ਇੱਕ ਥੱਪੜ ਨੇ ਕਈ ਵਰ੍ਹੇ ਖੁੰਝਾਏ

ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ)
                          ਬੱਚੇ ਲਈ ਸਕੂਲ ਦਾ ਪਹਿਲਾ ਦਿਨ ਬਹੁਤ ਅਹਿਮ ਹੁੰਦਾ ਹੈ।ਘਰ ਦੇ ਖੁੱਲ੍ਹੇ-ਡੁੱਲ੍ਹੇ ਮਹੌਲ , ਮਾਂ-ਪਿਉ ਤੇ ਘਰ ਦੇ ਹੋਰ ਜੀਆ ਦੇ ਲਾਡ- ਪਿਆਰ ਨੂੰ ਛੱਡ ਕੇ ਬੱਚਾ ਇਕ ਦਮ ਸਕੂਲ ਦੀਆਂ ਅਨੁਸ਼ਾਸਿਤ ਬੰਦਸਾਂ ਵਿੱਚ ਬੰਨ੍ਹਿਆ ਜਾਂਦਾ ਹੈ। ਬੱਚਾ ਕੁਦਰਤੀ ਤੌਰ ਤੇ ਵੀ ਮਾਂ ਨਾਲ ਸਭ ਤੋਂ ਜਿਆਦਾ ਜੁੜਿਆ ਹੁੰਦਾ ਹੈ।ਪਰ ਸਕੂਲ ਵਿੱਚ ਮਾਂ ਵਰਗੇ ਪਿਆਰ ਦੀ ਘਾਟ ਵੀ ਉਸ ਨੂੰ ਰੜਕਦੀ ਹੈ।ਜੇ ਅਸੀਂ ਕਾਫੀ ਸਮਾਂ ਪਿੱਛੇ ਜਾਈਏ ਤਾਂ ਵਿਭਾਗ ਵਿੱਚ ਅਧਿਆਪਕਾਵਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਸੀ।ਪਿੰਡਾਂ ਦੇ ਸਕੂਲਾਂ ਵਿੱਚ ਜਿਆਦਾ ਤਰ ਮਰਦ ਅਧਿਆਪਕ ਹੁੰਦੇ ਸਨ।ਇਸ ਲਈ ਬੱਚਾ ਇਸ ਤਰ੍ਹਾਂ ਦੇ ਮਹੌਲ ਵਿੱਚ ਬਹੁਤ ਅਸਹਿਜ ਮਹਿਸੂਸ ਕਰਦਾ ਸੀ।ਇਸ ਤੋਂ ਸਵਾਏ ਬੱਚਾ ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਅੱਖਰ  ਗਿਆਨ ਤੋਂ ਕੋਰਾ ਹੁੰਦਾ ਸੀ।ਅੱਜ-ਕੱਲ੍ਹ ਵਾਂਗ ਘਰ, ਮੁਢਲੇ ਗਿਆਨ ਦਾ ਕੋਈ ਸਾਧਨ ਨਹੀਂ ਸੀ ਹੁੰਦਾ।ਸੁਰੂਆਤ ਸਕੂਲ ਤੋਂ ਹੀ ਹੁੰਦੀ ਸੀ।
                                       ਆਮ ਬੱਚਿਆਂ ਵਾਂਗ ਮੈਨੂੰ ਵੀ ਸਕੂਲ ਦਾਖਲ ਕਰਵਾਉਣ ਦਾ ਫੈਸਲਾ ਹੋਇਆ। ਪਿੰਡ ਦੇ ਸੇਠ ਪ੍ਰਕਾਸ਼ ਚੰਦ ਪੁੱਤਰ ਸ੍ਰੀ ਬਦਰੂ ਰਾਮ ਦੀ ਹੱਟੀ ਤੋਂ ਫੱਟੀ,ਕਲਮ-ਦਵਾਤ ਤੇ ਕਾਇਦਾ ਖਰੀਦਿਆ ਗਿਆ।ਫੁੱਲ-ਬੂਟੀਆਂ ਵਾਲੇ ਝੋਲੇ ‘ਚ ਸਾਰਾ ਸਮਾਨ ਦੇ ਕੇ ਘਰ ਦੇ ਹੋਰ ਬੱਚਿਆਂ ਨਾਲ ਸਕੂਲ ਤੋਰ ਦਿੱਤਾ। ਪਹਿਲੀ ਜਮਾਤ ਵਾਲਿਆਂ ਨਾਲ ਬੋਰੀ ਵਿਛਾਈ ਤੇ ਆਸਣ ਲਾ ਲਿਆ।ਕਦੇ-ਕਦੇ ਲਗਦੇ ਹੁਣ ਦੇ ਮਾਡਰਨ ਜ਼ਮਾਨੇ ‘ਚ ਘਰ ਦੇ ਸਕੂਲ ਦਾਖਲ ਕਰਵਾਉਂਦੇ ਤਾਂ ਅਨੇਕਾ  ਸ਼ਗਨ ਮਨਾਏ ਜਾਂਦੇ।ਮਾਂ-ਪਿਉ ਨਾਲ ਜਾਂਦੇ।ਫਾਰਮ ਭਰਦੇ।ਫੋਟੋ ਹੁੰਦੀ।ਸਕੂਲ ਅਧਿਆਪਕ ਵੀ ਚਾਂਈ-ਚਾਂਈ ਦਾਖਲਾ ਕਰਦੇ।ਸੋਸ਼ਲ ਮੀਡੀਏ ਤੇ ਮੇਰੀ ਫੋਟੋ ਸਮੇਤ ਸਟੇਟਸ ਲਗਦਾ,”ਸਾਡੇ ਸਕੂਲ ਨਵਾਂ ਦਾਖਲਾ।”ਚੱਲੋ ਜਿਹੋ ਜਿਹਾ ਵਕਤ,ਉਹੋ ਜਿਹੇ ਚਾਅ।
                  ਥੋੜ੍ਹੇ ਵਕਤ ਬਾਅਦ ਮਾਸਟਰ ਠਾਣਾ ਸਿੰਘ ਜੀ ਸਕੂਲ ਆਏ।ਕੜਿੱਕੀ ਫਸੇ ਪੰਛੀ ਵਾਂਗ ਦਿਲ ਦੀ ਧੜਕਣ ਤੇਜ ਹੋਈ।ਜਿਹੋ-ਜਿਹਾ ਨਾਂ,ਉਹੋ ਜਿਹਾ ਰੋਹਬ।ਸੁਭਾਅ ਵੀ ਠਾਣੇਦਾਰਾਂ  ਵਰਗਾ।ਵੱਡਾ ਸਾਰਾ ਢਿੱਡ। ਅੱਡ-ਅੱਡ ਥਾਵਾਂ ਤੇ ਬੈਠੀਆਂ ਜਮਾਤਾਂ ਨੂੰ ਕੰਮ ਕਰਵਾਉਣ ਲੱਗੇ।ਅਖੀਰ ਤੇ ਪਹਿਲੀ ਵਾਲਿਆਂ ਦੀ ਵਾਰੀ ਆਈ।ਕੱਢੋ ਵੀ ਕਾਇਦੇ ਸਬਕ ਸੁਣਾਉ।ਵਾਰੀ ਨਾਲ ਬੱਚੇ ਸਬਕ ਸੁਣਾਉਂਦੇ ਰਹੇ।ਜਦੋਂ ਮੇਰੀ ਵਾਰੀ ਆਈ,ਪਹਿਲਾਂ ਦਿਨ ਇੱਲ ਤੋਂ ਕੁੱਕੜ ਨਾ ਆਵੇ।ਮਾਸਟਰ ਜੀ ਨੂੰ ਗੁੱਸਾ ਚੜ੍ਹਿਆ ਤੇ ਜ਼ੋਰ ਦੀ ਇੱਕ ਥੱਪੜ ਸੱਜੀ ਗੱਲ਼ ਤੇ ਰਸੀਦ ਕਰ ਦਿੱਤਾ।
                 ਤੁਸੀਂ ਦੱਸੋ !!ਇਸ ‘ਚ ਮੇਰਾ ਕੀ ਕਸੂਰ ?ਮਾਸਟਰ ਜੀ ਨੂੰ ਇਹ ਨਹੀਂ ਸੀ ਪਤਾ ਕਿ ਇਹ ਬੱਚਾ ਅੱਜ ਪਹਿਲੇ ਦਿਨ ਸਕੂਲ ਆਇਆ ਤੇ ਨਾ ਹੀ ਪਹਿਲੀ ਵਾਲੇ ਬੱਚੇ ‘ਚ ਉਸ ਵਕਤ ਐਨੀ ਦਲੇਰੀ ਹੁੰਦੀ ਸੀ ਵੀ ਆਪ ਹੀ ਦਸ ਦੇਵੇ,  ਮਾਸਟਰ ਜੀ  ਪਹਿਲਾਂ ਮੈਨੂੰ ਸਬਕ ਯਾਦ ਕਰਵਾਉ।ਐਨਾ ਲਾ-ਪਰਵਾਹ ਮਾਸਟਰ ਵੀ ਕੋਈ ਹੋ ਸਕਦੈ ?? ਤੇ ਉਸ ਦਿਨ ਇਹ ਵੀ ਪਤਾ ਚੱਲਿਆ ਕਿ ਥੱਪੜ ਦਾ ਵਜ਼ਨ ਢਾਈ ਕਿਲੋਂ ਹੁੰਦਾ ਹੈ।
                         ਅੱਧੀ ਛੁੱਟੀ ਹੋਈ।ਕਿਹੜਾ ਮਿੱਡ-ਡੇ ਮੀਲ ਸਕੂਲੋ ਮਿਲਣਾ ਸੀ।ਘਰ ਰੋਟੀ ਖਾਣ ਆਏ ਤਾਂ ਆਪ ਪੜ੍ਹਾਈ ਤੋਂ ਕੋਰਾ ਜਵਾਬ ਦੇ ਦਿੱਤਾ।ਪੂਰੀ ਛੁੱਟੀ ਵੇਲੇ ਬਸਤਾ ਵੀ ਹੋਰ ਜਵਾਕ ਹੀ ਲੈ ਕੇ ਆਏ।ਰੱਬ ਦੀ ਮਿਹਰ ਹੋਈ ਦੋ-ਤਿੰਨ ਸਾਲ ਬਾਅਦ ਉਹਨਾਂ ਦੀ ਬਦਲੀ ਹੋ ਗਈ।ਉਹਨਾਂ ਦੀ ਥਾਂ ਨਵੇਂ ਅਧਿਆਪਕ ਸ ਜਰਨੈਲ ਸਿੰਘ, ਪਿੰਡ ਮੋਦਲੇ ਵਾਲਾ,ਨੇੜੇ ਸ੍ਰੀ ਮੁਕਤਸਰ ਸਾਹਿਬ ਆਏ।ਛਾਂਟਵਾ ਸਰੀਰ।ਬਹੁਤ ਸੋਹਣੀ ਪੱਗ।ਵੈੱਲ ਡਰੈਸਡ।ਬਹੁਤ ਹੀ ਠਰੰਮੇ ਵਾਲਾ ਸੁਭਾਅ । ਗੁੱਟ ਤੇ ਬੱਧੀ ਘੜੀ ਉਹਨਾਂ ਦੀ ਸਖਸੀਅਤ ਨੂੰ ਚਾਰ ਚੰਨ ਲਾਉਂਦੀ ਸੀ।
                 ਫੇਰ ਪਤਾ ਨਹੀਂ ਕਿਵੇਂ ਮੈਨੂੰ ਸਕੂਲ ਜਾਣ ਲਈ ਮਨਾਇਆ ਗਿਆ।ਤਾਇਆ ਜੀ ਦਾ ਲੜਕਾ ਜੋ ਮੇਰੇ ਤੋਂ ਛੋਟਾ ਸੀ, ਮੈਨੂੰ ਉਂਗਲ ਲਾ ਕੇ ਸਕੂਲ ਲੈ ਗਿਆ।ਉਸ ਮੋਹ-ਖੋਰੇ ਅਧਿਆਪਕ ਨੇ ਅੱਖਰ ਗਿਆਨ ਦੀ ਅਜਿਹੀ ਚਿਣਗ ਲਾਈ ਫੇਰ ਜਿੰਦਗੀ ਭਰ ਪੜ੍ਹਾਈ ‘ਚ ਪਿੱਛੇ ਮੁੜ ਕੇ ਨਹੀਂ ਦੇਖਿਆ।ਉਸ ਤੋਂ ਬਾਅਦ ਕਾਲਜ ਤੱਕ ਮੇਰੇ ਜਿੰਨ੍ਹੇ ਵੀ ਅਧਿਆਪਕ ਰਹੇ ਸਭ ਤੋਂ ਬਹੁਤ ਹੀ ਪਿਆਰ-ਸਤਿਕਾਰ ਮਿਲਿਆ।
                                ਸਾਇਦ ਖੁਦਾ ਨੇ ਬੁਰਾ ਵਕਤ ਪਹਿਲੇ ਪੜਾਅ ਤੇ ਕੱਟ ਦਿੱਤਾ। ਸਿਆਣੇ ਕਹਿੰਦੇ ਆ ਪਲ਼ ਦਾ ਖੁੰਝਿਆ ਕੋਹਾਂ ਪਿੱਛੇ ਰਹਿ ਜਾਂਦਾ ਹੈ।ਮੈਂ ਵੀ ਇੱਕ ਅਧਿਆਪਕ ਦੇ ਵਤੀਰੇ ਕਰਕੇ ਆਪਣੇ ਹਾਣੀਆਂ ਨਾਲੋਂ ਪੜ੍ਹਾਈ ਤੇ ਬਾਅਦ ‘ਚ ਨੌਕਰੀ ਵਿੱਚ ਦੋ-ਤਿੰਨ ਸਾਲ ਪਛੜਿਆ  ਰਿਹਾ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article* ਸਾਰਾ ਸਾਲ ਬਣਦਾ April Fool (ਅਪ੍ਰੈਲ ਫੂਲ) *
Next articleਕੌਫ਼ੀ ਵਿਦ ਪਲਕ ਕਿਸ਼ੋਰੀ‌ ਜੀ।