ਮਜ਼ਦੂਰਾਂ ਨੇ ਦਰਜ਼ ਪਰਚੇ ਨੂੰ ਨਜਾਇਜ਼ ਦਸਦਿਆਂ ਬੀਡੀਪੀਓ ਦਫਤਰ ਦਾ ਚਾਰ ਘੰਟੇ ਕੀਤਾ ਜ਼ਬਰਦਸਤ ਘਿਰਾਓ
100 ਦਿਨ ਰੁਜ਼ਗਾਰ ਤੇ ਹੱਕਾਂ ਦੀ ਮੰਗ ਕਰਨਾ ਪਿਆ ਮਹਿੰਗਾ – ਤਰਸੇਮ ਪੀਟਰ
ਜਲੰਧਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ) -ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਸਮਪੁਰ ਦੀ ਗ੍ਰਾਮ ਸਭਾ ਵਿਚ ਚਲ ਰਹੇ ਆਮ ਇਜਲਾਸ ਦੌਰਾਨ ਪੰਚਾਇਤ ਐਕਟ ਦਾ ਹਵਾਲਾ ਦਿੰਦਿਆਂ ਸਰਪੰਚ ਵੱਲੋਂ ਪਿੰਡ ਦੀ ਸਾਬਕਾ ਮੇਟ ਅਤੇ ਸਾਥੀਆਂ ਤੇ ਕਰਵਾਏ ਪਰਚੇ ਦਾ ਮਾਮਲਾ ਰੁਕਣ ਦੀ ਥਾਂ ਤੂਲ ਫੜਦਾ ਨਜ਼ਰ ਆ ਰਿਹਾ ਹੈ। ਗ੍ਰਾਮ ਪੰਚਾਇਤ ਮਹਿਸਮਪੁਰ ਦੇ ਸਰਪੰਚ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟੀਕਰਨ ਦੇਣ ਤੇ ਮਜ਼ਦੂਰ ਯੂਨੀਅਨ ਵੱਲੋਂ ਇਨਸਾਫ਼ ਦੀ ਜੰਗ ਦਾ ਬਿਗੁਲ ਵਜਾਉਂਦਿਆਂ ਬੀਡੀਪੀਓ ਦਫ਼ਤਰ ਮਹਿਤਪੁਰ ਦਾ ਜਬਰਦਸਤ ਘਿਰਾਓ ਕੀਤਾ ਅਤੇ ਸਾਥੀਆਂ ਤੇ ਕੀਤੇ ਪਰਚੇ ਨੂੰ ਨਜਾਇਜ਼ ਦਸਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਪ੍ਰੈਸ ਨੋਟ ਜਾਰੀ ਕਰਦਿਆਂ ਮਜ਼ਦੂਰ ਆਗੂਆਂ ਨੇ ਪ੍ਰੈਸ ਨੋਟ ਵਿੱਚ ਕਿਹਾ ਕਿ ਪਿੰਡ ਮਹਿਸਮਪੁਰ ਦੀ ਗ੍ਰਾਮ ਸਭਾ ਵਿਚ ਮਨਰੇਗਾ ਵਰਕਰਾਂ ਵੱਲੋਂ ਕੰਮ ਦੀ ਮੰਗ ,ਪੰਚਾਇਤੀ ਜਮੀਨ ਚੋਂ ਦਲਿਤਾਂ ਦੇ ਤੀਜਾ ਹਿੱਸਾ ਬੇ ਜ਼ਮੀਨ ਤੇ ਪੰਜ ਪੰਜ ਮਰਲੇ ਦਾ ਪਲਾਟ ਦੇਣ ਦਾ ਮਤਾ ਦਲਿਤਾਂ ਨੂੰ ਮਹਿੰਗਾ ਪਿਆ ਪਿੰਡ ਦੇ ਸਰਪੰਚ ਨੇ ਤੈਸ਼ ਵਿਚ ਆ ਕੇ ਗ੍ਰਾਮ ਸਭਾ ਦੀ ਪ੍ਰਧਾਨਗੀ ਦੀ ਕੁਰਸੀ ਛੱਡੀ ਥਾਣੇ ਜਾ ਕੇ ਦਲਿਤ ਮਜ਼ਦੂਰਾਂ ਵਿਰੁੱਧ ਬੀਡੀਪੀਓ ਦਫਤਰ ਦੇ ਸਕੱਤਰ ਸੁਰਜੀਤ ਕੁਮਾਰ ਦੀ ਮਿਲੀ ਭੁਗਤ ਨਾਲ ਪਰਚਾ ਦਰਜ ਕਰਵਾ ਕੇ ਮਨਰੇਗਾ ਮਜ਼ਦੂਰਾਂ ਨੂੰ ਥਾਣੇ ਬੰਦ ਕਰਵਾ ਦਿੱਤਾ। ਜਿਸ ਤੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਆਏ ਮਨਰੇਗਾ ਵਰਕਰਾਂ ਅਤੇ ਉਨ੍ਹਾਂ ਦੇ ਹਮਾਇਤ ਵਿਚ ਆਏ ਕਿਸਾਨਾਂ ਨੇ 4 ਘੰਟੇ ਤੱਕ ਬੀਡੀਪੀਓ ਦਫਤਰ ਮਹਿਤਪੁਰ ਦਾ ਘਿਰਾਉ ਕੀਤਾ ਤੇ ਮੰਗ ਕੀਤੀ ਕਿ ਸਰਪੰਚ ਦਲਬੀਰ ਸਿੰਘ ਅਤੇ ਪੰਚਾਇਤ ਸਕੱਤਰ ਸੁਰਜੀਤ ਕੁਮਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵੱਖ- ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪਿੰਡ ਦਾ ਸਰਪੰਚ ਆਪਣੇ ਖਾਸਮਖਾਸ ਪਰਿਵਾਰਾਂ ਦੇ ਲੋਕਾਂ ਕੋਲੋਂ ਦੋਹਰੀ ਹਾਜ਼ਰੀ ਲਗਵਾ ਕੇ ਬੀ ਡੀ ਪੀ ਓ ਦਫਤਰ ਦੀ ਮਿਲੀ ਭੁਗਤ ਨਾਲ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ। ਦੂਜੇ ਪਾਸੇ ਲੋੜਵੰਦ ਮਨਰੇਗਾ ਵਰਕਰਾਂ ਨੂੰ ਲਿਖਤੀ ਰੂਪ ਵਿਚ ਕੰਮ ਦੀ ਮੰਗ ਕਰਨ ਤੇ ਨਾ ਤਾਂ ਕੰਮ ਦਿੱਤਾ ਜਾਂਦਾ ਅਤੇ ਨਾ ਹੀ ਮੰਗਿਆਈ ਭੱਤਾ। ਉਨ੍ਹਾਂ ਪ੍ਰੈਸ ਨੋਟ ਵਿੱਚ ਆਖਿਆ ਕਿ ਮਜ਼ਦੂਰ ਸਰਪੰਚ ਕੋਲ ਜੋਬ ਕਾਰਡ ਬਣਾਉਣ ਲਈ ਦਰਖਾਸਤ ਤਸਦੀਕ ਕਰਾਉਣ ਜਾਂਦੇ ਹਨ। ਉਹਨਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਮੈਂ ਪੰਜ ਸਾਲ ਤੱਕ ਸਰਪੰਚ ਰਹਿਣਾ ਹੈ। ਤੁਸੀਂ ਸਾਨੂੰ ਵੋਟ ਨਹੀਂ ਪਾਈ ਇਸ ਲਈ ਪੰਜ ਸਾਲ ਤੁਹਾਡੇ ਕਾਗਜ਼ਾਂ ਤੇ ਦਸਤਖਤ ਨਹੀਂ ਕਰਨੇ। ਬੀਡੀਪੀਓ ਦਫ਼ਤਰ ਰੈਲੀ ਵਿਚ ਪਿੰਡ ਦੇ ਲੋਕਾਂ ਨੇ ਸਰਪੰਚ ਨੂੰ ਵੰਗਾਰਦਿਆਂ ਕਿਹਾ ਉਹ ਮੀਡੀਆ ਦੇ ਇਕ ਹਿੱਸੇ ਨੂੰ ਗੁਮਰਾਹ ਕਰ ਰਿਹਾ ਹੈ ਕਿ ਇਹ ਲੋਕ ਮੇਰੇ ਪਿੰਡ ਦੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਜੇ ਉਸ ਕੋਲ ਕੋਈ ਸੱਚਾਈ ਹੈ ਤਾਂ ਉਹ ਕਿਸੇ ਵੀ ਪਲੇਟਫਾਰਮ ਤੇ ਸਬੂਤਾਂ ਸਮੇਤ ਸਾਬਤ ਕਰਕੇ ਦਿਖਾਵੇ ਕਿ ਉਹ ਉਸ ਦੇ ਪਿੰਡ ਦੇ ਵੋਟਰ ਨਹੀਂ ਹਨ। ਅਸੀਂ ਜੇ ਸਰਪੰਚ ਤੇ ਭਰਿਸ਼ਟਾਚਾਰ ਦੇ ਦੋਸ਼ ਲਾ ਰਹੇ ਹਾਂ ਤਾਂ ਸਾਡੇ ਕੋਲ ਪੁਖਤਾ ਸਬੂਤ ਹਨ। ਲੋੜ ਪੈਣ ਤੇ ਅਸੀਂ ਆਰ ਟੀ ਆਈ ਦੁਆਰਾ ਲਈ ਗਈ ਸੂਚਨਾ ਲੋਕ ਕਚਹਿਰੀ ਵਿਚ ਹਾਜ਼ਰ ਕਰ ਦਵਾਂਗੇ। ਉਹਨਾਂ ਨੇ ਕਿਹਾ ਕਿ ਗ੍ਰਾਮ ਸਭਾ ਸਾਨੂੰ ਅਧਿਕਾਰ ਦਿੰਦੀ ਹੈ ਕੀ ਗ੍ਰਾਮ ਸਭਾ ਵਿਚ ਅਸੀ ਸੰਵਿਧਾਨ ਦੁਆਰਾ ਸਾਨੂੰ ਦਿੱਤੇ ਗਏ ਬੁਨਿਆਦੀ ਹੱਕਾਂ ਲਈ ਮਤਾ ਪੇਸ਼ ਕਰ ਸਕੀਏ । ਗ੍ਰਾਮ ਸਭਾ ਸਰਪੰਚ ਦੀ ਕੋਈ ਜਗੀਰ ਨਹੀ ਜੋ ਇਹ ਮੀਡੀਆ ਨੂੰ ਕਹਿ ਰਿਹਾ ਹੈ ਕਿ ਅਸੀਂ ਤਾਂ ਇਹਨਾਂ ਨੂੰ ਗ੍ਰਾਮ ਸਭਾ ਵਿਚ ਬੁਲਾਇਆ ਹੀ ਨਹੀਂ ਉਹ ਕੌਣ ਹੁੰਦਾ ਹੈ ਸਾਨੂੰ ਰੋਕਣ ਵਾਲਾ ਤੇ ਸਾਨੂੰ ਆਪਣੀ ਗੱਲ ਗ੍ਰਾਮ ਸਭਾ ਵਿਚ ਰੱਖਣ ਤੋਂ ਰੋਕਣ ਵਾਲਾ। ਪੁਲਿਸ ਸਾਨੂੰ ਥਾਣਿਆਂ ਵਿਚ ਬੰਦ ਕਰਕੇ ਸਾਡੀ ਹੱਕੀ ਆਵਾਜ਼ ਨਹੀਂ ਰੋਕ ਸਕਦੀ।ਸਰਪੰਚ ਦੇ ਬਣੇ ਵਕੀਲਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਕਿਸਾਨਾਂ ਮਜ਼ਦੂਰਾਂ ਵਿਚ ਤਰੇੜ ਪਾਉਣ ਦੀ ਥਾਂ ਉਸ ਨੂੰ ਪੰਚਾਇਤੀ ਐਕਟ ਤੋਂ ਜਾਣੂ ਕਰਵਾਉਣ ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ ਪਿੰਡਾਂ ਵਿਚ ਹੋਣ ਵਾਲੀ ਗ੍ਰਾਮ ਸਭਾ ਕੀ ਹੁੰਦੀ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਬਿਨਾਂ ਜਾਂਚ ਪੜਤਾਲ ਕੀਤਿਆਂ ਝੂਠਾ ਪਰਚਾ ਦਰਜ ਕੀਤਾ ਹੈ। ਪਰਚਾ ਦਰਜ ਕਰਨ ਤੋਂ ਪਹਿਲਾਂ ਪੁਲਿਸ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗ੍ਰਾਮ ਸਭਾ ਦੀ ਕੀਤੀ ਗਈ ਵੀਡੀਓਗ੍ਰਾਫੀ ਅਤੇ ਦਰਜ ਕੀਤੀ ਗਈ ਕਾਰਵਾਈ ਦੀ ਪੜਤਾਲ ਕਰਨੀ ਚਾਹੀਦੀ ਸੀ।ਇਸ ਮੌਕੇ ਝੂਠੇ ਪਰਚੇ ਦਾ ਸ਼ਿਕਾਰ ਮਹਿਸਮਪੁਰ ਦੇ ਪੀੜਿਤ ਮਨਰੇਗਾ ਵਰਕਰਾਂ ਨਾਲ ਆਪਣੀ ਇੱਕਮੁੱਠਤਾ ਜਾਹਰ ਕਰਨ ਪਹੁੰਚੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਯੂਨੀਅਨ ਦੇ ਸਕੱਤਰ ਵਿਜੇ ਬਾਠ, ਸਾਬਕਾ ਸਰਪੰਚ ਪ੍ਰਕਾਸ਼, ਸਾਬਕਾ ਸਰਪੰਚ ਕੁਲਬੀਰ ਸਿੰਘ, ਮਨਰੇਗਾ ਮਜ਼ਦੂਰਾਂ ਦੇ ਆਗੂ ਬਖਸ਼ੋ ਰਾਣੀ, ਗੁਰਬਖਸ਼ ਕੌਰ ਸਾਦਕਪੁਰ ,ਬਖਸ਼ੋ ਮੰਡਿਆਲਾ, ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮੰਡ,ਆਗੂ ਸੁਖਵਿੰਦਰ ਸਿੰਘ ਖੇਲਾ, ਰਤਨ ਸਿੰਘ,ਤਹਿਸੀਲ ਪ੍ਰਧਾਨ ਬਚਨ ਸਿੰਘ, ਤਰਨਜੀਤ ਸਿੰਘ ਉਧੋਵਾਲ ,ਜਸਵਿੰਦਰ ਸਿੰਘ ਮਾਨ, ਨੌਜਵਾਨ ਭਾਰਤ ਸਭਾ ਦੇ ਨਵਜੋਤ ਸਿੰਘ ਆਦੀ ਨੇ ਸੰਬੋਧਨਕੀਤਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੀੜਿਤ ਮਜ਼ਦੂਰਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



