(ਸਮਾਜ ਵੀਕਲੀ)
ਕੀਹਨੂੰ ਦੱਸਾਂ ਫਰੋਲ਼ ਕੇ ਦੁੱਖ ਅਪਣਾਂ ,
ਤੇਰੀ ਯਾਦ ਚ ਹਾਲੋਂ ਬੇਹਾਲ ਹੋਇਆ।
ਅਪਣੇ ਆਪ ਦਾ ਪਤਾ ਨਾਂ ਕੁੱਝ ਲੱਗੇ,
ਜਿਉਣਾਂ ਸੱਜਣਾਂ ਮੇਰਾ ਮੁਹਾਲ ਹੋਇਆ।
ਜ਼ਿੰਦਗੀ ਲੱਗ ਗਈ ਦਾਅ ਤੇ ਦੋਸਤਾ ਓਏ,
ਤੇਰਾ ਹੱਲ ਨਾਂ ਮੈਥੋਂ ਸਵਾਲ ਹੋਇਆ।
ਜ਼ੋਰ ਲਾ ਲਿਆ ਬਦਲਕੇ ਢੰਗ ਸਾਰੇ,
ਸਾਥੋਂ ਖਿੱਚ ਨਾਂ ਤੇਰਾ ਖਿਆਲ ਹੋਇਆ।
ਹੱਥੋਂ ਤੇਰੇ ਮੁਹੱਬਤ ਦੀ ਨਾਲ ਛੁਰੀ,
ਸਾਡਾ ਸੱਜਣਾਂ ਇਸ਼ਕ ਹਲਾਲ ਹੋਇਆ।
ਪਿੰਡਾਂ ਨੰਗਾਂ ਸੀ ਛਮਕਾਂ ਲਈ ਤਿਆਰ ਕਰਿਆ,
ਤੇਰਾ ਲਹਿਜ਼ਾ ਨਾਂ ਹੀਰ ਸਿਆਲ ਹੋਇਆ।
ਪੱਥਰ ਪਿੰਘਲਦੇ ਵੇਖੇ ਮੈਂ ਮੋਮ ਵਾਂਗੂ,
ਤੇਰਾ ਨਖਰਾ ਹੀ ਬਹੁਤ ਕਮਾਲ ਹੋਇਆ।
ਐਧਰ ਮਰਨ ਕਿਨਾਰੇ ਤੇ ਜਿੰਦ ਪਹੁੰਚੀ।
ਓਧਰ ਅਸਰ ਬਰਾਬਰ ਨਾਂ ਵਾਲ ਹੋਇਆ।
“ਕਾਮੀਂ ਵਾਲਿਆ” ਖੱਟਿਆ ਕੀ ਜੱਗ ਵਿੱਚੋਂ,
ਬੱਸ ਇੱਕ ਹੁਸਨ ਦੇ ਪਿੱਛੇ ਕੰਗਾਲ ਹੋਇਆ।
ਸ਼ੁਕਰ ਦੀਨ ਕਾਮੀਂ ਖੁਰਦ