(ਸਮਾਜ ਵੀਕਲੀ)
ਘਰ ਦੇ ਗੁਜਾਰੇ ਲਈ ਮੇਰੀ ਮਾਂ ਨੇ ਇਕ ਕੁਰੇਆਨੇ ਦੀ ਛੋਟੀ ਜਿਹੀ ਦੁਕਾਨ ਕੀਤੀ ਹੋਈ ਹੈ। ਨਿੱਤ ਦੀ ਵਰਤੋਂ ਵਿਚ ਆਉਣ ਵਾਲੀ ਤਕਰੀਬਨ ਹਰ ਚੀਜ ਆਪਣੀ ਦੁਕਾਨ ਤੇ ਰੱਖਦੇ ਹਨ। ਜੇ ਕਿਸੇ ਨੂੰ ਕੋਈ ਸਮਾਨ ਨਹੀਂ ਮਿਲਦਾ ਤਾਂ ਉਹ ਸ਼ਹਿਰੋਂ ਵੀ ਲਿਆ ਕੇ ਦੇ ਦਿੰਦੇ ਹਨ। ਮੈਂ ਤੇ ਮੇਰੀ ਮਾਂ ਅਸੀ ਦੋਵੇਂ ਬੈਠੀਆਂ ਕਿਸੇ ਗੱਲ ਨੂੰ ਲੈ ਕੇ ਚਰਚਾ ਕਰ ਰਹੀਆਂ ਸਨ ਤਾਂ ਅਚਾਨਕ ਸਾਡੇ ਕੋਲ ਸਾਡੀ ਗੁਆਂਢਣ ਆ ਕੇ ਬੈਠ ਗਈ। ਮੇਰੀ ਮਾਂ ਨੇ ਉਸ ਦੇ ਉਦਾਸ ਚਿਹਰੇ ਨੂੰ ਦੇਖਕੇ ਉਸ ਨੂੰ ਪੁੱਛ ਹੀ ਲਿਆ । ਉਸ ਨੇ ਉਦਾਸੀ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਚਾਚੀ ਜੀ ਮੈਂ ਆਪਣੇ ਘਰਵਾਲੇ ਨੂੰ ਲੈ ਕੇ ਚਿੰਤਤ ਹਾਂ। ਸਮਝ ਨਹੀ ਆ ਰਹੀ ਕਿ ਕੀ ਹੋ ਗਿਆ ।
ਸਾਰਾ ਦਿਨ ਬੈਠਾ ਬੋਲੀ ਜਾਂਦਾ ਹੈ। ਐਵੇਂ ਹੀ ਛੋਟੀ ਮੋਟੀ ਗੱਲ ਪਿੱਛੇ ਬੱਚਿਆਂ ਨੂੰ ਗਾਲਾਂ ਕੱਢਦਾ ਰਹਿੰਦਾ ਹੈ। ਨਾਂ ਕੁਝ ਖਾਂਦਾ ਹੈ ਨਾਂ ਪੀਂਦਾ। ਨਾ ਹੀ ਕੋਈ ਦਵਾਈ ਕੰਮ ਕਰਦੀ ਹੈ।ਇਸਨੂੰ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾ ਲਿਆ । ਉਹ ਕਹਿਣ ਲੱਗੀ ਮੇਰੀ ਸੱਸ ਕਿਸੇ ਸਿਆਣੇ (ਧਾਗੇ,ਤਵੀਤ ਵਾਲੇ) ਤੋਂ ਪੁੱਛਕੇ ਆਈ ਹੈ ਕਿ ਘਰ ਵਿਚ ਕਿਸੇ ਨੇ ਭ੍ਰੇਤ ਛੱਡੀ ਹੋਈ ਹੈ। ਭ੍ਰੇਤ ਨੂੰ ਦੂਰ ਭਜਾਉਣ ਲਈ ਉਸਨੇ ਇਕ ਲਿਸਟ ਦਿਖਾਈ ਜਿਸ ਵਿਚ ਕਾਫੀ ਕੁਝ ਲਿਖਿਆ ਹੋਇਆ ਸੀ ਤੇ ਉਹ ਕੁਝ ਪੈਸੇ ਉਧਾਰ ਮੰਗ ਰਹੀ ਸੀ ਉਸਨੂੰ ਬਥੇਰਾ ਸਮਝਾਇਆ ਕਿ ਵਹਿਮ -ਭਰਮਾਂ ਵਿਚ ਨਹੀਂ ਰੱਖਿਆ ।
ਪਰ ਉਸ ਤੇ ਸਾਡੀ ਕਿਸੇ ਗੱਲ ਦਾ ਅਸਰ ਨਾ ਹੋਣ ਤੇ ਆਪਣੀ ਸੱਸ ਦੀ ਗੱਲ ਦਾ ਅਸਰ ਕੁਝ ਜ਼ਿਆਦਾ ਸੀ। ਮਾਂ ਨੇ ਕੋਈ ਬਹਾਨਾ ਬਣਾ ਕੇ ਉਸਨੂੰ ਆਪਣੀ ਅਸਮਰਥਾ ਪ੍ਰਗਟਾ ਦਿੱਤੀ ਤੇ ਮੇਰੀ ਮਾਂ ਨਹੀ ਚਾਹੁੰਦੀ ਸੀ ਕਿ ਉਹ ਕਿਸੇ ਪਾਖੰਡੀ ਬਾਬਿਆਂ ਕੋਲੋਂ ਆਪਣਾ ਨੁਕਸਾਨ ਕਰਵਾਏ। ਉਹ ਚੁੱਪ ਚਾਪ ਜਿਹੀ ਹੋਕੇ ਸਾਡੇ ਘਰੋਂ ਚਲੇ ਗਈ। ਉਸਦੇ ਚਹਿਰੇ ਤੋਂ ਇੰਝ ਲਗਦਾ ਸੀ ਜਿਵੇ ਉਹ ਨਰਾਜ਼ ਹੋ ਗਈ ਹੋਵੇ। ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਕੁਝ ਜਮਾਤਾਂ ਪੜੀ ਹੋਣ ਦੇ ਬਾਵਜੂਦ ਅੰਧ ਵਿਸ਼ਵਾਸ ਵਿਚ ਫਸੀ ਹੋਈ। ਦੂਜੇ ਦਿਨ ਉਹ ਮੈਨੂੰ ਸਮਾਨ ਲੈ ਕੇ ਆਉਂਦੀ ਦੇਖੀ, ਅਗਲੇ ਦਿਨ ਵੀਰਵਾਰ ਦਾ ਦਿਨ ਸੀ ਕਿਵੇਂ ਨਾ ਕਿਵੇਂ ਕਰਕੇ ਉਹ ਸਮਾਨ ਉਸ ਨੇ ਉੱਥੇ ਡੇਰੇ ਤੇ ਚੜਾਉਣਾ ਸੀ। ਆਪਣੀ ਨਰਾਜ਼ਗੀ ਪ੍ਰਗਟਾਉਂਦਿਆਂ ਉਹ ਕਈ ਦਿਨ ਸਾਡੇ ਘਰ ਨਾ ਆਈ।
ਆਖਿਰ ਨੂੰ ਮੇਰੀ ਮਾਂ ਆਪਣੇ ਕੰਮਾਂ ‘ਚੋਂ ਕੁਝ ਸਮਾਂ ਕੱਢ ਕੇ ਉਸ ਦੇ ਪਤੀ ਦਾ ਹਾਲ -ਚਾਲ ਪੁੱਛਣ ਲਈ ਉਸਦੇ ਘਰ ਚਲੇ ਗਈ।ਮੈਂ ਵੀ ਮਾਂ ਦੇ ਨਾਲ ਚਲੇ ਗਈ। ਉਸ ਨੇ ਸਾਨੂੰ ਬੈਠਣ ਲਈ ਕਿਹਾ, ਚਾਹ ਬਨਾਉਣ ਲਈ ਉਸਨੇ ਆਪਣੀ ਕੁੜੀ ਨੂੰ ਆਵਾਜ਼ ਮਾਰੀ ਤਾਂ ਮਾਂ ਕਹਿਣ ਲਗੀ, ਚਾਹ ਨੂੰ ਛੱਡ ਇਹ ਦੱਸ ਅਜਮੇਰ ਦੀ ਹਾਲਤ ਹੁਣ ਕਿਹੋ ਜਿਹੀ ਹੈ। ਫਰਕ ਹੈ? ..ਉਸ ਨੇ ਆਪਣੇ ਦੁੱਖੀ ਮਨ ਨਾਲ ਦੱਸਿਆ ਕਿ ਚਾਚੀ ਜੀ ਤੁਸੀਂ ਠੀਕ ਹੀ ਕਹਿੰਦੇ ਸੀ ਕਿ ਵਹਿਮਾਂ ਭਰਮਾਂ ਵਿਚ ਕੁਝ ਨਹੀਂ ਰੱਖਿਆ । ਉਹ ਆਪਣੀ ਸੱਸ ਨੂੰ ਬੋਲਦੀ ਹੋਈ ਕਹਿਣ ਲੱਗੀ ਜੇ ਮੈਂ ਆਪਣੀ ਸੱਸ ਦੀਆਂ ਗੱਲਾਂ ਵਿਚ ਨਾ ਆਉਂਦੀ ਤਾਂ ਅੱਜ ਇਹਨਾਂ (ਪਤੀ) ਨੇ ਠੀਕ ਵੀ ਹੋ ਜਾਣਾ ਸੀ। ਉਸ ਦੇ ਪਤੀ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਕੋਈ ਚਾਰਾ ਨਾ ਦੇਖਦੇ ਹੋਏ ਸ਼ਹਿਰ ਦੇ ਵੱਡੇ ਡਾਕਟਰ ਕੋਲ ਜਾਣਾ ਹੀ ਠੀਕ ਸਮਝਿਆ ।
ਟੈਸਟ ਕਰਵਾਉਂਣ ਤੇ ਪਤਾ ਲਗਿਆ ਕਿ ਉਸਦੇ ਬਲੈਡ ਸੈੱਲਾਂ ਦੀ ਕਮੀ ਹੈ। ਜਿਸ ਕਾਰਨ ਇਸਦੀ ਹਾਲਤ ਇਹੋ ਜਿਹੀ ਹੋਈ ਪਈ ਹੈ। ਡਾਕਟਰ ਦੇ ਕਹੇ ਮੁਤਾਬਿਕ ਦਵਾਈ ਦਿੱਤੀ ਤੇ ਹੁਣ ਪਹਿਲਾਂ ਨਾਲੋਂ ਕਾਫੀ ਠੀਕ ਹੈ। ਉਹ ਦੱਸ ਰਹੀ ਸੀ ਕਿ ਜਾਦੂ -ਟੂਣਿਆਂ ਦਾ ਖਰਚ ਦਵਾਈਆਂ ਨਾਲੋਂ ਕੁਝ ਜ਼ਿਆਦਾ ਹੈ। ਅਜਿਹੇ ਵਹਿਮਾਂ ਭਰਮਾਂ ਵਿਚ ਫਸਣਾ ਅਚੰਬੇ ਵਾਲੀ ਗੱਲ ਸੀ। ਹੁਣ ਜਦੋ ਵੀ ਕਦੇ ਘਰ ਵਿਚ ਕੋਈ ਬਿਮਾਰ ਹੁੰਦਾ ਹੋਵੇ ਸਭ ਤੋਂ ਪਹਿਲਾਂ ਡਾਕਟਰ ਨੂੰ ਦਿਖਾ ਕੇ ਸਹੀ ਇਲਾਜ ਕਰਵਾਉਂਗੀ। ਮੈਂ ਆਪਣੀ ਮਾਂ ਵੱਲ ਦੇਖਦੀ ਹੋਈ ਉਹਨਾਂ ਤੇ ਮਾਣ ਮਹਿਸੂਸ ਕਰ ਰਹੀ ਸੀ ਕੁਝ ਜਮਾਤਾਂ ਪੜੇ -ਲਿਖੇ ਹੋਣ ਦੇ ਬਾਵਜੂਦ ਕਿੰਨੇ ਜਾਗਰੂਕ ਹਨ।
ਉਹਨਾਂ ਸਦਕਾ ਹੀ ਅਸੀਂ ਇਹਨਾਂ ਵਹਿਮਾਂ -ਭਰਮਾਂ ਤੋਂ ਦੂਰ ਹਾਂ । ਕਿਸੇ ਵੀ ਤਰਾਂ ਦੀ ਬਿਮਾਰੀ ਹੋਣ ਉਪਰੰਤ ਡਾਕਟਰ ਨੂੰ ਦਿਖਾਉਣਾ ਹੀ ਅਸਲੀ ਇਲਾਜ ਹੈ ਕਿਉਂਕਿ ਵਹਿਮ -ਭਰਮ ਸਾਡੇ ਮਨ ਦਾ ਵਹਿਮ ਹੁੰਦੇ ਹਨ। ੲਿਹ ਸਿਰਫ ਆਮ ਲੋਕਾਂ ਦੀ ਲੁੱਟ -ਖਸੁੱਟ ਦਾ ਕਾਰਨ ਬਣੇ ਹੋਏ ਹਨ। ਬਾਬਿਆਂ ਦੇ ਚੱਕਰਾਂ ਤੋਂ ਬਚਣ ਲਈ ਥੋੜਾ ਜਿਹਾ ਦਿਮਾਗ ਵਰਤ ਕੇ ਉਸ ਸਮੱਸਿਆ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ।
ਪ੍ਰਦੀਪ ਕੌਰ ਅਡੋਲ, ਰਾਜਪੁਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly