
ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਰਕਾਰੀ ਐਲੀਮੈਟਰੀ ਸਕੂਲ,ਅਲੰਮਦੀਪੁਰ ਬਲਾਕ ਘਨੌਰ ਵਲੋਂ ਆਪਣਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਸ ਕਮਲਜੀਤ ਸਿੰਘ ਢੰਡਾ ਚੇਅਰਮੈਨ ਅਤੇ ਪ੍ਰਧਾਨਗੀ ਸ ਭੁਪਿੰਦਰ ਸਿੰਘ ਸੇਖੂਪੁਰ , ਹਲਕਾ ਇੰਚਾਰਜ, ਸ੍ਰੋਮਣੀ ਅਕਾਲੀ ਦਲ ਅਤੇ ਸ੍ਰੀਮਤੀ ਮਨਵਿੰਦਰ ਕੌਰ ਭੁੱਲਰ, ਉਪ ਜ਼ਿਲਾ ਸਿੱਖਿਆ ਅਫਸਰ (ਐ ਸ) ਪਟਿਆਲਾ ਨੇ ਕੀਤੀ।ਇਸ ਸਮੇਂ ਸ ਧਰਮਿੰਦਰ ਸਿੰਘ ਟਿਵਾਣਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ,ਘਨੌਰ , ਸ ਕੁਲਵਿੰਦਰ ਸਿੰਘ ਖੰਗੂੜਾ,ਪਿੰਡ ਦੀ ਸਰਪੰਚ ਸ੍ਰੀਮਤੀ ਪਰਵੀਨ ਕੁਮਾਰੀ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ ਹਰਪ੍ਰੀਤ ਸਿੰਘ ,ਪੰਚ ਹਰਪ੍ਰੀਤ ਸਿੰਘ, ਪੰਚ ਨਰਿੰਦਰਪਾਲ ਸਿੰਘ, ਪੰਚ ਸਾਬਰ ਅਲੀ ਅਤੇ ਹੋਰ ਮੈਂਬਰ ਉਚੇਚੇ ਤੌਰ ਤੇ ਹਾਜਰ ਰਹੇ।ਬਾਹਰੋ ਆਏ ਹੋਏ ਮਹਿਮਾਨਾ ਦੇ ਸਵਾਗਤ ਲਈ ਸਕੂਲ ਅਧਿਆਪਕਾ ਸ੍ਰੀਮਤੀ ਹਰਿੰਦਰ ਕੌਰ ਨੇ ਸਭ ਨੂੰ ਜੀ ਆਇਆ ਕਿਹਾ। ਪ੍ਰੋਗਰਾਮ ਦੀ ਸੁਰੂਆਤ ਬੱਚਿਆਂ ਦੁਆਰਾ ਰਸਭਿੰਨੇ ਸ਼ਬਦ ਕੀਰਤਨ ਨਾਲ ਹੋਈ।ਸ਼ਬਦ ਕੀਰਤਨ ਉਪਰੰਤ ਸਕੂਲ ਦੇ ਮੁੱਖ ਅਧਿਆਪਕ ਸ ਹਰਪਾਲ ਸਿੰਘ ਨੇ ਸਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਦੀਆਂ ਪ੍ਰਾਪਤੀਆਂ ਦਾ ਉਲੇਖ ਕੀਤੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕਰਨ ਵਾਲੇ ਸਕੂਲ ਦੇ ਤਿੰਨ ਵਿਦਿਆਰਥੀਆਂ ਅਕਾਲਪ੍ਰੀਤ ਸਿੰਘ , ਰੀਆ ਅਤੇ ਏਕਮਜੋਤ ਸਿੰਘ ਦੀ ਪ੍ਰਾਪਤੀ ਤੇ ਉਹਨਾਂ ਨੇ ਬੱਚਿਆਂ ਦੇ

ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਸਲਾਨਾ ਨਤੀਜਾ ਦਾ ਜਿਕਰ ਕਰਦੇ ਹੋਏ ੳਹਨਾਂ ਇਹ ਵੀ ਦੱਸਿਆ ਕਿ ਸਕੂਲ ਦੇ ਹਰ ਵਿਦਿਆਰਥੀ ਨੇ ਸਲਾਨਾ ਪ੍ਰੀਖਿਆ ਚੋਂ ਏ-ਗ੍ਰੇਡ ਪ੍ਰਾਪਤ ਕੀਤਾ ਹੈ ਜੋ ਕਿ ਸਕੂਲ ਦੀ ਸਮੁੱਚੇ ਸਟਾਫ ਦੀ ਸਖਤ ਮਿਹਨਤ ਤੇ ਲਗਨ ਦਾ ਨਤੀਜਾ ਹੈ। ਜਮਾਤ ਵਾਰ ਅੱਵਲ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦੀ ਸੂਚੀ ਮਹਿਮਾਨਾ ਨਾਲ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਪੰਜਵੀਂ ਜਮਾਤ ‘ਚੋਂ ਅਕਾਲਪ੍ਰੀਤ ਸਿੰਘ, ਚੌਥੀ ਜਮਾਤ ‘ ਚੋਂ ਅਲਫਾਜ਼,ਤੀਜੀ ਜਮਾਤ ‘ਚੋਂ ਪਵਨਪ੍ਰੀਤ ਸਿੰਘ, ਦੂਜੀ ਜਮਾਤ ‘ਚੋ ਨਵਜੋਤ ਕੌਰ ਅਤੇ ਪਹਿਲੀ ਜਮਾਤ ਵਿੱਚੋਂ ਸ਼ਿਵਜੋਤ ਸਿੰਘ ਨੇ ਮੱਲਾਂ ਮਾਰੀਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਜਿੰਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚੋਂ ਜ਼ਿਲ੍ਹਾ ਪੱਧਰ ਤੇ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆ ਹਨ,ਉਹਨਾਂ ਦਾ ਜਿਕਰ ਵੀ ਆਪਣੀ ਸਲਾਨਾ ਰਿਪੋਰਟ ‘ਚ ਕੀਤਾ। ਇਸ ਸਮੇਂ ਸਕੂਲ ਦੇ ਬੱਚਿਆਂ ਵਲੋਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਵੀ ਪੇਸ ਕੀਤੀਆਂ ਗਈਆਂ ,ਜਿੰਨ੍ਹਾਂ ਵਿੱਚ ਕੋਰੀਓਗਰਾਫੀ,ਗੀਤ,ਭਾਸ਼ਣ, ਸਕਿੱਟ, ਗਰੁਪ ਡਾਂਸ ,ਸੋਲੋ ਡਾਂਸ,ਗਿੱਧਾ,ਭਗੜਾ ਆਦਿ ਸ਼ਾਮਲ ਸਨ। ਖਾਸ ਕਰ ਨਰਸਰੀ ਦੇ ਬੱਚਿਆਂ ਦੀ ਪੇਸਕਾਰੀ ਮਨਮੌਹਣ ਵਾਲੀ ਸੀ।ਇਸ ਤੋਂ ਇਲਾਵਾ ਭੰਡਾਂ ਦੀ ਪੇਸਕਾਰੀ ਨੇ ਸਰੋਤਿਆਂ ਦਾ ਖੂਬ ਮੰਨੋਰੰਜਨ ਕੀਤਾ।
ਸਮਾਗਮ ਦੇ ਅਖੀਰ ਤੇ ਆਏ ਹੋਏ ਮਹਿਮਾਨਾਂ ਨੇ ਅੱਵਲ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆ ,ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਪਿੰਡ ਦੀ ਪੰਚਾਇਤ ਅਤੇ ਸਾਬਕਾ ਸਰਪੰਚ ਨਰਾਤਾ ਸਿੰਘ ਵਲੋਂ ਸਮੂਹ ਅਧਿਆਪਕਾਂ ਨੂੰ ਉਹਨਾਂ ਦੀ ਬਿਹਤਰ ਕਾਰਗੁਜਾਰੀ ਲਈ ਸਨਮਾਨਤ ਕੀਤਾ ਗਿਆ।ਇਸ ਮੌਕੇ ਸ ਕਮਲਜੀਤ ਸਿੰਘ ਢੰਡਾ,ਸ ਭੁਪਿੰਦਰ ਸਿੰਘ ਸੇਖੂਪੁਰ ਤੇ ਕੁਲਵਿੰਦਰ ਸਿੰਘ ਖੰਗੂੜਾ ਨੇ ਗਿਆਰਾਂ-ਗਿਆਰਾਂ ਹਜਾਰ,ਸਕੂਲ ਮੈਨੇਜਮੈਂਟ ਕਮੇਟੀ ਨੇ ਦਸ ਹਜਾਰ,ਪਿੰਡ ਦੀ ਪੰਚਾਇਤ ਨੇ ਛੇ ਹਜਾਰ ਤੇ ਸ ਫਲੇਲ ਸਿੰਘ ਸਿੱਧੂ ਵਲੋਂ ਇੱਕੀ ਸੌ ਰੁਪਏ ਸਕੂਲ ਦੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਵਿੱਤੀ ਸਹਾਇਤਾ ਵਜੋਂ ਦਿੱਤੇ ਗਏ। ਵੱਖ-ਵੱਖ ਸਕੂਲਾਂ ਤੋਂ ਵੱਡੀ ਗਿਣਤੀ ‘ਚ ਅਧਿਆਪਕ ਵੀ ਇਸ ਸਮੇਂ ਹਾਜਰ ਹੋਏ ਜਿੰਨ੍ਹਾਂ ਵਿੱਚ ਸੈਂਟਰ ਹੈੱਡ ਟੀਚਰ ਸ੍ਰੀਮਤੀ ਕੰਵਲਪ੍ਰੀਤ ਕੌਰ ਤੇ ਸੁਨੀਲ ਕੁਮਾਰ,ਰਾਜਵੰਤ ਸਿੰਘ ਜ਼ਿਲ੍ਹਾ ਕੁਆਰਡੀਨੇਟਰ, ਬੀ ਪੀ ਈ ਓ ਦਫ਼ਤਰ ਦਾ ਸਟਾਫ ਸੁਖਰਾਜ ਸਿੰਘ, ਭਰਤ ਕੁਮਾਰ,ਪਰਵਿੰਦਰ ਸਿੰਘ, ਸੰਤੋਸ਼ ਕੁਮਾਰੀ,ਮਿਸਟਰ ਰਿਚਡ,ਮਧੂ ਬਾਲਾ,ਸਤਿੰਦਰ ਸਿੰਘ ਸ਼ਾਮਲ ਸਨ।ਸਮਾਗਮ ਦੀ ਸਮਾਪਤੀ ਤੇ ਸਕੂਲ ਅਧਿਆਪਕ ਸ ਹਰਦੀਪ ਸਿੰਘ ਸੰਧੂ ਨੇ ਮਹਿਮਾਨਾ, ਨਗਰ ਪੰਚਾਇਤ, ਮਾਪਿਆਂ ਤੇ ਹੋਰ ਹਾਜ਼ਰੀਨ ਦਾ ਧੰਨਵਾਦ ਕੀਤਾ।