ਜਗਜੀਤ ਭੁਟਾਲ
(ਸਮਾਜ ਵੀਕਲੀ) ਉਸਨੂੰ ਘੜੀ ਦੀਆਂ ਸੂਈਆਂ ਵਾਂਗ 360 ਡਿਗਰੀ ਦੇ ਕੋਣ ਤੇ ਗੋਲ ਗੋਲ ਘੁੰਮਣ ਦੀ ਆਦਤ ਨਹੀਂ। ਜਿਵੇਂ ਘੰਟਾ ਘਰ ਦੀਆਂ ਸੂਈਆਂ ਘੁੰਮਦੀਆਂ ਹਨ। ਉਹ ਜਿਉਮੈਟਰੀ ਦੇ ਪਿਤਾਮਾ ਜਿਉਕਲਿਡ ਦੀ ਸਰਲ ਰੇਖਾ ਵਾਂਗੂੰ ਕੰਡਿਆਲੇ ਰਾਹਾਂ ਅਤੇ ਬਿਖੜੇ ਪੈਂਡਿਆਂ ਦੇ ਲੰਮੇ ਸਫ਼ਰ ਦਾ ਮੁਸਾਫ਼ਿਰ ਬਣ ਕੇ ਚੱਲਣ ਵਿੱਚ ਯਕੀਨ ਰੱਖਦਾ ਹੈ। ਉਹ ਨਾ ਪੋਹ ਦੀਆਂ ਸਰਦ ਰਾਤਾਂ ਦੇਖਦਾ ਹੈ ਅਤੇ ਨਾ ਹੀ ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ। ਉਸਨੂੰ ਸਾਗਰ ਦੇ ਕਿਨਾਰਿਆਂ ਤੇ ਵੀ ਤੁਰਨਾ ਪਸੰਦ ਨਹੀਂ । ਸ਼ੁਰੂ ਤੋਂ ਹੀ ਉਸਦਾ ਮੋਹ ਸਦਾ ਸਾਗਰ ਚੋ ਉੱਠਦੀਆਂ ਛੱਲਾਂ ਤੇ ਲਹਿਰਾਂ ਨਾਲ ਰਿਹਾ ਹੈ। ਕਿਉਂਕਿ ਉਹ ਉਹਨਾਂ ਲੋਕਾਂ ਦੇ ਕਾਫਲੇ ਦਾ ਆਗੂ ਰਿਹਾ ਜੋ ਹਮੇਸ਼ਾ ਸਕੂਨ ਨਾਲ ਸੰਗਰਾਮੀ ਲਹਿਰਾਂ ਦੇ ਸਿਧਾਂਤਕ ਸਫ਼ਰ ਤੇ ਰਹੇ। ਸੂਖਮ ਜਜ਼ਬਿਆਂ ਅਤੇ ਅਹਿਸਾਸਾਂ ਵਾਲਾ ਇਹ ਨਿੱਧੜਕ ਜਰਨੈਲ ਜ਼ਦੋਂ ਆਪਣੀ ਪ੍ਰਤਿਭਾ ਤੇ ਪ੍ਰਤੀਬੱਧਤਾ ਨਾਲ ਮਾਰਕਸੀ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦਾ ਹੈ ਤਾਂ ਮਾਣਮੱਤੇ ਤੇ ਜੇਤੂ ਅਹਿਸਾਸ ਨਾਲ ਅੱਗੇ ਵੱਧਦਾ ਹੈ। ਕਿਉਂਕਿ ਉਸਨੂੰ ਜਵਾਨੀ ਵੇਲੇ ਇਨਕਲਾਬ ਨਾਲ ਇਸ਼ਕ ਹੁੰਦਾ ਸੀ ਝੱਲਿਆਂ ਵਾਂਗ ਤੁਰੇ ਰਹਿਣ ਦਾ। ਜਦੋਂ ਉਸਦਾ ਹੋਰ ਉੱਚਾ ਉੱਡਣ ਦਾ ਮਨ ਕਰਦਾ ਹੈ ਫਿਰ ਉਕਾਬ ਤੋਂ ਘੱਟ ਉਡਾਨ ਨਹੀਂ ਭਰਦਾ। ਉਸਨੂੰ ਰੀਂਘਦੀ ਹੋਈ ਜ਼ਿੰਦਗੀ ਨਾਲ ਕਦੇ ਪਿਆਰ ਨਹੀਂ ਰਿਹਾ ਤੇ ਜ਼ਿੰਦਗੀ ਤੋਂ ਹਾਰੇ ਤੇ ਚੁੱਪ ਬੈਠੇ ਲੋਕਾਂ ਨਾਲ ਕਦੇ ਨਫ਼ਰਤ ਨਹੀਂ। ਆਪਣੇ ਲੋਕਾਂ ਦੀ ਖਾਤਰ ਮਿੱਟੀ ਨਾਲ ਮਿੱਟੀ ਹੋਇਆ ਇਹ ਵਕਤ ਦਾ ਮੁਸਾਫ਼ਿਰ ਜਦੋਂ ਘਰ ਪਰਤਦਾ ਹੈ ਤਾਂ ਤਰਕਾਲਾਂ ਵੀ ਸ਼ਾਨ ਨਾਲ ਸਿਰ ਝੁਕਾ ਕੇ ਸਵਾਗਤ ਕਰਦੀਆਂ ਹਨ। ਅੱਜ ਵੀ ਉਸਦੀ ਹਰ ਸਵੇਰ ਮੁਸ਼ਕਿਲਾਂ ‘ਚ ਘਿਰੇ ਹੋਏ ਲੋਕਾਂ ਦੇ ਹਾਉਕੇ ਤੋਂ ਸ਼ੁਰੂ ਹੁੰਦੀ ਹੈ।
ਆਪਣੇ ਜੀਵਨ ਦੇ ਲੰਮੇਰੇ ਸਫ਼ਰ ਵਿੱਚ ਉਹ ਕਦੇ ਵੀ ਨਿਰਣਿਆਂ ਅਤੇ ਨਿਸ਼ਾਨਿਆਂ ਤੋਂ ਨਹੀਂ ਥਿੜਕਿਆ। ਪਿੰਡ ਦੀਆਂ ਸੱਥਾਂ , ਥਾਣੇ , ਕਚਹਿਰੀਆਂ ਵਿੱਚ ਜਦੋਂ ਕਿਸੇ ਵਿਆਕਤੀ ਨਾਲ ਧੱਕੇਸ਼ਾਹੀ ਹੁੰਦੀ ਹਿੱਕ ਠੋਕ ਕੇ ਉਹਨਾਂ ਨਾਲ ਮੁਹਰਲੀਆਂ ਸਫ਼ਾਂ ਵਿੱਚ ਹਾਜ਼ਰ ਹੁੰਦਾ। ਨਾ ਉਹਨੂੰ ਫੇਰ ਗ੍ਰਿਫਤਾਰ ਹੋਣ ਦਾ ਡਰ ਹੁੰਦਾ ਨਾ ਹੀ ਜੇਲ੍ਹ ਜਾਣ ਦਾ। ਕਿਸੇ ਵੀ ਸੰਘਰਸ਼ ਵੇਲੇ ਉਹਦਾ ਸੰਬੋਧਨੀ ਵਾਕ ਹਵਾ ਵਾਂਗੂੰ ਸਰਸਰਾ ਕੇ ਨਹੀਂ ਲੰਘਿਆ ਹਮੇਸ਼ਾ ਰਾਜਸੀ ਪਾਰਟੀਆਂ ਨੂੰ ਕੰਬਣੀ ਛੇੜਦਾ ਰਿਹਾ ਹੈ। ਆਪਣੇ ਵਿਚਾਰਾਂ ਨਾਲ ਉਸਨੇ ਲੋਕਾਂ ਦੇ ਦੁੱਖ ਦਰਦ ਨੂੰ ਜ਼ਬਾਨ ਦਿੱਤੀ। ਉਸਨੇ ਆਪਣੀ ਪ੍ਰਤੀਬੱਧਤਾ ਲੋਕਾਈ ਨਾਲ ਅਤੇ ਲੋਕਾਈ ਪੱਖੀ ਵਿਚਾਰਧਾਰਾ ਨਾਲ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਨਿਭਾਈ ਅਤੇ ਨਿਭਾਉਂਦਾ ਆ ਰਿਹਾ ਹੈ। ਆਪਣੇ ਸਰੋਕਾਰਾਂ ਨੂੰ ਪ੍ਰਮੁੱਖਤਾ ਨਾਲ ਅੱਗੇ ਰੱਖਦਿਆਂ ਉਹ ਬੜੀ ਸ਼ਿੱਦਤ ਨਾਲ ਸੱਤਾ ਨਾਲ ਸੰਵਾਦ ਰਚਾਉਂਦਾ ਰਿਹਾ। ਜਦੋਂ ਉਹ ਪੇਂਡੂ ਕਿਸਾਨੀ ਦੇ ਬੈਂਕ ਖਾਤਿਆਂ ਦੀਆਂ ਕਾਪੀਆਂ ਦੇ ਕਰਜ਼ ਹੇਠ ਦਬਿਆ, ਸਹਿਮਿਆ ਤੇ ਸੁੰਗੜਿਆ ਭਵਿੱਖ ਦੇਖਦਾ ਤਾਂ ਉਸਦਾ ਹਿਰਦਾ ਵਲੂੰਧਰਿਆ ਜਾਂਦਾ। ਲੋਕ ਮਸਲੇ ਉਭਾਰਨ ਲਈ ਉਹ ਕਦੇ ਪਿੱਛੇ ਨਹੀਂ ਹਟਿਆ। ਇਹ ਹੈ ਸਾਡੇ ਇਲਾਕੇ ਦੀ ਪਹਿਚਾਣ ਅਤੇ ਮਹਾਨ ਸ਼ਖ਼ਸੀਅਤ ਜਗਜੀਤ ਭੁਟਾਲ।
ਜਗਜੀਤ ਭੁਟਾਲ ਦਾ ਜਨਮ 28 – 08 – 1954 ਨੂੰ ਮਾਤਾ ਸ੍ਰੀਮਤੀ ਪ੍ਰਮੇਸ਼ਰੀ ਦੇਵੀ ਦੀ ਕੁੱਖੋਂ ਪਿਤਾ ਸ੍ਰੀ ਰਾਜਾ ਰਾਮ ਦੇ ਘਰ ਪਿੰਡ ਭੁਟਾਲ ਕਲਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਮਾਤਾ ਸ੍ਰੀਮਤੀ ਚੰਨਣ ਦੇਵੀ ਦੇ ਬਹੁਤ ਸੁਚੱਜੇ ਢੰਗ ਨਾਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਮੁੱਢਲੀ ਸਿੱਖਿਆ ਉਹਨਾਂ ਨੇ ਪਿੰਡ ਦੇ ਸਕੂਲ ਵਿੱਚੋਂ ਹਾਸਲ ਕੀਤੀ ਤੇ ਦਸਵੀਂ ਜਮਾਤ ਸ. ਹ.ਸ. ਲਹਿਰਾਗਾਗਾ ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਵਿਚਕਾਰ ਛੱਡ ਕੇ “ਕੋ ਟ੍ਰੇਨਿੰਗ ਸੈਂਟਰ ਨਾਭਾ “ਵਿਖੇ ਕੋਆਪਰੇਟਿਵ ਅਦਾਰੇ ਦਾ ਕੋਰਸ ਪਾਸ ਕੀਤਾ। ਜਗਜੀਤ ਭੁਟਾਲ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਭਰਾ ਸਵ. ਪ੍ਰਿਤਪਾਲ ਦਾ ਬਹੁਤ ਯੋਗਦਾਨ ਰਿਹਾ। ਪ੍ਰਿਤਪਾਲ ਖੇਤੀਬਾੜੀ ਨੂੰ ਸਮਰਪਿਤ ਰਿਹਾ ਤੇ ਜਗਜੀਤ ਭੁਟਾਲ ਆਪਣੀ ਪੜ੍ਹਾਈ ਕਰਦਾ ਰਿਹਾ। ਸਕੂਲ ਸਮੇਂ ਤੋਂ ਹੀ ਜਗਜੀਤ ਨੂੰ ਕਬੱਡੀ ਖੇਡਣ ਦਾ ਵੀ ਬਹੁਤ ਸ਼ੌਕ ਰਿਹਾ। ਮਾਲਵੇ ਦੀ ਮਾਂ ਖੇਡ ਕਬੱਡੀ ਜਾਰੀ ਰੱਖਣ ਕਰਕੇ ਹੀ ਉਹ ਬਾਅਦ ‘ ਚ ਪੇਂਡੂ ਟੂਰਨਾਮੈਂਟਾਂ ਵਿੱਚ 60 ਕਿਲੋ ਵਜ਼ਨੀ ਤੇ ਓਪਨ ਕਬੱਡੀ ਦੇ ਵਧੀਆ ਖਿਡਾਰੀ ਰਹੇ। ਕਾਲਜ ਸਮੇਂ ਤੈਰਾਕੀ ਤੇ ਪੋਲ ਵਾਲਟ ਖੇਡਾਂ ਖੇਡੀਆਂ।
ਕਾਲਜ ਵਿੱਚ ਪੜ੍ਹਦਿਆਂ ਉਹਨਾਂ ਦਾ ਵਾਹ ਵਾਸਤਾ ‘ਪੰਜਾਬ ਸਟੂਡੈਂਟਸ ਯੂਨੀਅਨ’ ਨਾਲ ਪਿਆ। 1972 ਵਿੱਚ ਮੋਗਾ ਐਜੀਟੇਸਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹਨਾਂ ਨੇ 1977 ਵਿੱਚ ਆਪਣੇ ਪਿੰਡ ਭੁਟਾਲ ਕਲਾਂ ਵਿਖੇ “ਨੌਜਵਾਨ ਭਾਰਤ ਸਭਾ” ਦੀ ਉਸਾਰੀ ਕੀਤੀ। ਫਿਰ ਇਲਾਕੇ ਵਿੱਚ ਹੋਰ ਵੀ ਸਭਾਵਾਂ ਬਣਾਈਆਂ। ਜਗਜੀਤ ਭੁਟਾਲ ਤੇ ਉਹਨਾਂ ਦੇ ਸਾਥੀਆਂ ਦੇ ਸਹਿਯੋਗ ਤੇ ਹਿੰਮਤ ਸਦਕਾ ਸਰਗਰਮੀਆਂ ‘ ਚ ਲਹਿਰਾ – ਸੁਨਾਮ ਇਲਾਕਾ ਸਾਰੇ ਪੰਜਾਬ ਵਿੱਚੋਂ ਅੱਵਲ ਰਿਹਾ। ਨੌਜਵਾਨ ਭਾਰਤ ਸਭਾ ‘ ਚ ਕੰਮ ਕਰਦਿਆਂ ਉਹਨਾਂ ਨੇ “ਪੇਂਡੂ ਨਾਟਕ ਮੰਡਲੀ ਲਹਿਰਾਗਾਗਾ ” ਦੀ ਸਥਾਪਨਾ ਕੀਤੀ। ਪੰਜਾਬ ਦੇ ਸੈਂਕੜੇ ਪਿੰਡਾਂ ‘ਚ ਨਾਟਕ ਖੇਡਦਿਆਂ ਅਹਿਮ ਰੋਲ ਅਦਾ ਕੀਤੇ। ਵਿਸ਼ੇਸ਼ ਕਰਕੇ “ਪਗੜੀ ਸੰਭਾਲ ਜੱਟਾ ਤੇ ਪ੍ਰਿਥੀ ਤੇਰਾ ਕਾਜ ਅਧੂਰਾ ” ਆਦਿ ਨਾਟਕ ਖੇਡੇ। ਨਾਟਕਾਂ ਦੀ ਟੀਮ ਨੇ ਪਿੰਡਾਂ ਵਿੱਚ ਨੌਜਵਾਨ ਭਾਰਤ ਸਭਾ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਈ। 1980- 1981 ਵਿੱਚ ਨੌਜੁਆਨ ਸਭਾਵਾਂ ਅਤੇ ਪੀ. ਐਸ. ਯੂ. ਦੀ ਐਕਸ਼ਨ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਮਿਸਾਲੀ ਕਿਰਾਇਆ ਘੋਲ਼ ਲੜਿਆ। ਇਸ ਘੋਲ਼ ਵਿੱਚ ਜਗਜੀਤ ਭੁਟਾਲ ਸਮੇਤ ਨੌ ਵਿਆਕਤੀਆਂ ਤੇ ਝੂਠੇ ਕੇਸ ਪਾਏ ਗਏ। ਚਾਰ ਸਾਲ ਚੱਲੇ ਕੇਸ ਵਿੱਚੋਂ ਸਭ ਬਾਇੱਜ਼ਤ ਬਰੀ ਹੋਏ। ਇਸ ਸਮੇਂ ਜਗਜੀਤ ਦੇ ਛੋਟੇ ਭਰਾ ਪ੍ਰਿਤਪਾਲ ਨੂੰ ਸਰਕਾਰੀ ਜਬਰ ਤੇ ਜ਼ਲਾਲਤ ਦਾ ਸ਼ਿਕਾਰ ਹੋਣਾ ਪਿਆ। 1973 – 74 ਵਿੱਚ ਲਹਿਰਾਗਾਗਾ ਵਿਖੇ ਅਗਾਂਹਵਧੂ ਸੰਸਥਾ “ਸੱਭਿਆਚਾਰਕ ਸਭਾ ਲਹਿਰਾਗਾਗਾ” ਕੰਮ ਕਰ ਰਹੀ ਸੀ ਉਸਦਾ ਵੀ ਅੰਗ ਬਣੇ। 1978 – 79 ‘ਚ ਲਹਿਰਾਗਾਗਾ ਵਿਖੇ “ਮਜ਼ਦੂਰ ਮੁਲਾਜ਼ਮ ਤਾਲਮੇਲ ਕਮੇਟੀ” ਬਣਾਈ। ਉਸ ਵਿੱਚ ਵੀ ਤਨਦੇਹੀ ਨਾਲ ਕੰਮ ਕੀਤਾ।
23 ਮਾਰਚ 1978 ਨੂੰ ਪਿੰਡ ਭੁਟਾਲ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਦੀ ਸਮਾਪਤੀ ਤੇ ਸ਼ਹੀਦ ਭਗਤ ਸਿੰਘ ਦੀ ਮਹੱਤਵਪੂਰਨ ਲਿਖਤ “ਮੈਂ ਨਾਸਤਿਕ ਕਿਉਂ ਹਾਂ ਅਤੇ ਡਰੀਮਲੈਂਡ ਦੀ ਭੂਮਿਕਾ” ਪੰਜਾਬੀ ਵਿੱਚ ਅਨੁਵਾਦ ਕਰਵਾਕੇ ਪਹਿਲੀ ਵਾਰ ਪਿੰਡ ਭੁਟਾਲ ਕਲਾਂ ਤੋਂ ਰਲੀਜ਼ ਕੀਤੀ। 1985 – 86 ‘ਚ ਫਿਰਕੂ ਜ਼਼ਹਿਰਾਂ ਤੋਂ ਪਾਕ ਰੱਖਣ ਲਈ ” ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ “ਪੰਜਾਬ ‘ਚ ਅਹਿਮ ਰੋਲ ਅਦਾ ਕੀਤਾ। ਦਸੰਬਰ 1988 ਵਿੱਚ ਸਵ. ਹਰੀ ਸਿੰਘ ਤਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਹਿਰਾਗਾਗਾ ਵਿਖੇ “ਲੋਕ ਚੇਤਨਾ ਮੰਚ ” ਦੀ ਸਥਾਪਨਾ ਕੀਤੀ ਤੇ ਇਸ ਦਾ ਬਕਾਇਦਾ ਲਿਖਤੀ ਸੰਵਿਧਾਨ ਬਣਾਇਆ ਗਿਆ। ਜਗਜੀਤ ਭੁਟਾਲ ਇਸ ਮੰਚ ਦੇ ਪਹਿਲੇ ਪ੍ਰਧਾਨ ਬਣੇ। ਉਹਨਾਂ ਦੀ ਪ੍ਰਧਾਨਗੀ ਹੇਠ ਇਸ ਮੰਚ ਵੱਲੋਂ ਕਈ ਮਿਸਲੀ ਘੋਲ ਲੜੇ ਗਏ। ਇਹ ਸਿਰਮੌਰ ਸੰਸਥਾ ਅੱਜ ਕੱਲ ਵੀ ਕੰਮ ਕਰ ਰਹੀ ਹੈ। 1995 ਵਿੱਚ ਪੰਜਾਬ ਦੀਆਂ ਸਾਰੀਆਂ ਇਨਕਲਾਬੀ ਧਿਰਾਂ ਦੀ ਸਾਂਝੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਬਣੀ। ਇਸ ਜਥੇਬੰਦੀ ਵਿੱਚ ਵੀ ਸੂਬਾ ਪੱਧਰੀ ਜ਼ਿੰਮੇਵਾਰੀਆਂ ਨਿਭਾਈਆਂ। 1978 – 79 ‘ ਚ “ਜਮਹੂਰੀ ਅਧਿਕਾਰ ਸਭਾ ” ਦੀ ਉਸਾਰੀ ਕੀਤੀ ਗਈ। ਉਹ ਇਸਦੇ ਬਾਨੀ ਮੈਂਬਰ ਬਣੇ। ਅੱਜ ਕੱਲ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕਰ ਰਹੇ ਹਨ।
01 – 10 -1978 ਨੂੰ ਉਹਨਾਂ ਨੇ ਪਿੰਡ ਜਲੂਰ ਤੇ ਕਾਲਵੰਜਾਰਾ ਦੀ ਸਾਂਝੀ ਸੁਸਾਇਟੀ ‘ਚ ਕੈਸ਼ੀਅਰ ਦੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਸ ਵਕਤ ਕੋਆਪਰੇਟਿਵ ਅਦਾਰੇ ਦਾ ਕੋਈ ਕ਼ਾਇਦਾ ਕਾਨੂੰਨ ਨਹੀਂ ਸੀ, ਸਰਵਿਸ ਰੂਲਜ ਨਹੀਂ ਸਨ। ਇਸ ਕਰਕੇ ਉਹਨਾਂ ਨੇ ਮਹਿਕਮੇ ਦੀ ਜਥੇਬੰਦੀ ਦੀ ਉਸਾਰੀ ਕੀਤੀ। ਮਾਲਵੇ ਦੇ ਸੱਤ ਜ਼ਿਲਿਆਂ ‘ਚ ਜਥੇਬੰਦੀ ਦੀ ਲਾਮਬੰਦੀ ‘ ਚ ਡਿਊਟੀ ਲੱਗੀ। ਜੋ ਇਮਾਨਦਾਰੀ ਨਾਲ ਨਿਭਾਈ। ਮੁਲਾਜ਼ਮ ਮੰਗਾਂ ਦੀ ਪੂਰਤੀ ਪੰਜਾਬ ਪੱਧਰ ਤੇ ਹੜਤਾਲਾਂ, ਧਰਨੇ, ਮੁਜ਼ਾਹਰੇ ਹੋਏ। ਇਸ ਤੋਂ ਬਾਅਦ 1981 ‘ਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋਇਆ। ਸਿੱਟੇ ਵਜੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ ਚ ਤਿੰਨ ਮਹੀਨੇ ਸਾਥੀਆਂ ਨਾਲ ਅੰਦਰ ਰਹੇ। ਕੋਈ ਜ਼ਮਾਨਤ ਨਹੀਂ ਕਰਵਾਈ। ਮੁਲਾਜ਼ਮ ਮੰਗਾਂ ਦੀ ਪ੍ਰਾਪਤੀ, ਸਰਵਿਸ ਰੂਲਜ ” ਐਜ ਪਰ ਪੰਜਾਬ ਗੌਰਮਿੰਟ” ਲਾਗੂ ਕਰਵਾਇਆ। 1983 ਵਿੱਚ ਜੇਲ੍ਹ ਭਰੋ ਅੰਦੋਲਨ ਦੁਬਾਰਾ ਚੱਲਿਆ। ਦੋ ਮਹੀਨੇ ਫਿਰ ਉਸੀ ਜੇਲ੍ਹ ਵਿੱਚ ਰਹੇ। ਫਿਰ ਕੁਝ ਮੰਗਾਂ ਦੀ ਪ੍ਰਾਪਤੀ ਤੋਂ ਬਾਅਦ ਜਿੱਤ ਦੇ ਜੈਕਾਰਿਆਂ ਨਾਲ ਬਾਹਰ ਆਏ। ਸੂਬੇ ਦੇ ਇਜਲਾਸ ਵਿੱਚ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਗਜੀਤ ਭੂਟਾਲ ਸਹਿਕਾਰੀ ਸਭਾਵਾਂ ਪੰਜਾਬ ਦਾ ਕੱਦਾਵਰ ਨੇਤਾ ਰਿਹਾ ਹੈ। ਜੋ ਕਿਸਾਨ ਮਸਲਿਆਂ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ। ਕਿਸਾਨਾਂ ਦੀ ਆਰਥਿਕ ਦਿਸ਼ਾ ਤੇ ਦਸ਼ਾ , ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ , ਕਰਜੇ ਦੀ ਮਾਰ ਹੇਠ ਆਈ ਕਿਸਾਨੀ ਬਾਰੇ ਹਮੇਸ਼ਾ ਕਿਸਾਨਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਉਹ ਕਿਸਾਨ ਜਥੇਬੰਦੀਆਂ ‘ਚ ਬੜੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਹ ਇੱਕ ਪੈੜ ਨੂੰ ਕਾਫਲੇ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ। ਉਹ ਤੁਰਦਾ ਇਕੱਲਾ ਐ ਪਰ ਮੰਜਿਲ ਤੇ ਪਹੁੰਚਣ ਤੱਕ ਕਾਰਵਾਂ ਬਣ ਜਾਂਦੈ। ਜਗਜੀਤ ਭੁਟਾਲ ਅਗਸਤ 2014 ਵਿੱਚ ਲੱਗਭੱਗ 36 ਸਾਲ ਦੀਆਂ ਸੇਵਾਵਾਂ ਨਿਭਾ ਕੇ ਇਸ ਅਦਾਰੇ ਵਿੱਚੋਂ ਸੇਵਾ ਮੁਕਤ ਹੋਏ। ਇੱਕ ਬੇਹੱਦ ਇਮਾਨਦਾਰ ਸ਼ਖ਼ਸੀਅਤ ਸ. ਬਲਵੀਰ ਸਿੰਘ ਸੋਹੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਜਗਜੀਤ ਭੁਟਾਲ ਦੇ ਆਦਰਸ਼ ਰਹੇ।
ਜਗਜੀਤ ਭੁਟਾਲ 30 ਮਾਰਚ 1986 ਨੂੰ ਸ਼ਹੀਦ ਮੇਘਰਾਜ ਭਗਤੂਆਣਾ ਦੀ ਭੈਣ ਸ੍ਰੀਮਤੀ ਕਾਂਤਾ ਦੇਵੀ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ। ਇਹ ਵਿਆਹ ਬਿਨਾਂ ਦਾਜ ਦਹੇਜ ਅਤੇ ਪਿਛਾਂਹ ਖਿੱਚੂ ਰਸਮਾਂ ਰਿਵਾਜਾਂ ਨੂੰ ਪਿੱਛੇ ਛੱਡਦੇ ਹੋਏ ਸਿਰਫ ਹਾਰ ਪਹਿਨਾ ਕੇ ਸੰਪਨ ਕੀਤਾ। ਇਸ ਵਿਆਹ ਵਿੱਚ ਸਵ. ਨਾਮਦੇਵ ਭੁਟਾਲ, ਬ੍ਰਹਮਦੇਵ ਸ਼ਰਮਾ, ਮੇਘਰਾਜ ਭਗਤੂਆਣਾ ਨੇ ਸਾਦੇ ਵਿਆਹ ਦੀ ਰਸਮ ਅੱਗੇ ਤੋਰਨ ਲਈ ਵਿਚਾਰ ਪੇਸ਼ ਕੀਤੇ। ਜਗਰਾਜ ਧੌਲਾ ਅਤੇ ਭੂਰਾ ਸਿੰਘ ਮਹਿਮਾ ਸਰਜਾ ਦੀ ਸੰਗੀਤ ਮੰਡਲੀ ਵੱਲੋਂ ਲੋਕ ਪੱਖੀ ਗੀਤ ਸੰਗੀਤ ਪੇਸ਼ ਕੀਤਾ ਗਿਆ। ਸ੍ਰੀਮਤੀ ਕਾਂਤਾ ਦੇਵੀ ਨੇ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਲੋਕ ਪੱਖੀ ਲਹਿਰਾਂ ਦਾ ਆਗੂ ਬਣਾਇਆ। ਉਹਨਾਂ ਦੀ ਹਮਸਫ਼ਰ ਸ੍ਰੀਮਤੀ ਕਾਂਤਾ ਦੇਵੀ ਨੇ ਆਪਣੇ ਭਰਾ ਮੇਘਰਾਜ ਭਗਤੂਆਣਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਦੋਵੇਂ ਬੱਚਿਆਂ ਬੇਟੀ ਕਮਲ ਤੇ ਬੇਟੇ ਕੁਲਦੀਪ ਨੂੰ ਆਪਣੇ ਕੋਲ ਲਿਆਂਦਾ ਤੇ ਵਧੀਆ ਤਾਲੀਮ ਦਿਵਾਈ। ਅੱਜ ਕੱਲ ਇਹ ਦੋਵੇਂ ਬੱਚੇ ਸਰਕਾਰੀ ਨੌਕਰੀ ਵਿਚ ਹਨ।
ਇਹ ਇਲਾਕੇ ਦਾ ਇੱਕ ਨਿਧੜਕ ਤੇ ਲੋਕ ਪੱਖੀ ਆਗੂ ਹੈ। ਪੰਜਾਬ ਦੀ ਐਸੀ ਕੋਈ ਸਟੇਜ ਨਹੀਂ ਜਿੱਥੇ ਇਨ੍ਹਾਂ ਦੇ ਭਾਸ਼ਣ ਨੇ ਲੋਕਾਂ ਨੂੰ ਕਾਇਲ ਨਾ ਕੀਤਾ ਹੋਵੇ। ਲੋਕਾਂ ਨੂੰ ਲਾਮਬੰਦ ਕਰਨ ਵਿਚ ਇਹਨਾਂ ਨੂੰ ਖਾਸ ਮੁਹਾਰਤ ਹਾਸਲ ਹੈ। ਲੱਛੇਦਾਰ ਬੋਲੀ ਤੇ ਖੋਜ ਭਰਪੂਰ ਤੱਥਾਂ ਕਰਕੇ ਇਹ ਲੋਕਾਂ ਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖਦੇ ਹਨ।ਅਜਿਹੇ ਨਿਧੜਕ ਜਰਨੈਲ ਦੀ ਹਮੇਸ਼ਾ ਪੰਜਾਬ ਵਿੱਚ ਥੁੜ ਰੜਕਦੀ ਰਹੀ ਹੈ। ਉਹਨਾਂ ਨੇ ਹਮੇਸ਼ਾ ਹੱਕ ਮੰਗਦੇ ਲੋਕਾਂ ਦੀ ਅਵਾਜ਼ ਨੂੰ ਕੁਚਲਣ ਦਾ ਵਿਰੋਧ ਕੀਤਾ। ਸਮਾਜਿਕ , ਆਰਥਿਕ ਵਿਵਸਥਾ ਦੇ ਅਣਸੁਖਾਵੇਪਣ ਕਾਰਨ ਨਪੀੜੇ ਤੇ ਸਾਧਨਹੀਣ ਲੋਕ ਇਹਨਾਂ ਦੀ ਪਹਿਲੀ ਤਰਜੀਹ ਰਹੇ ਹਨ। ਜਿੰਨਾ ਵਾਸਤੇ ਜਮੀਨੀ ਪੱਧਰ ਤੇ ਕੰਮ ਕੀਤਾ। ਪ੍ਰਗਤੀਵਾਦੀ ਦੌਰ ਦਾ ਇਹ ਆਗੂ ਹਮੇਸ਼ਾ ਵਰਤਮਾਨ ਸਮਾਜਿਕ ਯਥਾਰਥ ਨਾਲ ਨਜਿੱਠਣ ਲਈ ਪ੍ਰਤੀਬੱਧ ਰਿਹਾ ਹੈ। ਮਾਰਕਸਵਾਦੀ ਸਿਧਾਂਤ ਦੇ ਸਮਰਥਕ ਹੋਣ ਕਰਕੇ ਇਸਨੂੰ ਇਨਕਲਾਬ ਲਈ ਸ਼ੰਘਰਸ਼ ਕਰ ਰਹੀ ਪ੍ਰੋਲੇਤਾਰੀ ਜਮਾਤ ਦੀ ਭਵਿੱਖ ਵਿੱਚ ਹੋਣ ਵਾਲੀ ਜਿੱਤ ਵਿਚੋਂ ਵੀ ਹਮੇਸ਼ਾ ਵਿਸ਼ਵਾਸ ਰਿਹਾ ਹੈ। ਪਿਛਲੇ ਦਿਨੀਂ ਉਹਨਾਂ ਨੂੰ ਅਚਾਨਕ ਹਰਟ ਅਟੈਕ ਆ ਗਿਆ ਸੀ। ਉਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ। ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਵੀ ਉਹ ਕਿਤੇ ਧਰਨਾ, ਰੈਲੀ, ਮੁਜ਼ਾਹਰਾ ਹੋਵੇ ਜ਼ਰੂਰ ਪਹੁੰਚਦੇ ਹਨ। ਉਹਨਾਂ ਨੇ ਆਪਣਾ ਸਾਰਾ ਜੀਵਨ ਲੋਕ ਪੱਖੀ ਲਹਿਰਾਂ ਨੂੰ ਸਮਰਪਿਤ ਕੀਤਾ ਹੋਇਆ ਹੈ। ਬੱਚੇ ਤੋਂ ਲੈ ਕੇ ਬਜੁਰਗ ਤੱਕ ਉਹ ਸਭ ਨੂੰ ਸਨਮਾਨ ਦਿੰਦੇ ਹਨ ਤੇ ਸਭ ਦਾ ਸਤਿਕਾਰ ਕਰਦੇ ਹਨ।
ਸਨੀ ਸੇਖੂਵਾਸ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



