ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਾਉਣ ਲਈ ਮਹਾਂਬੋਧੀ ਮਹਾਂਵਿਹਾਰ ਮੁਕਤੀ ਧੰਮ ਯਾਤਰਾ 13ਵੇਂ ਦਿਨ ਨਲੰਦਾ ਪਹੁੰਚਣ ‘ਤੇ ਉਪਾਸਕਾਂ ਵੱਲੋਂ ਨਿੱਘਾ ਸਵਾਗਤ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)– ਆਲ ਇੰਡੀਆ ਬੁੱਧਿਸਟ ਫੋਰਮ ਵੱਲੋਂ ਮਹਾਂਬੋਧੀ ਮਹਾਂਵਿਹਾਰ ਮੁਕਤੀ ਧੰਮ ਯਾਤਰਾ ਅੱਜ 13ਵੇਂ ਦਿਨ ਬਿਹਾਰ ਦੇ ਨਲੰਦਾ ਜ਼ਿਲੇ ‘ਚ ਪਹੁੰਚੀ। ਜਿੱਥੇ ਥਾਂ- ਥਾਂ ਧੰਮ ਯਾਤਰਾ ਦਾ ਉਪਾਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਧੰਮ ਯਾਤਰਾ ਭਿਖਸ਼ੂ ਸੰਘ ਅਤੇ ਸ੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸ਼ਟ ਫੋਰਮ ਦੀ ਅਗਵਾਈ ਵਿੱਚ ਇੱਕ ਬੱਸ ਰਾਹੀਂ ਪੂਰੇ ਬਿਹਾਰ ਸਟੇਟ ਦੇ ਹਰੇਕ ਜਿਲ੍ਹੇ ਵਿੱਚ ਵੱਖ -ਵੱਖ ਪਿੰਡਾਂ ਵਿੱਚ ਕੱਢੀ ਜਾ ਰਹੀ ਹੈ। ਸ਼ਹਿਰਾਂ,ਪਿੰਡਾਂ, ਕਸਬਿਆਂ ਦੇ ਲੋਕਾਂ ਨੂੰ , ਅੰਬੇਡਕਰੀ ਅਤੇ ਬੋਧੀ ਵਿਚਾਰਧਾਰਾ ਦੇ ਉਪਾਸਕਾਂ- ਉਪਾਸਕਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਯਾਦ ਰਹੇ 17 ਸਤੰਬਰ 2024 ਨੂੰ ਪਾਟਲੀਪੁੱਤਰ ਦੇ ਗਾਂਧੀ ਮੈਦਾਨ, ਪਟਨਾ (ਬਿਹਾਰ) ਤੋਂ ਭਿਖਸ਼ੂ ਸੰਘ ਵੱਲੋਂ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸੇ ਦਿਨ ਭਿਖਸ਼ੂ ਸੰਘ , ਸ੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੁੱਧੀਜੀਵੀਆਂ, ਬੋਧੀ ਉਪਾਸਕਾਂ, ਉਪਾਸਕਾਵਾਂ, ਅੰਬੇਡਕਰ ਜਥੇਬੰਦੀਆਂ, ਅਤੇ ਅਗਾਂਹਵਧੂ ਸੋਚ ਰੱਖਣ ਵਾਲਿਆਂ ਵਲੋਂ ਪੈਦਲ ਸ਼ਾਂਤੀ ਮਾਰਚ ਕਰਕੇ ਮੁੱਖ ਮੰਤਰੀ ਦੀ ਕੋਠੀ ‘ਤੇ ਜਾ ਕੇ ਇਸ ਸਬੰਧੀ ਬਿਹਾਰ ਸਟੇਟ ਦੇ ਮਾਨਯੋਗ ਮੁੱਖ ਮੰਤਰੀ ਜੀ ਦੇ ਰਾਹੀਂ ਭਾਰਤ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ, ਮਾਨਯੋਗ ਪ੍ਰਧਾਨ ਮੰਤਰੀ ਜੀ, ਮਾਨਯੋਗ ਘੱਟ ਗਿਣਤੀਆਂ ਦੇ ਕਮਿਸ਼ਨਰ ਜੀ ਨੂੰ ਮੈਮੋਰੰਡਮ ਦਿੱਤਾ ਗਿਆ ਸੀ। ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਪੰਜਾਬ ਦੇ ਬੋਧੀਆਂ, ਬੁੱਧੀਜੀਵੀਆਂ, ਅੰਬੇਡਕਰੀ ਸੰਸਥਾਵਾਂ ਦੇ ਅਹੁਦੇਦਾਰਾਂ , ਪ੍ਰਤੀਨਿਧਾਂ ਅਤੇ ਪੰਜਾਬ ਬੁੱਧਿਸਟ ਸੁਸਾਇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਵਲੋਂ ਇਸੇ ਲੜੀ ਤਹਿਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਏ.ਡੀ.ਸੀ. ਅਧਿਕਾਰੀਆਂ, ਐਸ. ਡੀ.ਐਮ ਆਦਿ ਨੂੰ 26 ਨਵੰਬਰ 2024 ਨੂੰ ਸੰਵਿਧਾਨ ਦਿਵਸ ਮੌਕੇ ‘ਤੇ ਪੂਰੇ ਦੇਸ਼ ਭਰ ਵਿੱਚ ਮੈਮੋਰੰਡਮ ਦਿੱਤੇ ਗਏ ਸਨ। ਬੁੱਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਅਤੇ ਬੋਧੀ ਉਪਾਸਕਾਂ ਨੂੰ ਜੋੜਨ ਅਤੇ ਜਾਗਰੂਕ ਕਰਨ ਲਈ ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਆਕਾਸ਼ ਲਾਮਾ ਜੀ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਵਲੋਂ ਤਿੰਨ ਦਿਨਾਂ ਪੰਜਾਬ ਫੇਰੀ (27,28, 29 ਜਨਵਰੀ 2025) ਦੌਰਾਨ ਪ੍ਰੋਗਰਾਮ ਉਲੀਕੇ ਗਏ ਹਨ। ਇਸ ਪ੍ਰੋਗਰਾਮ ਨੂੰ ਸ੍ਰੀ ਆਕਾਸ਼ ਲਾਮਾ ਜੀ ਸੰਬੋਧਨ ਕਰਨਗੇ। ਪੰਜਾਬ ਦੇ ਇਹਨਾਂ ਪ੍ਰੋਗਰਾਮਾਂ ਵਿੱਚ ਬੋਧੀ ਆਗੂ ਸ੍ਰੀ ਹਰਬੰਸ ਵਿਰਦੀ ਜੀ ਯੂ.ਕੇ. ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਪ੍ਰੈਸ ਨੂੰ ਇਹ ਜਾਣਕਾਰੀ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨ. ਸਕੱਤਰ ਸ੍ਰੀ ਆਕਾਸ਼ ਲਾਮਾ ਵਲੋਂ ਗੂਗਲ ਮੀਟ ‘ਤੇ ਐਡਵੋਕੇਟ ਹਰਭਜਨ ਸਾਂਪਲਾ ਜੀ ਨੂੰ  ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਲਾਸ ਏਂਜਲਸ ਦੇ ਜੰਗਲਾਂ ‘ਚ ਫਿਰ ਲੱਗੀ ਭਿਆਨਕ ਅੱਗ, 50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦਾ ਹੁਕਮ
Next articleਜਾਨ ਦੀ ਕੀਮਤ ਸਿਰਫ 800 ਰੁਪਏ… ਪਾਰਕ ‘ਚ ਗੋਲੀ ਮਾਰ ਕੇ ਜਾਨ ਲੈ ਲਈ