
ਮਾਨਸਾ, (ਸਮਾਜ ਵੀਕਲੀ) (ਜਸਵੰਤ ਗਿੱਲ) ਅੱਜ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਬਰੇਟਾ ਥਾਣੇ ਦਾ ਘਿਰਾਓ ਕਰਦੇ ਹੋਏ ਐੱਫ.ਆਰ.ਆਈ ਨੰਬਰ 182 ਐਸ ਸੀ ਐਸ ਟੀ ਐਕਟ ਤਹਿਤ ਦਰਜ਼ ਪਰਚੇ ਦੇ ਮੁੱਖ ਦੋਸ਼ੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਕਾਰਜਕਾਰੀ ਜਿਲ੍ਹਾ ਸਕੱਤਰ ਕਾਮਰੇਡ ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਅਸੀਂ ਪੰਜਾਬ ਅੰਦਰ ਦਲਿਤ ਮਜ਼ਦੂਰਾਂ ਉੱਪਰ ਇਸ ਕਿਸਮ ਦੇ ਹਮਲੇ ਕਦੇ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਸੰਕੇਤਕ ਧਰਨੇ ਰਾਹੀਂ ਚਿਤਾਵਨੀ ਦੇਣ ਆਏ ਹਾਂ ਜੇਕਰ ਇਸ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀ ਆੜ੍ਹਤੀਆ ਜਤਿੰਦਰ ਮੋਹਨ ਗਰਗ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਅਸੀਂ ਪਾਰਟੀ ਅਤੇ ਜਥੇਬੰਦੀ ਵੱਲੋਂ ਸਖ਼ਤ ਐਕਸ਼ਨ ਕਰਾਂਗੇ। ਬੁਲਾਰਿਆਂ ਨੇ ਕਿਹਾ ਕਿ ਜਤਿੰਦਰ ਮੋਹਨ ਗਰਗ ਆਮ ਆਦਮੀ ਪਾਰਟੀ ਦੇ ਐਮ ਐਲ ਏ ਬੁੱਧਰਾਮ ਦਾ ਕਰੀਬੀ ਹੈ ਤੇ ਉਸ ਬੁੱਧਰਾਮ ਨੇ ਪਹਿਲਾਂ ਇਸ ‘ਤੇ ਪਰਚਾ ਦਰਜ਼ ਹੋਣ ਤੋਂ ਰੋਕਣ ਲਈ ਪੂਰਾ ਜ਼ੋਰ ਲਗਾਇਆ ਹੈ ਅਤੇ ਹੁਣ ਗ੍ਰਿਫ਼ਤਾਰ ਨਹੀਂ ਹੋਣ ਦੇ ਰਿਹਾ। ਜਿਲ੍ਹਾ ਪੁਲਿਸ ਪ੍ਰਸਾਸ਼ਨ ਪੂਰੇ ਦਬਾਅ ਵਿੱਚ ਹੈ ਇਸੇ ਕਰਕੇ ਹਾਲੇ ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇੱਕ ਪਾਸੇ ਭਗਵੰਤ ਸਿੰਘ ਮਾਨ ਦੀ ਸਰਕਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਆਪਣੇ ਦਫ਼ਤਰਾਂ ਵਿੱਚ ਲਾਉਂਦੀ ਹੈ ਦੂਜੇ ਪਾਸੇ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਬੇਅਦਬੀ ਤੋਂ ਨਹੀਂ ਬਚਾ ਸਕੀ ਅਤੇ ਪੂਰੇ ਪੰਜਾਬ ਵਿੱਚ ਦਲਿਤ ਮਜ਼ਦੂਰਾਂ ਤੇ ਹੁੰਦੇ ਜਾਤੀ ਜ਼ਬਰ ਨੂੰ ਨਹੀਂ ਰੋਕ ਸਕੀ ਬਲਕਿ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਅਤੇ ਜਾਤੀ ਜ਼ਬਰ ਕਰਨ ਵਾਲਿਆਂ ਸਹਿਤ ਚਿੱਟੇ ਦੇ ਵਾਪਰੀਆਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਨੰਗੀ ਚਿੱਟੀ ਹੋਕੇ ਦੋਸ਼ੀਆਂ ਨਾਲ ਖੜ੍ਹੀ ਹੈ। ਹੁਣ ਮਜ਼ਦੂਰ ਜਮਾਤ ਨੂੰ ਆਪਣੀ ਧਿਰ ਪਛਾਣ ਕੇ ਲਾਲ ਝੰਡੇ ਦੀ ਤਾਕਤ ਨੂੰ ਮਜ਼ਬੂਤ ਕਰਦੇ ਹੋਏ ਇਸ ਪੁਲਿਸ ਸਿਆਸੀ ਗੁੰਡਾ ਗਠਜੋੜ ਖ਼ਿਲਾਫ਼ ਲਾਮਬੰਦੀ ਕਰਨੀ ਚਾਹੀਦੀ ਹੈ। ਆਗੂਆਂ ਨੇ ਐਸ ਐਚ ਓ ਬਰੇਟਾ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਅਲਟੀਮੇਟਮ ਦਿੰਦੇ ਹੋਏ ਜਿਲ੍ਹਾ ਪੱਧਰੀ ਮੀਟਿੰਗ ਬੁਲਾ ਕੇ ਐਸਐਸਪੀ ਖ਼ਿਲਾਫ਼ ਤਿੱਖੇ ਘੋਲ ਦੀ ਤਿਆਰੀ ਦਾ ਫੈਸਲਾ ਕੀਤਾ। ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ, ਤਹਿਸੀਲ ਬੁਢਲਾਡਾ ਪ੍ਰਧਾਨ ਤਰਸੇਮ ਸਿੰਘ ਬਹਾਦਰਪੁਰ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੀਤ ਸਿੰਘ ਬੋਹਾ,ਭੋਲਾ ਸਿੰਘ ਗੜੱਦੀ,ਤਰਸੇਮ ਸਿੰਘ ਰੰਘੜਿਆਲ,ਬਿੰਦਰ ਕੌਰ, ਉੱਡਤ ਭਗਤ ਰਾਮ,ਪਰਮਜੀਤ ਸਿੰਘ ਸ਼ਰਮਾ,ਦਰਸ਼ਨ ਸਿੰਘ ਦਾਨੇਵਾਲ,ਗੁਰਸੇਵਕ ਸਿੰਘ ਮਾਨ,ਕ੍ਰਿਸ਼ਨਾ ਕੌਰ ਮਾਨਸਾ,ਗਮਦੂਰ ਸਿੰਘ ਗੱਲਾ ਮਜ਼ਦੂਰ ਯੂਨੀਅਨ,ਸੁਖਜੀਤ ਸਿੰਘ ਰਾਮਾਨੰਦੀ,ਹੈਪੀ ਮਾਨ ਪੱਤਰਕਾਰ,ਅਭੀ ਲੱਖੋਵਾਲ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਲੱਖੋਵਾਲ,ਸਾਧੂ ਸਿੰਘ ਬੁਰਜ ਢਿੱਲਵਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਪੰਜਾਬ ਕਿਸਾਨ ਯੂਨੀਅਨ ਸਿਮਰ ਕੁਲਰੀਆਂ,ਛੱਜੂ ਸਿੰਘ ਦਿਆਲਪੁਰਾ,ਦਰਸ਼ਨ ਮਘਣੀਆਂ, ਸੁਰਿੰਦਰਪਾਲ ਸ਼ਰਮਾ,ਅੰਗਰੇਜ ਘਰਾਂਗਣਾ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਦੇ ਪ੍ਰਧਾਨ ਬੀਰਾ ਸਿੰਘ, ਆਦਿ ਨੇ ਵੀ ਸੰਬੋਧਨ ਕੀਤਾ।