਣਕੇ ਪੜ੍ਹਾਉਂਦੇ ਹਨ। ਜਿਨ੍ਹਾਂ ਪਹਿਲਾਂ ਕਦੀ ਦਫਤਰਾਂ ਦਾ ਮੂੰਹ ਤੱਕ ਨਹੀਂ ਵੇਖਿਆ ਸੀ ਉਹ ਅੱਜ ਦਫਤਰਾਂ ਵਿਚ ਬਾਬੂ ਜੀ ਬਣ ਕੇ ਬੈਠੇ ਹਨ।
ਜੋ ਪਹਿਲਾਂ ਪੁਲਿਸ, ਮਿਲਟਰੀ ਵਿਚ ਭਰਤੀ ਨਹੀਂ ਹੋ ਸਕਦੇ ਸਨ ਉਹ ਅੱਜ ਠਾਣੇਦਾਰ, ਐਸ.ਐਸ.ਪੀ., ਡੀ.ਆਈ.ਜੀ., ਡੀ.ਜੀ.ਪੀ. ਅਤੇ ਮੇਜਰ ਜਨਰਲ ਹਨ। ਜੋ ਪਹਿਲਾਂ ਚਪੜਾਸੀ² ਨਹੀਂ ਲੱਗ ਸਕਦੇ ਸਨ ਉਹ ਅੱਜ ਸੁਪਰਡੈਂਟ, ਐਸ.ਡੀ.ਐਮ., ਡੀ.ਸੀ., ਕੁਲੈਕਟਰ, ਕਮਿਸ਼ਨਰ, ਸੈਕਟਰੀ ਅਤੇ ਚੀਫ ਸੈਕਟਰੀ ਹਨ। ਜੋ ਪਹਿਲਾਂ ਪੰਚਾਇਤ ਵਿਚ ਸਿੱਧੇ ਪੇਸ਼ ਨਹੀਂ ਹੋ ਸਕਦੇ ਸਨ ਉੁਹ ਅੱਜ ਸਰਪੰਚ, ਐਮ.ਐਲ.ਏ., ਐਮ.ਪੀ., ਮਨਿਸਟਰ, ਚੀਫ ਮਨਿਸਟਰ, ਗਵਰਨਰ ਹਨ। ਜੋ ਪਹਿਲਾਂ ਰਾਸ਼ਟਰ ਦੀ ਮੁੱਖ ਧਾਰਾ ਵਿਚ ਪ੍ਰਵੇਸ਼ ਨਹੀਂ ਕਰ ਸਕਦੇ ਸਨ, ਉਹ ਅੱਜ ਰਾਸ਼ਟਰਪਤੀ ਹਨ।
ਜਿਨ੍ਹਾਂ ਦੇ ਨਾਮ ਪਰ ਪਹਿਲਾਂ ਇੱਕ ਇੰਚ ਜ਼ਮੀਨ ਨਹੀਂ ਹੋ ਸਕਦੀ ਸੀ ਉਹ ਅੱਜ ਕੋਠੀਆਂ-ਜ਼ਮੀਨਾਂ ਦੇ ਮਾਲਕ ਹਨ। ਜਿਹੜੇ ਪਹਿਲਾਂ ਪਿੰਡਾਂ ਤੋਂ ਬਾਹਰ ਝੁੱਗੀਆਂ ਵਿਚ ਦਿਨ ਟਪਾਉਂਦੇ ਸਨ, ਉੁਹ ਅੱਜ ਅਰਬਨ ਅਸਟੇਟਾਂ, ਮਾਡਲ ਟਾਊਨਾਂ ਕਲੋਨੀਆਂ, ਪਾਰਕਾਂ ’ਚ ਕਰੋੜਾਂ ਦੀਆਂ ਆਲੀਸ਼ਾਨ ਕੋਠੀਆਂ ਤੇ ਬੰਗਲਿਆਂ ਵਿਚ ਰਹਿੰਦੇ ਹਨ। ਜਿਨ੍ਹਾਂ ਦੇ ਖਾਣ ਲਈ ਪਹਿਲਾਂ ਜੂਠ ਹੀ ਨਿਸ਼ਚਿਤ ਸੀ, ਉਹ ਅੱਜ ਦੂਜਿਆਂ ਲਈ ਲੰਗਰ ਲਗਾਉਂਦੇ ਹਨ।
ਜੋ ਪਹਿਲਾਂ ਬਜ਼ਾਰਾਂ ਵਿਚ ਨਹੀਂ ਵੜ ਸਕਦੇ ਹਨ, ਉਹ ਅੱਜ ਮਾਰਕੀਟਾਂ ਦੇ ਮਾਲਕ ਹਨ। ਜਿਨ੍ਹਾਂ ਨੂੰ ਪਹਿਲਾਂ ਤਨ ਢੱਕਣ ਲਈ ਸਿਰਫ ਮੁਰਦਿਆਂ ਦੇ ਉਤਾਰੇ ਕੱਫ਼ਣ ਪਹਿਨਣ ਦੀ ਇਜ਼ਾਜ਼ਤ ਸੀ, ਉੁਹ ਅੱਜ ਕੋਟ-ਪੈਂਟਾਂ ਪਾਉਂਦੇ ਹਨ। ਜੋ ਪਹਿਲਾਂ ਮੰਦਰਾਂ, ਗੁਰਦਵਾਰਿਆਂ, ਚਰਚਾਂ, ਡੇਰਿਆਂ ਵਿਚ ਪੈਰ ਨਹੀਂ ਪਾ ਸਕਦੇ ਸਨ, ਉਹ ਅੱਜ ਡਾ. ਅੰਬੇਡਕਰ ਦੇ ਸਦਕਾ ਵੱਡੇ-ਵੱਡੇ ਡੇਰਿਆਂ ਅਤੇ ਆਸ਼ਰਮਾਂ ਦੇ ਮਾਲਿਕ ਹਨ। ਜਿਹੜੇ ਪਹਿਲਾਂ ਕਦੇ ਸੋਨੇ ਦਾ ਗਹਿਣਾ ਨਹੀਂ ਪਹਿਨ ਸਕਦੇ ਸੀ, ਉਹ ਅੱਜ ਆਪਣੇ ਧਰਮ ਸਥਾਨਾਂ ਨੂੰ ਸੋਨੇ ’ਚ ਮੜ੍ਹ ਰਹੇ ਹਨ।
ਜੋ ਪਹਿਲਾਂ ਮੁਜਾਰੇ ਸਨ, ਉਹ ਅੱਜ ਕਿਸਾਨ ਹਨ। ਜੋ ਪਹਿਲਾਂ ਜਗੀਰਦਾਰਾਂ ਦੀਆਂ ਵਗਾਰਾਂ ਭਰਦੇ ਸਨ, ਉਹ ਅੱਜ ਜ਼ਿਮੀਦਾਰ ਹਨ। ਜੋ ਪਹਿਲਾਂ ਖੋਤੀ ਸਿਸਟਮ ਦੇ ਸ਼ਿਕਾਰ ਸਨ, ਉਹ ਅੱਜ ਖੁਦ ਕਾਸ਼ਤਕਾਰ ਹਨ। ਜੋ ਪਹਿਲਾਂ ਬੰਧਕ ਸਨ, ਉਹ ਅੱਜ ਆਜ਼ਾਦ ਹਨ। ਜਿਨ੍ਹਾਂ ਤੋਂ ਪਹਿਲਾਂ ਮੁਫ਼ਤ ਕੰਮ ਲਿਆ ਜਾਂਦਾ ਸੀ, ਉੁਹ ਅੱਜ ਤਨਖਾਹਾਂ ਲੈਂਦੇ ਹਨ। ਜਿਨ੍ਹਾਂ ਨੂੰ ਪਹਿਲਾਂ ਦਿਨ ਰਾਤ ਕੰਮ ਕਰਨਾ ਪੈਂਦਾ ਸੀ ਉਹ ਅੱਜ ਅੱਠ ਘੰਟੇ ਕੰਮ ਕਰਦੇ ਹਨ। ਜੋ ਪਹਿਲਾਂ ਬੰਧਕਾਂ ਦੇ ਪੁੱਤਰ ਬੰਧਕ ਤੇ ਘਾਈ ਦੇ ਪੁੱਤ ਘਾਈ ਸਨ, ਉਹ ਹੁਣ ਡਾਕਟਰ, ਵਕੀਲ, ਇੰਜਨੀਅਰ ਤੇ ਪ੍ਰੋਫੈਸਰ ਬਣ ਰਹੇ ਹਨ। ਜੋ ਪਹਿਲਾਂ ਮਜ਼ਦੂਰ ਦਾ ਪੁੱਤਰ ਮਜ਼ਦੂਰ ਬਣਦਾ ਸੀ, ਉਹ ਅੱਜ ਮਜ਼ਦੂਰ ਤੋਂ ਮਾਲਕ ਬਣ ਰਿਹਾ ਹੈ। ਅੱਜ ਲੱਖਾਂ ਕਰੋੜਾਂ ਦਲਿਤ ਲੋਕ ਮੈਟ੍ਰਿਕ ਹੀਂ ਨਹੀ ਬਲਕਿ ਬੀ.ਏ. ਐਮ.ਏ, ਵਕੀਲ, ਡਾਕਟਰ, ਇੰਜੀਨੀਅਰ, ਜੱਜ, ਡੀ ਸੀ, ਐਸ ਐਸ ਪੀ, ਸੈਕਟਰੀ ਅਫਸਰ ਬਣੇ ਹਨ।
ਔਰਤ ਜੋ ਪਹਿਲਾਂ ਪੈਰ ਦੀ ਜੁੱਤੀ ਕਹੀ ਜਾਂਦੀ ਸੀ ਉਹ ਅੱਜ ਡਾ. ਅੰਬੇਡਕਰ ਸੰਘਰਸ਼ ਤੇ ਭਾਰਤੀ ਸੰਵਿਧਾਨ ਸਦਕਾ ਸਿਰ ਦੀ ਪੱਤ ਬਣ ਗਈ ਹੈ। ਜੋ ਪਹਿਲਾਂ ਅਧਿਕਾਰਾਂ ਤੋਂ ਵੰਚਿਤ ਸੀ ਉਹ ਅੱਜ ਬਰਾਬਰ ਦੇ ਅਧਿਕਾਰਾਂ ਦੀ ਮਾਲਕ ਬਣ ਗਈ ਹੈ। ਜੋ ਪਹਿਲਾਂ ਪਰਾਇਆ ਧੰਨ ਸੀ, ਉਹ ਅੱਜ ਪਿਆਰੀ ਬਣ ਗਈ ਹੈ। ਜਿਸ ਨੂੰ ਪਹਿਲਾਂ ਪਤੀ ਨਾਲ ਸਤੀ ਹੋਣਾ ਪੈਂਦਾ ਸੀ, ਉੁਹ ਅੱਜ ਦੋਬਾਰਾ ਸ਼ਾਦੀ ਕਰ ਸਕਦੀ ਹੈ। ਜਿੱਥੇ ਰਾਜਤੰਤਰ ਸੀ, ਉਥੇ ਅੱਜ ਲੋਕਤੰਤਰ ਹੈ। ਅਨਿਆਂ, ਨਿਆਂ ਬਣ ਰਿਹਾ ਹੈ। ਅਸਮਾਨਤਾ, ਸਮਾਨਤਾ ਵਿਚ ਬਦਲ ਰਹੀ ਹੈ। ਭੇਦ-ਭਾਵ, ਭਾਈਚਾਰੇ ਵਿਚ ਬਦਲ ਰਿਹਾ ਹੈ। ਪਿਛਾਂਹ ਖਿੱਚੂ ਸਮਾਜ ਪ੍ਰਗਤੀਸ਼ੀਲ, ਆਦਰਸ਼ ਸਮਾਜ ਬਣ ਰਿਹਾ ਹੈ। ਵਿਵਸਥਾ ਹੌਲੀ ਹੌਲੀ ਬਦਲ ਰਹੀ ਹੈ। ਕਿਸ ਕਾਰਣ, ਕਿਸ ਸਦਕਾ? ਡਾ. ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਭਰ ਸੰਗਰਾਮ ਸਦਕਾ ਪ੍ਰੀਵਰਤਨ ਆ ਰਿਹਾ ਹੈ।
ਭਾਰਤੀ ਸੰਵਿਧਾਨ ’ਚ ਮਿਲੇ ਅਧਿਕਾਰਾਂ ਕਾਰਨ ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨਾਂ ਵਿੱਚ ਰਾਜਨੀਤਕ ਜਾਗਿ੍ਰਤੀ ਆਈ ਹੈ। ਸਿੱਟੇ ਵਜੋਂ ਦੇਸ਼ ਦੇ ਬਹੁਗਿਣਤੀ ਸਮਾਜ ਦੇ ਲੋਕ ਜੋ ਪਹਿਲਾਂ ਰਾਜਨੀਤੀ, ਰਾਜ ਭਾਗ ਵਿੱਚ ਜੀਰੋਂ ਸਨ ਅੱਜ ਉਹ ਹੁਣ ਅੱਧ ਤੋਂ ਵੱਧ ਰਾਜਨੀਤੀ, 49% ਸਿੱਖਿਆ, ਨੌਕਰੀਆਂ ਉਤੇ, ਕਾਫੀ ਹੱਦ ਤੱਕ ਵਿਉਪਾਰ ਅਤੇ ਭੂਮੀ ਦੇ ਵੀ ਮਾਲਕ ਹਨ।
ਮੌਜੂਦਾ ਸੰਵਿਧਾਨਕ ਕ੍ਰਾਂਤੀ ਸਦਕਾ ਹੀ ਸ੍ਰੀ .ਕੇ. ਆਰ ਨਰਾਇਣ, ਗਿਆਨੀ ਜੈਲ ਸਿੰਘ, ਸ੍ਰੀ ਕੋਵਿੰਦ ਤੇ ਸ਼੍ਰੀਮਤੀ ਮੁਰਮੂ ਰਾਸ਼ਟਰਪਤੀ, ਸ੍ਰੀ ਦੇਵਗੌੜਾ ਪ੍ਰਧਾਨ ਮੰਤਰੀ, ਸ੍ਰੀ ਕਾਂਸ਼ੀ ਰਾਮ, ਮਾਇਆਵਤੀ, ਲਾਲੂ ਪ੍ਰਸ਼ਾਦ ਯਾਦਵ, ਮੁਲਾਇਮ ਸਿੰਘ ਯਾਦਵ, ਕਲਿਆਣ ਸਿੰਘ, ੱਅਖਿਲੇਸ਼ ਸਿੰਘ, ਐਮ ਕਰੂਣਾ ਨਿਧੀ, ਐਮ ਕੇ ਸਟਾਲਿਨ, ਸ਼ਾਰਦ ਯਾਦਵ, ਮੰਗਤ ਰਾਮ ਪਾਸਲਾ, ਰਾਮ ਦਾਸ ਅਠਵਾਲੇ, ਫੁੂਲਨ ਦੇਵੀ, ਬਾਲਯੋਗੀ ਆਦਿ ਬਿਨਾਂ ਖੂਨ-ਖਰਾਬੇ ਦੇ ਮਜੂਦਾ ਸਵਿਧਾਨਕ ਕ੍ਰਾਂਤੀ ਕਾਰਨ ਹੀ ਦੇਸ਼ ਦੇ ਆਗੂ ੱਤੇ ਨੇਤਾ ਬਣੇ ਹਨ।
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਡਾ. ਨੈਲਸਨ ਮੰਡੇਲਾ ਨੇ ਕਿਹਾ, ‘‘ਭਾਰਤੀ ਸੰਵਿਧਾਨ, ਦੱਖਣੀ ਅਫ਼ਰੀਕਾ ਦੇ ਨਵੇਂ ਸੰਵਿਧਾਨ ਲਈ ਇੱਕ ਪ੍ਰੇਰਣਾ ਸ੍ਰੋਤ ਹੈ। ਸਾਨੂੰ ਆਸ ਹੈ ਕਿ ਇਹ ਸਾਨੂੰ ਆਪਣਾ ਨਵਾਂ ਸੰਵਿਧਾਨ ਬਣਾਉਣ ਵਿੱਚ ਸਾਡੀਆਂ ਕੋਸ਼ਿਸ਼ਾਂ ਉਤੇ ਭਾਰਤ ਦੇ ਮਹਾਨ ਸਪੂਤ ਡਾ. ਅੰਬੇਡਕਰ ਦੇ ਕੰਮ ਅਤੇ ਵਿਚਾਰਾਂ ਦੀ ਡੂੰਘੀ ਛਾਪ ਪਾਏਗਾ। ਸਮਾਜਿਕ ਨਿਆਂ ਅਤੇ ਦਲਿਤਾਂ ਦੇ ਕਲਿਆਣ ਪ੍ਰਤੀ ਡਾ. ਅੰਬੇਡਕਰ ਦੀ ਦੇਣ, ਸੰਸਾਰ ਪੱਧਰ ਉਤੇ ਰੀਸ ਕਰਨ ਯੋਗ ਹੈ।’’
ਇੰਗਲੈਂਡ ਦੇ ਪ੍ਰਧਾਨ ਮੰਤਰੀ ਜੌਹਨ ਮੇਜ਼ਰ ਨੇ ਕਿਹਾ, ‘‘ਡਾ. ਅੰਬੇਡਕਰ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਭਾਰਤੀ ਸੰਵਿਧਾਨ ਇੇਨੀ ਮਹੱਤਵਪੂਰਨ ਦੇਣ ਦਿੱਤੀ ਹੈ, ਜਿਸਨੇ ਭਾਰਤ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਪ੍ਰਣਾਇਆ ਹੈ।’’ 7
ਯੂ. ਐਸ. ਏ.ਦੇ ਰਾਸ਼ਟਰਪਤੀ ਮਿਸਟਰ ਬਾਰਾਕ ਹੁਸੈਨ ਉਬਾਮਾ ਨੇ ਕਿਹਾ, ‘‘ਇੱਕ ਦਲਿਤ ਹੋ ਕੇ ਵੀ ਡਾ. ਅੰਬੇਡਕਰ ਨੇ ਆਪਣੇ ਆਪ ਨੂੰ ਇੰਨੀਆਂ ਮਹਾਨ ਉਚਾਈਆਂ ਤੱਕ ਪਹੁੰਚਾਇਆ ਅਤੇ ਆਪਣੀ ਕਲਮ ਨਾਲ ਭਾਰਤੀ ਸੰਵਿਧਾਨ ਦਾ ਹਰ ਇੱਕ ਸ਼ਬਦ ਲਿਖਿਆ ਹੈ, ਜਿਹੜਾ ਕਿ ਹਰ ਭਾਰਤਵਾਸੀ ਦੇ ਅਧਿਕਾਰਾਂ ਦੀ ਰਾਖੀ ਕਰਦਾ ਹੈ।’’ 8
ਫੂਨ-9814517499, ਸਿਵਲ ਕੋਰਟਸ, ਫਗਵਾੜਾ, ਪੰਜਾਬ
ਹਵਾਲੇ ਅਤੇ ਟਿੱਪਣੀਆ-
1. ਅੱਬੇ ਜੇ.ਏ. ਡੂਬਿਅਸ, ‘ਹਿੰਦੂ ਮੈਨਰਜ਼, ਕਸਟਮਜ਼ ਐਂਡ ਸੈਰੀਮਨੀਜ਼, ਸਫਾ 46ੇ
2. 2aba Sahib 4r. 1mbedkar Writings and Speeches vol 5, Page.17
3. 9bid vol 5, Page.18
4. 9bid vol 5, Page.19
5. 9bid vol 5, Page 20,21
6. ਪੰਡਿਤ ਭਖਸ਼ੀ ਰਾਮ , ਮੇਰਾ ਜੀਵਨ ਸੰਘਰਸ਼ ਸਫ਼ਾ
7. 4hananjay Keer, 4r. 1mbedkar Life-Mission, P 517
8. ਇੰਟਰਨੈਟ-ਗੂਗਲ 10 ਅਗਸਤ 2010



