ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਸਮਾਜ ਸੇਵਾ ਵਿੱਚ ਪਾ ਰਿਹਾ ਬਣਦਾ ਯੋਗਦਾਨ – ਵਰਿੰਦਰ ਬਿੱਟਾ ਬੰਗੜ
ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿੰਦਿਆਂ ਡੇਰਾ ਸੱਚਖੰਡ ਬੱਲਾਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਨੂੰ ਨਤਮਸਤਕ ਹੁੰਦਿਆਂ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵਲੋਂ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਅਗਵਾਈ ਹੇਠ ਕਰਵਾਏ ਗਏ ਸਰੀ ਕਨੇਡਾ ਵਿਖੇ ਸਮਾਗਮ ਵਿੱਚ ਸੰਗਤਾਂ ਨੇ ਹੁੰਮਹੁੰਮਾ ਕੇ ਸ਼ਿਰਕਤ ਕੀਤੀ ਅਤੇ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸੰਕਲਪ ਲਿਆ। ਇਸ ਮੌਕੇ ਪਹਿਲਾਂ ਸ੍ਰੀ ਅੰਮ੍ਰਿਤਬਾਣੀ ਦੇ ਪਾਵਨ ਪਵਿੱਤਰ ਜਾਪ ਕੀਤੇ ਗਏ, ਉਪਰੰਤ ਭੋਗ ਪਾਏ ਗਏ। ਇਸ ਉਪਰੰਤ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਦੇ ਮੁੱਖ ਬੁਲਾਰੇ ਸ਼੍ਰੀਮਾਨ ਵਰਿੰਦਰ ਬੰਗੜ ਬਿੱਟਾ ਨੇ ਸੰਗਤ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਨਵੇਂ ਵਰ੍ਹੇ ਤੇ ਸਾਨੂੰ ਨਵੇਂ ਸੰਕਲਪ ਲੈ ਕੇ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਿਸ਼ਨ, ਮਹਾਨ ਬਾਣੀ, ਉਹਨਾਂ ਦੇ ਕੀਤੇ ਹੋਏ ਸਮਾਜ ਸੁਧਾਰਕ ਕਾਰਜਾਂ ਨੂੰ ਅੱਗੇ ਤੋਰਨ ਵਿੱਚ ਜਿੱਥੇ ਡੇਰਾ ਸੱਚਖੰਡ ਬੱਲਾਂ ਅੱਜ ਦੇ ਸਮੇਂ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ, ਉਥੇ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵੀ ਆਪਣਾ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾ ਰਿਹਾ ਹੈ ਅਤੇ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਹਮੇਸ਼ਾ ਉਹਨਾਂ ਦੀ ਟੀਮ ਯਤਨਸ਼ੀਲ ਰਹਿੰਦੀ ਹੈ। ਇਸ ਤੋਂ ਬਾਅਦ ਵੱਖ ਵੱਖ ਮਿਸ਼ਨਰੀ ਗਾਇਕਾਂ ਵੱਲੋਂ ਜਿਨ੍ਹਾਂ ਵਿੱਚ ਪੰਮਾ ਸੁੰਨੜ, ਰਿੰਪੀ ਗਰੇਵਾਲ, ਸ਼ਾਮ ਪੰਡੋਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਭਰੀ । ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਅਤੇ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਆਈਆਂ ਸੰਗਤਾਂ ਨੂੰ ਗੁਰੂ ਦਾ ਬਖਸ਼ਿਆ ਹੋਇਆ ਲੰਗਰ ਪ੍ਰਸ਼ਾਦਾ ਛਕਾਇਆ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj