HOME ਹਰਿਆਣਾ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤੇ ਮਤੇ ਪ੍ਰਧਾਨ ਝੀਂਡਾ ਇਕੱਲੇ...

ਹਰਿਆਣਾ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤੇ ਮਤੇ ਪ੍ਰਧਾਨ ਝੀਂਡਾ ਇਕੱਲੇ ਨਹੀਂ ਕਰ ਸਕਦੇ ਰੱਦ – ਜਥੇਦਾਰ ਰਾਮਸਰ , ਜਥੇਦਾਰ ਤਲਾਕੌਰ

1

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਗੁਰਮੀਤ ਸਿੰਘ ਰਾਮਸਰ ਅਤੇ ਜੂਨੀਅਰ ਮੀਤ ਪ੍ਰਧਾਨ ਸ੍ਰ: ਗੁਰਬੀਰ ਸਿੰਘ ਤਲਾਕੌਰ ਨੇ ਮੀਡੀਆ ਨੂੰ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਬਹੁਮੱਤ ਨਾਲ ਪਾਸ ਕੀਤੇ ਹੋਏ ਮਤੇ ਕਮੇਟੀ ਪ੍ਰਧਾਨ ਸ੍ਰ :ਜਗਦੀਸ਼ ਸਿੰਘ ਝੀਂਡਾ ਇਕੱਲੇ ਰੱਦ ਨਹੀਂ ਕਰ ਸਕਦੇ ਉਹ ਕੇਵਲ ਉਸੇ ਨੂੰ ਰੱਦ ਕਰ ਸਕਦੇ ਹਨ ਜੋ ਉਹਨਾਂ ਨੇ ਇਕੱਲੇ ਤੌਰ ਤੇ ਸਬ ਕਮੇਟੀਆਂ ਬਣਾਈਆਂ ਸਨ । ਉਹ ਬਣਾਈਆਂ ਹੀ ਗਲਤ ਗਈਆਂ ਸਨ ।  ਜਿਸ ਦੇ ਖਿਲਾਫ ਅਸੀਂ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਕੋਲ 13 ਮੈਂਬਰ ਸਹਿਬਾਨਾਂ ਨੇ ਸਬੂਤਾਂ ਸਮੇਤ ਪੁੱਜ ਕੇ ਸ਼ਿਕਾਇਤ ਦਰਜ਼ ਕਰਵਾਈ ਹੈ । ਦੋਵੇਂ ਪ੍ਰਧਾਨਾਂ ਨੇ ਮੀਡੀਆ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਬਹੁਮੱਤ ਨਾਲ ਪਾਸ ਹੋਏ ਮਤੇ ਕੇਵਲ 11 ਮੈਂਬਰੀ ਅੰਤ੍ਰਿੰਗ ਕਮੇਟੀ ਹੀ ਰੱਦ ਕਰ ਸਕਦੀ ਹੈ ਕੋਈ ਇਕੱਲਾ ਦੁਕੱਲਾ ਵਿਅਕਤੀ ਨਹੀਂ ਭਾਂਵੇਂ ਪ੍ਰਧਾਨ ਹੀ ਕਿਉਂ ਨਾ ਹੋਵੇ । ਪ੍ਰਧਾਨ ਝੀਂਡਾ ਵੱਲੋਂ ਜੋ ਸਬ ਕਮੇਟੀਆਂ ਅਤੇ ਚੇਅਰਮੈਨੀਆਂ ਰੱਦ ਕਰਨ ਦੀ ਸਟੇਟਮੈਂਟ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਜਾਰੀ ਕੀਤੀ ਗਈ ਹੈ ਉਹ ਇੱਕ ਤਾਂ ਮਿਲਗੋਭਾ ਗੁੰਮਰਾਹਕੁੰਨ ਅਤੇ ਭੁਲੇਖਾ ਪਾਊ ਹੈ । ਸ੍ਰ: ਗੁਰਮੀਤ ਸਿੰਘ ਰਾਮਸਰ ਕਾਲਕਾ ਅਤੇ ਜੂਨੀਅਰ ਮੀਤ ਪ੍ਰਧਾਨ ਸ੍ਰ :ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ ਨੇ ਦੱਸਿਆ ਕਿ ਜੋ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਬਣਾਏ ਗਏ ਸਨ ਉਹ ਬਕਾਇਦਾ ਅੰਤ੍ਰਿੰਗ ਕਮੇਟੀ ਵਿੱਚ ਬਹੁਮੱਤ ਨਾਲ 10 ਮੈਂਬਰਾਂ ਨੇ ਸਾਈਨ ਕਰਕੇ ਮਤਾ ਪਾਸ ਕੀਤਾ ਸੀ ਪਰ ਜੋ ਉਹਨਾਂ ਚੇਅਰਮੈਨਾਂ ਦੇ ਹੇਠਾਂ ਆਪਣੇ ਲੋਕਲ ਰਿਸ਼ਤੇਦਾਰ ਜਾਂ ਪਾਰਟੀ ਦੇ ਬੰਦੇ ਪਾ ਕੇ ਪ੍ਰਧਾਨ ਝੀਂਡਾ ਨੇ ਸਬ ਕਮੇਟੀਆਂ ਬਣਾਈਆਂ ਸਨ ਉਹ ਪ੍ਰਧਾਨ ਝੀਂਡਾ ਨੇ ਇਕੱਲੇ ਤੌਰ ਤੇ ਆਪਣੀ ਮਨਮਰਜ਼ੀ ਦੇ ਨਾਲ ਬਣਾਈਆਂ ਸਨ ਜੋ ਕੇ ਸਰਾਸਰ ਗਲਤ ਸਨ । ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਜਰਨਲ ਹਾਊਸ ਨੇ ਅੰਤ੍ਰਿੰਗ ਕਮੇਟੀ ਨੂੰ ਪਾਵਰਾਂ ਟਰਾਂਸਫਰ ਕੀਤੀਆਂ ਸਨ ਅੰਤ੍ਰਿੰਗ ਕਮੇਟੀ ਨੇ ਕੋਈ ਵੀ ਪਾਵਰ ਪ੍ਰਧਾਨ ਨੂੰ ਟਰਾਂਸਫਰ ਨਹੀਂ ਕੀਤੀ ਸੀ ਕਿਉਂਕਿ ਅੰਤ੍ਰਿੰਗ ਕਮੇਟੀ ਨੂੰ ਪਹਿਲਾਂ ਹੀ ਪਤਾ ਸੀ ਕੇ ਪ੍ਰਧਾਨ ਝੀਂਡਾ ਸਾਹਿਬ ਪ੍ਰਧਾਨ ਬਣਨ ਤੋਂ ਬਾਅਦ ਅਜਿਹੀ ਡਿਕਟੇਟਰਸ਼ਿਪ ਕਰ ਸਕਦੇ ਹਨ ਜੋ ਅੱਜ ਪ੍ਰਧਾਨ ਝੀਂਡਾ ਵੱਲੋਂ ਕੀਤੀ ਜਾ ਰਹੀ ਹੈ । ਦੋਨਾਂ ਪ੍ਰਧਾਨਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਦੱਸਿਆ ਕਿ ਜਾਂ ਤਾਂ ਪ੍ਰਧਾਨ ਝੀਂਡਾ ਸਾਹਿਬ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਹੈ ਜਾਂ ਉਹਨਾਂ ਨੂੰ ਗੁਰਦੁਆਰਾ ਐਕਟ 2014 ਦੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਕਰਕੇ ਉਹ ਅਜਿਹੀ ਝੂਠੀ ਗੁੰਮਰਾਹਕੁੰਨ ਅਤੇ ਗੁਰਦੁਆਰਾ ਐਕਟ ਵਿਰੋਧੀ ਬਿਆਨਬਾਜ਼ੀ ਕਰਕੇ ਕਮੇਟੀ ਨੂੰ ਬਦਨਾਮ ਅਤੇ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ । ਉਹਨਾਂ ਨੇ ਕਿਹਾ ਕਿ ਪ੍ਰਧਾਨ ਝੀਂਡਾ ਨੂੰ ਡਿਕਟੇਟਰਸ਼ਿਪ ਸਬੂਤਾਂ ਤੋਂ ਬਿਨਾਂ ਝੂਠੀ ਬਿਆਨਬਾਜ਼ੀ ਛੱਡ ਸਾਰੀ ਕਮੇਟੀ ਨੂੰ ਇਕੱਠੇ ਬਿਠਾ ਕੇ ਹਰ ਮਸਲੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਹਰ ਮਸਲੇ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ ਅਤੇ ਸਚਾਈ ਸਿੱਖ ਸੰਗਤਾਂ ਦੇ ਸਾਹਮਣੇ ਆ ਸਕੇ । ਦੋਸ਼ ਸਾਬਿਤ ਹੋਣ ਤੇ ਹੀ ਕਿਸੇ ਨੂੰ ਦੋਸ਼ੀ ਕਿਹਾ ਜਾ ਸਕਦਾ ਹੈ । ਇਸ ਸਾਰੇ ਮੁੱਦੇ ਤੇ ਜਦੋਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਅਸੀਂ ਸਾਰੀਆਂ ਸਭ ਕਮੇਟੀਆਂ ਅਤੇ ਚੇਅਰਮੈਨੀਆ ਭੰਗ ਕਰ ਦਿੱਤੀਆਂ ਹਨ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾ ਸਕਦਾ ਹੈ, ਅਦਾਲਤ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ, ਡੇਰਾਬੱਸੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ
Next articleਜੀ.ਜੀ.ਐਨ.ਆਈ.ਵੀ.ਐਸ. ਵੱਲੋਂ ਨਵੇਂ ਵਿਦਿਆਰਥੀਆਂ ਦੇ ਸੁਆਗਤ ਲਈ ਪ੍ਰੇਰਣਾਦਾਇਕ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ